ਸਿਟੀ ਸਟੇਸ਼ਨ ਤੋਂ ਵਿੱਦਿਅਕ ਸੰਸਥਾਵਾਂ ਦੇ 981 ਵਿਦਿਆਰਥੀ ਆਂਧਰਾ ਪ੍ਰਦੇਸ਼ ਲਈ ਰਵਾਨਾ

05/14/2020 5:32:47 PM

ਜਲੰਧਰ (ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ ਤੋਂ ਪ੍ਰਵਾਸੀ ਲੋਕਾਂ ਲਈ ਚਲਾਈਆਂ ਜਾ ਰਹੀਆਂ ਵਿਸ਼ੇਸ਼ ਰੇਲ ਗੱਡੀਆਂ ਦੌਰਾਨ ਵੱਖ-ਵੱਖ ਸ਼ਹਿਰਾਂ 'ਚ ਸਥਿਤ ਐੱਲ. ਪੀ. ਯੂ ਤੋਂ ਇਲਾਵਾ ਹੋਰ ਵਿਦਿਅਕ ਸੰਸਥਾਵਾਂ 'ਚ ਫਸੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੇ ਸੂਬੇ ਆਂਧਰਾ ਪ੍ਰਦੇਸ਼ ਪਹੁੰਚਾਉਣ ਲਈ ਇਕ ਸਪੈਸ਼ਲ ਰੇਲ ਚਲਾਈ ਗਈ। ਜੋ ਕਿ ਬੁੱਧਵਾਰ ਸ਼ਾਮ 5 ਵਜੇ ਸਿਟੀ ਸਟੇਸ਼ਨ ਤੋਂ ਰਵਾਨਾ ਹੋਈ। ਇਸ ਦੇ ਲਈ ਜ਼ਿਲਾ ਪ੍ਰਸ਼ਾਸਨ ਨੇ ਰੇਲਵੇ ਤੋਂ ਵਿਜੇਵਾੜਾ ਸਟੇਸ਼ਨ ਲਈ 1200 ਰੇਲ ਟਿਕਟਾਂ ਬਣਵਾਈਆਂ। ਦੁਪਿਹਰ ਲਗਭਗ 1 ਵਜੇ ਸਟੇਸ਼ਨ 'ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.), ਚੰਡੀਗੜ੍ਹ ਯੂਨੀਵਰਸਿਟੀ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਸੰਗਰੂਰ, ਨੰਗਲ, ਰੋਪੜ, ਸ਼ਾਹਕੋਟ, ਮਾਲੇਰਕੋਟਲਾ ਸਥਿਤ ਵਿਦਿਅਕ ਸੰਸਥਾਵਾਂ ਦੀਆਂ ਬੱਸਾਂ ਵਿਚ ਵਿਦਿਆਰਥੀ ਪਹੁੰਚਣੇ ਸ਼ੁਰੂ ਹੋ ਗਏ । ਇਨ੍ਹਾਂ ਵਿਚੋਂ 739 ਵਿਦਿਆਰਥੀ ਸਿਰਫ ਐੱਲ. ਪੀ. ਯੂ. ਨਾਲ ਸਬੰਧਤ ਸਨ । ਰੇਲ ਗੱਡੀ ਚੱਲਣ ਦਾ ਸਮਾਂ ਸ਼ਾਮ 5 ਵਜੇ ਸੀ ਪਰ ਉਸ ਸਮੇਂ ਸਿਰਫ 981 ਵਿਦਿਆਰਥੀ ਹੀ ਪਹੁੰਚ ਸਕੇ । ਜਾਣਕਾਰੀ ਅਨੁਸਾਰ ਕੁਝ ਵਿਦਿਆਰਥੀ ਫਰੀਦਕੋਟ ਯੂਨੀਵਰਸਿਟੀ ਤੋਂ ਆਉਣੇ ਸਨ ਪਰ ਉਹ ਸਮੇਂ ਸਿਰ ਨਹੀਂ ਪਹੁੰਚ ਸਕੇ, ਜਿਸ ਕਾਰਨ 219 ਟਿਕਟਾਂ ਬਚ ਗਈਆਂ ਅਤੇ ਰੇਲ ਗੱਡੀ ਨੂੰ ਮਿਥੇ ਸਮੇਂ 'ਤੇ ਰਵਾਨਾ ਕਰ ਦਿੱਤਾ ਗਿਆ। ਦੂਜੇ ਪਾਸੇ ਰੇਲਵੇ ਨਿਯਮਾਂ ਅਨੁਸਾਰ, ਰੇਲ ਟਿਕਟ ਬਣਨ ਤੋਂ 3 ਘੰਟੇ ਬਾਅਦ ਰਿਫੰਡ ਨਹੀਂ ਲਿਆ ਜਾ ਸਕਦਾ । ਪੇਸ਼ਗੀ ਭੁਗਤਾਨ (ਡਰਾਫਟ) ਲੈ ਕੇ ਰੇਲਵੇ ਪ੍ਰਸ਼ਾਸਨ ਨੂੰ ਟਿਕਟਾਂ ਸੌਂਪੀਆਂ ਜਾਂਦੀਆਂ ਹਨ । ਇਸ ਲਈ ਪ੍ਰਸ਼ਾਸਨ ਬਾਕੀ ਟਿਕਟਾਂ ਦਾ ਰਿਫੰਡ ਪ੍ਰਾਪਤ ਨਹੀਂ ਕਰ ਸਕੇਗਾ।

ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਉਡਾਈਆਂ ਨਿਯਮਾਂ ਦੀਆਂ ਧੱਜੀਆਂ
ਸਿਟੀ ਰੇਲਵੇ ਸਟੇਸ਼ਨ ਤੋਂ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਜਾਣ ਵਾਲੇ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਕੋਰੋਨਾ ਦਾ ਕੋਈ ਡਰ ਨਹੀਂ ਸੀ। ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਸਾਰਿਆਂ ਨੇ ਸਮਾਜਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ । ਸਾਰੇ ਇਕ-ਦੂਜੇ ਨਾਲ ਮਿਲ ਕੇ ਬੈਠੇ ਹੋਏ ਸਨ । ਖਾਣੇ ਸਮੇਂ ਵੀ ਸਾਰੇ ਟੋਲੀਆਂ ਬਣਾ ਕੇ ਬੈਠੇ ਨਜ਼ਰ ਆਏ । ਉਨ੍ਹਾਂ ਵਿਚੋਂ ਬਹੁਤਿਆਂ ਕੋਲ ਮਾਸਕ ਵੀ ਨਹੀਂ ਸੀ ।

ਜਦੋਂ ਆਰ. ਪੀ. ਐੱਫ. ਦੇ ਇੰਸਪੈਕਟਰ ਨੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਚ ਪਾਈ ਝਾੜ
ਰੇਲਵੇ ਪੁਲਸ ਬਾਰ-ਬਾਰ ਸਮਾਜਕ ਦੂਰੀ ਅਪਣਾਉਣ ਲਈ ਅਨਾਊਂਸਮੈਂਟ ਕਰਦੀ ਰਹੀ ਪਰ ਵਿਦਿਆਰਥੀਆਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ । ਫਿਰ ਪ੍ਰਸ਼ਾਸਨ ਨੇ ਮਾਈਕ 'ਤੇ ਕਿਸੇ ਹੋਰ ਸੂਬੇ ਦੇ ਵਿਦਿਆਰਥੀ ਨੂੰ ਬੁਲਾਇਆ ਅਤੇ ਉਸ ਨੂੰ ਆਪਣੀ ਭਾਸ਼ਾ ਵਿਚ ਸਮਝਾਉਣ ਲਈ ਕਿਹਾ ਪਰ ਉਹ ਫਿਰ ਵੀ ਨਹੀਂ ਮੰਨੇ । ਇਸ ਤੋਂ ਬਾਅਦ ਆਰ.ਪੀ.ਐੱਫ. ਦੇ ਇੰਸਪੈਕਟਰ ਹਰਵਿੰਦਰ ਸਿੰਘ ਨੇ ਮਾਈਕ ਫੜ ਲਿਆ ਅਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਸਖਤ ਝਾੜ ਪਾਈ ।ਜਿਸ ਤੋਂ ਬਾਅਦ ਸਾਰੇ ਵਿਦਿਆਰਥੀ ਇਕ-ਦੂਜੇ ਤੋਂ ਦੂਰੀ ਬਣਾਉਣ ਲੱਗੇ । ਉਥੇ ਮੌਜੂਦ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਤੋਂ ਚੰਗੇ ਮਜ਼ਦੂਰ ਹਨ, ਜਿਨ੍ਹਾ ਨੂੰ ਜਿੱਥੇ ਕਿਹਾ ਉਥੇ ਹੀ ਬੈਠੇ ਰਹੇ।

ਬੁੱਧਵਾਰ ਨੂੰ 1 ਵਿਦਿਆਰਥੀ ਅਤੇ 4 ਮਜ਼ਦੂਰ ਵਿਸ਼ੇਸ਼ ਰੇਲ ਗੱਡੀਆਂ ਚੱਲੀਆਂ
ਸਿਟੀ ਰੇਲਵੇ ਸਟੇਸ਼ਨ ਤੋਂ ਬੁੱਧਵਾਰ ਨੂੰ 5 ਵਿਸ਼ੇਸ਼ ਰੇਲ ਗੱਡੀਆਂ ਰਵਾਨਾ ਹੋਈਆਂ, ਜਿਨ੍ਹਾਂ ਵਿਚ ਸੀਤਾਪੁਰ ਜੰਕਸ਼ਨ ਸਵੇਰੇ 10 ਵਜੇ, ਦੁਪਹਿਰ 2 ਵਜੇ ਰਾਏਬਰੇਲੀ, ਸ਼ਾਮ 5 ਵਜੇ ਵਿਜੈਵਾੜਾ, ਸ਼ਾਮ 7.30 ਵਜੇ ਗਯਾ ਅਤੇ ਰਾਤ 11 ਵਜੇ ਪ੍ਰਤਾਪਗੜ੍ਹ ਲਈ ਵਿਸ਼ੇਸ਼ ਰੇਲ ਗੱਡੀਆਂ ਰਵਾਨਾ ਹੋਈਆਂ । ਇਨ੍ਹਾਂ ਵਿਚੋਂ ਵਿਦਿਆਰਥੀਆਂ ਲਈ ਸਿਰਫ ਇਕ ਰੇਲ ਗੱਡੀ ਚਲਾਈ ਗਈ ਸੀ ਅਤੇ ਬਾਕੀ ਚਾਰ ਰੇਲ ਗੱਡੀਆਂ ਮਜ਼ਦੂਰਾਂ ਲਈ ਚਲਾਈਆਂ ਗਈਆਂ ਸਨ। ਇਨ੍ਹਾਂ ਸਾਰੀਆਂ ਰੇਲ ਗੱਡੀਆਂ ਵਿਚ ਕੁੱਲ 6181 ਯਾਤਰੀ ਰਵਾਨਾ ਹੋਏ। ਇਸ ਦੌਰਾਨ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਰੇਲਵੇ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਕਾਫੀ ਸ਼ਲਾਘਾ ਕੀਤੀ ।ਡਵੀਜ਼ਨਲ ਜਨਰਲ ਮੈਨੇਜਰ ਰਾਜੇਸ਼ ਅਗਰਵਾਲ ਨੇ ਜਲੰਧਰ ਅਤੇ ਲੁਧਿਆਣਾ ਸਟੇਸ਼ਨਾਂ 'ਤੇ ਲੇਬਰ ਸਪੈਸ਼ਲ ਰੇਲ ਗੱਡੀਆਂ ਦੇ ਕੰਮ ਵਿਚ ਲੱਗੀ ਹਰੇਕ ਟੀਮ ਨੂੰ 5-5 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ।

ਸ਼ਾਮ 7.30 ਵਜੇ ਰਵਾਨਾ ਹੋਈ ਰੇਲ ਵਿਚ ਗਏ 1600 ਪ੍ਰਵਾਸੀ ਲੋਕ
ਲਗਭਗ 1600 ਪ੍ਰਵਾਸੀ ਲੋਕ ਬਿਹਾਰ ਦੇ ਗਯਾ ਜ਼ਿਲੇ ਲਈ ਸ਼ਾਮ 7:30 ਵਜੇ ਸਿਟੀ ਸਟੇਸ਼ਨ ਤੋਂ ਰਵਾਨਾ ਹੋਏ, ਜਦਕਿ ਬਾਕੀ ਤਿੰਨ ਰੇਲ ਗੱਡੀਆਂ ਵਿਚ 1200-1200 ਅਤੇ ਵਿਦਿਆਰਥੀ ਵਿਸ਼ੇਸ਼ ਰੇਲ ਗੱਡੀ ਵਿਚ 981 ਯਾਤਰੀ ਰਵਾਨਾ ਹੋਏ। ਸਮਾਜਕ ਦੂਰੀ ਕਾਰਨ ਰੇਲ ਗੱਡੀਆਂ ਵਿਚ ਸਵਾਰ ਯਾਤਰੀਆਂ ਦੀ ਗਿਣਤੀ ਘੱਟ ਸੀ ਪਰ ਬੁੱਧਵਾਰ ਸ਼ਾਮ ਨੂੰ 1600 ਪ੍ਰਵਾਸੀਆਂ ਨੂੰ ਬਿਹਾਰ ਵਿਖੇ ਗਯਾ ਲਈ 22 ਐੱਲ. ਐੱਚ. ਬੀ. ਕੋਚਾਂ ਵਾਲੀ ਰੇਲ ਵਿਚ ਭੇਜਿਆ ਗਿਆ । ਜ਼ਿਕਰਯੋਗ ਹੈ ਕਿ ਬਿਹਾਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ।

ਆਪਣੇ ਪਾਲਤੂ ਕੁੱਤਿਆਂ ਨੂੰ ਵੀ ਨਾਲ ਲੈ ਗਏ ਕੁਝ ਵਿਦਿਆਰਥੀ
ਆਂਧਰਾ ਪ੍ਰਦੇਸ਼ ਵਿਚ ਵਿਜੇਵਾੜਾ ਲਈ ਰਵਾਨਾ ਹੋਏ ਕੁਝ ਵਿਦਿਆਰਥੀ ਆਪਣੇ ਪਾਲਤੂ ਕੁੱਤਿਆਂ ਨੂੰ ਨਾਲ ਲੈ ਕੇ ਗਏ। ਐੱਲ. ਪੀ. ਯੂ. ਦੀ ਵਿਦਿਆਰਥਣ ਯਮੁਨਾ (ਵਾਸੀ ਤੇਲੰਗਾਨਾ) ਨੇ ਦੱਸਿਆ ਕਿ ਉਹ ਦਕੋਹਾ ਖੇਤਰ ਵਿਚ ਇਕ ਪੀ.ਜੀ. ਵਿਚ ਰਹਿੰਦੀ ਹੈ। ਲਾਕਡਾਊਨ ਕਾਰਨ ਉਹ ਆਪਣੇ ਘਰ ਜਾ ਰਹੀ ਹੈ ਅਤੇ ਆਪਣੇ ਕੁੱਤੇ ਨੂੰ ਇਥੇ ਨਹੀਂ ਛੱਡ ਸਕਦੀ । ਉਹ ਰੇਲ ਗੱਡੀ ਚੱਲਣ ਤੋਂ ਪਹਿਲਾਂ ਸਾਰਾ ਸਮਾਂ ਉਸ ਨੂੰ ਆਪਣੀ ਗੋਦ ਵਿਚ ਲੈ ਕੇ ਹੀ ਘੁੰਮਦੀ ਰਹੀ । ਇਸੇ ਤਰ੍ਹਾਂ ਇਕ ਹੋਰ ਐੱਲ. ਪੀ. ਯੂ. ਵਿਦਿਆਰਥੀ ਬਾਲਾਜੀ ਨੇ ਦੱਸਿਆ ਕਿ ਉਹ ਆਪਣੇ 3 ਮਹੀਨੇ ਦੇ ਪਾਲਤੂ ਕੁੱਤੇ ਕੀਵੀ ਨੂੰ ਆਪਣੇ ਨਾਲ ਲੈ ਕੇ ਜਾਵੇਗਾ। ਉਸ ਨੇ ਆਪਣੇ ਕੁੱਤੇ ਨੂੰ ਡਾਇਪਰ ਵੀ ਬੰਨ੍ਹਿਆ ਸੀ ਤਾਂ ਜੋ ਰਾਹ ਵਿਚ ਕੋਈ ਮੁਸ਼ਕਲ ਨਾ ਆਵੇ । ਰੇਲਵੇ ਦੇ ਨਿਯਮਾਂ ਅਨੁਸਾਰ ਕੁੱਤੇ ਨੂੰ ਆਪਣੇ ਨਾਲ ਲੈ ਜਾਣ ਲਈ ਵੱਖਰੀ ਬੁਕਿੰਗ ਕਰਾਉਣੀ ਪੈਂਦੀ ਹੈ ਪਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਅਤੇ ਰੇਲ ਗੱਡੀ ਵਿਚ ਖਾਲੀ ਸੀਟਾਂ ਹੋਣ ਕਾਰਨ ਪ੍ਰਸ਼ਾਸਨ ਨੇ ਕੁੱਤਿਆਂ ਨੂੰ ਉਨ੍ਹਾਂ ਨਾਲ ਭੇਜ ਦਿੱਤਾ ।

shivani attri

This news is Content Editor shivani attri