'ਕੋਰੋਨਾ' ਕਾਰਨ ਹੁਸ਼ਿਆਰਪੁਰ ਦੇ ਇਕ ਵਿਅਕਤੀ ਦੀ ਦੁਬਈ 'ਚ ਮੌਤ

04/29/2020 2:44:48 PM

ਹੁਸ਼ਿਆਰਪੁਰ (ਘੁੰਮਣ,ਅਮਰੀਕ)— ਕੋਰੋਨਾ ਦੀ ਲਪੇਟ 'ਚ ਆ ਕੇ ਦੁਬਈ 'ਚ ਰਹਿੰਦੇ ਹੁਸ਼ਿਆਰਪੁਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਮੁਹੱਲਾ ਟਿੱਬਾ ਸਾਹਿਬ ਦਾ ਵਸਨੀਕ ਅਮਰਜੀਤ ਸਿੰਘ (51) ਪੁੱਤਰ ਕੇਵਲ ਸਿੰਘ, ਜੋ ਕਿ ਪਿਛਲੇ ਕਰੀਬ 20 ਸਾਲ ਤੋਂ ਦੁਬਈ ਦੀ 'ਅਬਦੁੱਲਾ ਐਂਡ ਸੰਨਜ਼' ਕੰਪਨੀ 'ਚ ਕੰਮ ਕਰ ਰਿਹਾ ਸੀ, ਨੂੰ ਕੋਰੋਨਾ ਨੇ ਆਪਣੀ ਲਪੇਟ 'ਚ ਲੈ ਲਿਆ। ਇਸ ਸਬੰਧੀ ਦੁਬਈ ਦੀ ਉਕਤ ਕੰਪਨੀ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਗਈ।

ਇਹ ਵੀ ਪੜ੍ਹੋ:  ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ 'ਚ 'ਕੋਰੋਨਾ' ਦੇ ਜਾਣੇ ਤਾਜ਼ਾ ਹਾਲਾਤ

ਮ੍ਰਿਤਕ ਨੌਜਵਾਨ ਦੇ ਪਿਤਾ ਕੇਵਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਬੀਤੀ 16 ਅਪ੍ਰੈਲ ਨੂੰ ਅਮਰਜੀਤ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਨੂੰ ਦੁਬਈ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਉਕਤ ਕੰਪਨੀ 'ਚ ਪਲੰਬਰ ਇੰਜੀਨੀਅਰ ਵਜੋਂ ਕੰਮ ਕਰਦਾ ਸੀ ਅਤੇ ਬਾਕਾਇਦਾ ਡਿਊਟੀ 'ਤੇ ਜਾਂਦਾ ਸੀ। ਕੁਝ ਦਿਨ ਪਹਿਲਾਂ ਉਸ ਦੀ ਸਿਹਤ ਠੀਕ ਨਹੀਂ ਸੀ। ਉਸ ਨੂੰ ਖੰਘ ਅਤੇ ਰੇਸ਼ਾ-ਜ਼ੁਕਾਮ ਆਦਿ ਦੀ ਸ਼ਿਕਾਇਤ ਹੋਣ ਕਾਰਨ ਦੁਬਈ ਦੇ ਇਕ ਵੱਡੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਟੈਸਟ ਕਰਨ ਉਪਰੰਤ ਉਸ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਬਾਅਦ 'ਚ ਉਸ ਦੀ ਹਾਲਤ ਜ਼ਿਆਦਾ ਖਰਾਬ ਹੋ ਜਾਣ ਕਾਰਨ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਅਮਰਜੀਤ ਨਾਲ ਫੋਨ 'ਤੇ ਗੱਲ ਵੀ ਹੁੰਦੀ ਰਹੀ ਤੇ ਬਾਅਦ ਵਿਚ ਹਸਪਤਾਲ ਦੇ ਸਟਾਫ ਨਾਲ ਵੀ ਉਸ ਦੀ ਸਿਹਤ ਬਾਰੇ ਅਪਡੇਟ ਮਿਲਦੇ ਰਹੇ ਪਰ 27 ਅਪ੍ਰੈਲ ਨੂੰ ਸਵੇਰੇ ਕੰਪਨੀ ਵੱਲੋਂ ਉਸ ਦੀ ਮੌਤ ਬਾਰੇ ਸੂਚਨਾ ਦੇ ਦਿੱਤੀ ਗਈ। ਮ੍ਰਿਤਕ ਨੌਜਵਾਨ ਆਪਣੇ ਪਿੱਛੇ ਪਤਨੀ ਅਤੇ 2 ਛੋਟੇ ਬੇਟਿਆਂ ਸਮੇਤ ਮਾਤਾ-ਪਿਤਾ ਨੂੰ ਰੋਂਦੇ-ਕੁਰਲਾਉਂਦੇ ਛੱਡ ਗਿਆ ਹੈ।

ਇਹ ਵੀ ਪੜ੍ਹੋ:  ਮਾਲੇਰਕੋਟਲਾ: ਪ੍ਰਸ਼ਾਸਨ ਦੇ ਸਬਰ ਦਾ ਟੁੱਟਿਆ ਬੰਨ੍ਹ, ਭੀੜ ਨੂੰ ਖਦੇੜਨ ਲਈ ਪੁਲਸ ਨੇ ਵਰ੍ਹਾਈਆਂ ਡਾਂਗਾਂ

ਪਰਿਵਾਰ ਦੀ ਕੀਤੀ ਜਾਵੇਗੀ ਮੱਦਦ : ਓਬਰਾਏ
ਇਸ ਮਾਮਲੇ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐੱਸ. ਪੀ. ਸਿੰਘ ਓਬਰਾਏ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਨਾਲ ਪੀੜਤ ਵਿਅਕਤੀ ਦੀ ਮ੍ਰਿਤਕ ਦੇਹ ਮਿਲਣ ਦੀ ਤਾਂ ਕੋਈ ਸੰਭਾਵਨਾ ਨਹੀਂ ਹੈ। ਪ੍ਰੰਤੂ ਉਹ ਫਿਰ ਵੀ ਕੰਪਨੀ ਨਾਲ ਤਾਲਮੇਲ ਕਰਕੇ ਨੌਜਵਾਨ ਦੇ ਪਰਿਵਾਰ ਦੀ ਬਣਦੀ ਆਰਥਕ ਮਦਦ ਜ਼ਰੂਰ ਕਰਨਗੇ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: 'ਪੁਲਸ' ਸਟਿੱਕਰਾਂ ਬਾਰੇ ਸ਼ਿਕਾਇਤ ਕਰਨੀ ਪਈ ਮਹਿੰਗੀ, ਥਾਣੇ ਜਾਂਦਿਆਂ ਦਾ ਚਾੜ੍ਹਿਆ ਕੁਟਾਪਾ

shivani attri

This news is Content Editor shivani attri