ਵੱਡੀ ਲਾਪਰਵਾਹੀ, 'ਕੋਰੋਨਾ' ਮਰੀਜ਼ ਦੀ ਬਜਾਏ ਕਿਸੇ ਹੋਰ ਮਹਿਲਾ ਨੂੰ ਹਸਪਤਾਲ ਲੈ ਕੇ ਪੁੱਜੀ ਟੀਮ

05/03/2020 1:36:49 PM

ਜਲੰਧਰ (ਚੋਪੜਾ)— ਗੋਲਡਨ ਐਵੀਨਿਊ 'ਚ ਬੀਤੀ ਸ਼ਾਮ ਸਾਈਰਨ ਵਜਾਉਂਦੀ ਹੋਈ ਐਂਬੂਲੈਂਸ ਆਈ ਅਤੇ ਇਕ ਘਰ 'ਚੋਂ ਨਿਗਮ ਦੀ ਸਫਾਈ ਸੇਵਕ ਰਣਜੀਤ ਕੌਰ ਨੂੰ ਕੋਰੋਨਾ ਪਾਜ਼ੇਟਿਵ ਦਸ ਕੇ ਸਿਵਲ ਹਸਪਤਾਲ ਲੈ ਜਾਂਦੀ ਹੈ ਪਰ 2 ਘੰਟਿਆਂ ਬਾਅਦ ਸਿਹਤ ਵਿਭਾਗ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਉਹ ਫਿਲੌਰ ਦੀ ਪਾਜ਼ੇਟਿਵ ਮਰੀਜ਼ ਰਣਜੀਤ ਕੌਰ ਦੀ ਥਾਂ ਗੋਲਡਨ ਐਵੀਨਿਊ ਦੀ ਰਣਜੀਤ ਕੌਰ ਨੂੰ ਹਸਪਤਾਲ ਲੈ ਕੇ ਆਏ ਹਨ, ਜਿਸ ਦੀ ਬੀਤੇ ਦਿਨੀਂ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਦੱਸੀ ਗਈ ਸੀ। ਇਸ ਤੋਂ ਬਾਅਦ ਜਲਦਬਾਜ਼ੀ 'ਚ ਸਿਹਤ ਵਿਭਾਗ ਨੇ ਉਕਤ ਰਣਜੀਤ ਕੌਰ ਨੂੰ ਐਂਬੂਲੈਂਸ 'ਚ ਬਿਠਾ ਕੇ ਦੇਰ ਸ਼ਾਮ ਉਸ ਦੇ ਘਰ ਛੱਡ ਦਿੱਤਾ।

ਇਸ ਦੌਰਾਨ, ਗੋਲਡਨ ਐਵੇਨਿਊ ਦੇ ਵਸਨੀਕਾਂ 'ਚ ਡਰ ਦਾ ਮਾਹੌਲ ਸੀ। ਵੱਡੀ ਗਿਣਤੀ ਵਿਚ ਪੁਲਸ ਟੀਮ ਨੇ ਐਂਬੁਲੈਂਸ ਨਾਲ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ, ਜਿਸ ਕਾਰਨ ਲੋਕ ਬੁਰੀ ਸਹਿਮੇ ਇਹ ਸੋਚ ਰਹੇ ਸਨ ਕਿ ਉਨ੍ਹਾਂ ਦੀ ਕਾਲੋਨੀ ਵਿਚ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਪਰ ਜਿਵੇਂ ਹੀ ਐਂਬੂਲੈਂਸ ਰਣਜੀਤ ਕੌਰ ਨੂੰ ਵਾਪਸ ਲੈ ਕੇ ਆਈ ਤਾਂ ਲੋਕਾਂ ਦੀ ਜਾਨ ਵਿਚ ਜਾਨ ਆਈ ਪਰ ਸਿਹਤ ਵਿਭਾਗ ਦੀ ਏਨੀ ਵੱਡੀ ਲਾਪ੍ਰਵਾਹੀ ਕਿ ਉਹ ਫਿਲੌਰ ਅਤੇ ਜਲੰਧਰ ਦੇ ਮਰੀਜ਼ ਵਿਚ ਫਰਕ ਤੋਂ ਪੂਰੀ ਤਰ੍ਹਾਂ ਅਣਜਾਣ ਸਨ । ਸਿਹਤ ਵਿਭਾਗ ਦੀ ਲਾਪਰਵਾਹੀ ਕਾਰਨ ਰੋਂਦੀ ਹੋਈ ਘਬਰਾਹਟ 'ਚ ਆਈ ਰਣਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਨਗਰ ਨਿਗਮ ਦੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਹੋਇਆ ਸੀ। ਬੀਤੀ ਸ਼ਾਮ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਸ ਨੂੰ ਬੁਲਾਇਆ ਅਤੇ ਦੱਸਿਆ ਕਿ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅਸੀਂ ਤੁਹਾਨੂੰ ਲੈਣ ਲਈ ਆ ਰਹੇ ਹਾਂ, ਇਸ ਲਈ ਘਰੋਂ ਬਾਹਰ ਨਾ ਨਿਕਲੋ। ਉਸ ਨੇ ਦੱਸਿਆ ਕਿ ਫੋਨ ਸੁਣਦਿਆਂ ਹੀ ਉਹ, ਉਸ ਦੇ ਪਤੀ ਨਿਰਮਲ ਸਿੰਘ ਅਤੇ ਧੀ ਦੇ ਹੱਥ-ਪੈਰ ਫੁਲ ਗਏ। ਉਹ ਲੋਕ ਇੰਨੇ ਡਰੇ ਹੋਏ ਸਨ ਕਿ ਕਿਸੇ ਨੇ ਉਨ੍ਹਾਂ 'ਤੇ ਪਹਾੜ ਹੀ ਸੁੱਟ ਦਿੱਤਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਐਂਬੂਲਸ 'ਚ ਪਹਿਲਾਂ ਰਾਮਾਮੰਡੀ ਖੇਤਰ ਵਿਚ ਲਿਜਾਇਆ ਗਿਆ ਜਿਥੋਂ ਸਿਹਤ ਵਿਭਾਗ ਨੇ ਉਸ ਦੇ ਨਾਲ ਕੋਰੋਨਾ ਪਾਜ਼ੇਟਿਵ 3 ਮਰੀਜ਼ਾਂ ਨੂੰ ਨਾਲ ਬਿਠਾਇਆ।

ਇਹ ਵੀ ਪੜ੍ਹੋ: ਰੰਗ 'ਚ ਪਿਆ ਭੰਗ, ਪਾਬੰਦੀ ਦੌਰਾਨ ਹੋਟਲ 'ਚ ਵਿਆਹ ਦਾ ਜਸ਼ਨ ਮਨਾਉਣ ਵਾਲਿਆਂ ਦੀ ਆਈ ਸ਼ਾਮਤ

ਇਸ ਤੋਂ ਬਾਅਦ ਉਹ ਹਸਪਤਾਲ ਪਹੁੰਚ ਗਏ। ਉਥੇ ਪਹਿਲਾਂ ਉਸ ਨੂੰ ਇਕ ਕਮਰੇ 'ਚ ਇਕੱਲਾ ਬੈਠਣਾ ਪਿਆ। ਤਕਰੀਬਨ 1 ਘੰਟੇ ਬਾਅਦ ਉਸਨੂੰ ਫੋਨ ਕਰਕੇ ਪੁੱਛਿਆ ਗਿਆ ਕਿ ਉਹ ਕਿੱਥੇ ਹੈ, ਜਿਸ ਤੋਂ ਬਾਅਦ ਉਸ ਨੂੰ 10 ਦੇ ਕਰੀਬ ਡਾਕਟਰਾਂ ਅਤੇ ਮੈਡੀਕਲ ਸਟਾਫ ਦੇ ਸਾਹਮਣੇ ਲਿਆਂਦਾ ਗਿਆ। ਉਥੇ ਉਸ ਨੂੰ ਪੁੱਛਗਿੱਛ ਕਰ ਕੇ ਦਸਿਆ ਗਿਆ ਕਿ ਤੁਹਾਡੀ ਰਿਪੋਰਟ ਨੈਗੇਟਿਵ ਹੈ, ਇਸ ਲਈ ਤੁਹਾਨੂੰ ਐਂਬੂਲੈਂਸ ਘਰ ਛੱਡ ਆਵੇਗੀ। ਤੁਸੀਂ ਆਪਣੇ ਘਰ 'ਚ 14 ਦਿਨ ਤੱਕ ਕੁਆਰੰਟਾਈਨ ਰਹੋ। ਇਸ ਤੋਂ ਬਾਅਦ ਉਸ ਨੂੰ ਵਾਪਸ ਛੱਡਣ ਤੋਂ ਬਾਅਦ ਘਰ ਦੇ ਬਾਹਰ ਕੁਆਰੰਟਾਈਨ ਦਾ ਸਟੀਕਰ ਲਗਾ ਦਿੱਤਾ ਗਿਆ।

ਰਣਜੀਤ ਨੇ ਦੱਸਿਆ ਕਿ ਉਹ ਅਤੇ ਉਸਦੇ ਪਤੀ ਪਿਛਲੇ ਕਈ ਸਾਲਾਂ ਤੋਂ ਇਸ ਕਾਲੋਨੀ ਵਿਚ ਸਫਾਈ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਰੋਜ਼ਾਨਾ ਕਈ ਸੜਕਾਂ 'ਤੇ ਸਫਾਈ ਕਰਨੀ ਹੁੰਦੀ ਹੈ, ਜਿਸ ਕਾਰਨ ਕਈ ਘਰਾਂ ਵਿਚ ਰਹਿੰਦੇ ਲੋਕ ਉਨ੍ਹਾਂ ਨੂੰ ਲਗਾਤਾਰ ਮਿਲਦੇ ਰਹਿੰਦੇ ਹਨ ਪਰ ਕੱਲ੍ਹ ਤੋਂ ਹਰ ਕੋਈ ਉਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਿਹਾ ਹੈ। ਸਿਹਤ ਵਿਭਾਗ ਦੀ ਗਲਤੀ ਕਾਰਨ ਉਨ੍ਹਾਂ ਦਾ ਪਰਿਵਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਹੁਣ ਮੈਨੂੰ ਨਹੀਂ ਪਤਾ ਕਿ ਸਿਹਤ ਵਿਭਾਗ ਦੀ ਗਲਤੀ ਦਾ ਖਮਿਆਜ਼ਾ ਕਿੰਨਾ ਕੁ ਸਮਾਂ ਝੱਲਣ ਲਈ ਮਜਬੂਰ ਹੋਣਾ ਪਵੇਗਾ।

ਪ੍ਰਸ਼ਾਸਨ ਦੀ ਨਾਲਾਇਕੀ ਨਾਲ ਲੋਕਾਂ ਵਿਚ ਦਹਿਸ਼ਤ : ਔਜਲਾ
ਗੋਲਡਨ ਐਵੀਨਿਊ ਫੇਸ-2 ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੌਦਾਗਰ ਸਿੰਘ ਔਜਲਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਸਦਾਕ ਕਲੋਨੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਜੋ ਅਨਪੜ੍ਹ ਹੈ ਪਰ ਉਸਦੇ ਪਰਿਵਾਰ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਰੋਨਾ ਵਾਇਰਸ ਨਾਲ ਨਜਿੱਠਣ ਵਿਚ ਕਿੰਨੀ ਲਾਪਰਵਾਹੀ ਵਰਤ ਰਿਹਾ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੋਂ ਮੰਗ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਸਿਹਤ ਵਿਭਾਗ ਦੇ ਜਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰ ਸਕੇ। ਇਸ ਮੌਕੇ ਬਲਵਿੰਦਰ ਸਿੰਘ ਸੈਣੀ, ਤਰਲੋਕ ਸਿੰਘ ਮਾਂਗਟ, ਕਪੂਰ ਅਤੇ ਹੋਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ: ਵਿਗੜੇ ਨੌਜਵਾਨ ਦੀ ਘਟੀਆ ਕਰਤੂਤ, ਨਾਕੇ ਦੌਰਾਨ ਏ.ਐੱਸ.ਆਈ. ''ਤੇ ਚੜ੍ਹਾਈ ਕਾਰ (ਵੀਡੀਓ)

ਮਿਲਦੇ-ਜੁਲਦੇ ਪਤੇ ਨਾਲ ਔਰਤ ਨੂੰ ਲੈਣ ਪਹੁੰਚੀ ਸੀ ਸਿਹਤ ਵਿਭਾਗ ਦੀ ਟੀਮ
ਸਿਹਤ ਵਿਭਾਗ ਦੀ ਐਂਬੂਲੈਂਸ ਗੋਲਡ ਐਵੀਨਿਊ ਫੇਜ਼-2 ਦੀ ਉਸ ਕੋਠੀ ਜਿਥੇ ਰਣਜੀਤ ਕੌਰ ਕਿਰਾਏ 'ਤੇ ਪਰਿਵਾਰ ਨਾਲ ਰਹਿੰਦੀ ਹੈ ਦੀ ਬਜਾਏ ਅਰਬਨ ਅਸਟੇਟ ਫੇਜ਼ -2 ਦੀ ਉਕਤ ਨੰਬਰ ਵਾਲੀ ਕੋਠੀ ਵਿਚ ਪਹੁੰਚ ਗਈ। ਕੋਠੀ ਵਿਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੋਈ ਕੋਰੋਨਾ ਟੈਸਟ ਨਹੀਂ ਕਰਵਾਇਆ ਹੈ, ਜਿਸ ਤੋਂ ਬਾਅਦ ਐਡਰੈੱਸ ਚੈਕ ਕਰਵਾਇਆ ਤਾਂ ਸਿਹਤ ਵਿਭਾਗ ਨੂੰ ਦੋਵਾਂ ਵਿਚ ਅੰਤਰ ਦਾ ਪਤਾ ਲੱਗਾ ਅਤੇ ਉਹ ਵਾਪਸ ਰਣਜੀਤ ਕੌਰ ਦੇ ਘਰ ਪਹੁੰਚੇ।

ਬੀਤੇ ਦਿਨੀਂ ਪਾਜ਼ੇਟਿਵ ਮਰੀਜ਼ਾਂ ਨੂੰ ਵੀ ਗਲਤੀ ਨਾਲ ਛੁੱਟੀ ਦੇ ਕੇ ਘਰ ਭੇਜਿਆ ਸੀ
ਜਲੰਧਰ ਦੇ ਸਿਹਤ ਵਿਭਾਗ ਦੀ ਲਾਪਰਵਾਹੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਵਿਭਾਗ ਨੇ ਕੁਝ ਦਿਨ ਪਹਿਲਾਂ ਸਿਵਲ ਹਸਪਤਾਲ ਵਿਚ ਦਾਖਲ 2 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਦੱਸ ਕੇ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਸੀ ਪਰ 4 ਘੰਟਿਆਂ ਬਾਅਦ ਵਿਭਾਗ ਨੇ ਦੋਵਾਂ ਨੌਜਵਾਨਾਂ ਨੂੰ ਦਸਿਆ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਨਹੀਂ ਪਾਜ਼ੇਟਿਵ ਆਈ ਹੈ। ਵਿਭਾਗ ਨੂੰ ਗ਼ਲਤੀ ਲੱਗੀ ਹੈ, ਜਿਸ ਕਾਰਨ ਉਹ ਤੁਰੰਤ ਹਸਪਤਾਲ ਵਾਪਸ ਆ ਜਾਣ। ਇਸ ਘਟਨਾ ਨਾਲ ਪੀੜਤ ਨੌਜਵਾਨ ਅਤੇ ਇਲਾਕੇ ਦੇ ਵਸਨੀਕ ਅਜੇ ਵੀ ਸਦਮੇ ਵਿਚ ਹਨ, ਜੋ ਕੋਰੋਨਾ ਵਾਇਰਸ ਨਾਲ ਲੜਾਈ ਜਿੱਤਣ ਤੋਂ ਬਾਅਦ ਵਾਪਸੀ 'ਤੇ ਉਨ੍ਹਾਂ ਦਾ ਸਵਾਗਤ ਕਰਨ ਵਿਚ ਲੱਗੇ ਹੋਏ ਸਨ।

shivani attri

This news is Content Editor shivani attri