ਹੁਸ਼ਿਆਰਪੁਰ ਜ਼ਿਲਾ ਪ੍ਰਸ਼ਾਸਨ ਨੇ 645 ਵਿਅਕਤੀਆਂ ਨੂੰ ਝਾਰਖੰਡ ਲਈ ਕੀਤਾ ਰਵਾਨਾ

05/16/2020 5:58:51 PM

ਹੁਸ਼ਿਆਰਪੁਰ (ਘੁੰਮਣ)— ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕ ਡਾਊਨ ਕਰਕੇ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਦੇ ਚੱਲਦਿਆਂ ਬੀਤੀ ਦੇਰ ਰਾਤ ਹੁਸ਼ਿਆਰਪੁਰ ਜ਼ਿਲੇ ਤੋਂ 645 ਵਿਅਕਤੀਆਂ ਨੂੰ ਜਲੰਧਰ ਵਿਖੇ ਸਪੈਸ਼ਲ ਟਰੇਨ ਰਾਹੀਂ ਝਾਰਖੰਡ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਜ਼ਿਲਾ ਪ੍ਰਸਾਸ਼ਨ ਨੇ ਇਨ੍ਹਾਂ ਵਿਅਕਤੀਆਂ ਨੂੰ ਆਈ. ਟੀ. ਆਈ. ਹੁਸ਼ਿਆਰਪੁਰ ਤੋਂ ਮੁਫਤ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਜਲੰਧਰ ਲਈ ਰਵਾਨਾ ਕੀਤਾ ਅਤੇ ਘਰਾਂ ਨੂੰ ਵਾਪਸ ਜਾ ਰਹੇ ਵਿਅਕਤੀਆਂ ਨੇ ਲਾਕ ਡਾਊਨ ਖੁੱਲ੍ਹਣ ਤੋਂ ਬਾਅਦ ਫਿਰ ਹੁਸ਼ਿਆਰਪੁਰ ਆਉਣ ਦਾ ਵਾਅਦਾ ਕਰਕੇ ਖੁਸ਼ੀ-ਖੁਸ਼ੀ ਘਰਾਂ ਲਈ ਰਵਾਨਗੀ ਪਾਈ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਨਾਜ਼ੁਕ ਦੌਰ 'ਚ ਵੱਖ-ਵੱਖ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰਾਂ ਲਈ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਜਾਣ ਵਾਲੇ ਯਾਤਰੀਆਂ ਲਈ ਬੱਸਾਂ ਅਤੇ ਟਰੇਨ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੇ ਜਾਣ ਤੋਂ ਪਹਿਲਾਂ ਜਿੱਥੇ ਮੈਡੀਕਲ ਸਕਰੀਨਿੰਗ ਯਕੀਨੀ ਬਣਾਈ ਗਈ, ਉਥੇ ਖਾਣ-ਪੀਣ ਦੀਆਂ ਵਸਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਐੱਸ. ਡੀ. ਐੱਮ. ਅਮਿਤ ਮਹਾਜਨ ਵੱਲੋਂ ਬੱਸਾਂ ਰਾਹੀਂ ਜਲੰਧਰ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ।

ਰੇਲਵੇ ਸਟੇਸ਼ਨ ਜਲੰਧਰ ਵਿਖੇ ਤਹਿਸੀਲਦਾਰ ਮੁਕੇਰੀਆਂ ਜਗਤਾਰ ਸਿੰਘ ਵੀ ਟੀਮ ਸਮੇਤ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਜਿਹੜੇ 645 ਵਿਅਕਤੀਆਂ ਨੂੰ ਰਵਾਨਾ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹੁਸ਼ਿਆਰਪੁਰ ਸਬ-ਡਿਵੀਜ਼ਨ ਦੇ 493, ਦਸੂਹਾ ਦੇ 98, ਗੜ੍ਹਸ਼ੰਕਰ ਦੇ 43 ਅਤੇ ਮੁਕੇਰੀਆਂ ਸਬ-ਡਵੀਜ਼ਨ ਦੇ 11 ਵਿਅਕਤੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲੇ 'ਚੋਂ ਬੱਸਾਂ ਰਾਹੀਂ 127 ਵਿਅਕਤੀਆਂ ਨੂੰ ਉਤਰਾਖੰਡ ਭੇਜਿਆ ਜਾ ਚੁੱਕਿਆ ਹੈ। ਇਸ ਮੌਕੇ ਤਹਿਸੀਲਦਾਰ ਹਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

shivani attri

This news is Content Editor shivani attri