ਸ਼ਮਸ਼ਾਨਘਾਟ 'ਚ ਲਾਵਾਰਿਸ ਪਈਆਂ ਕੋਰੋਨਾ ਮ੍ਰਿਤਕਾਂ ਦੀਆਂ ਅਸਥੀਆਂ, ਪਰਿਵਾਰਕ ਮੈਂਬਰ ਲਿਜਾਣ ਤੋਂ ਲੱਗੇ ਕਤਰਾਉਣ

08/06/2020 8:23:29 PM

ਲੁਧਿਆਣਾ (ਨਰਿੰਦਰ)— ਲੁਧਿਆਣਾ ਦੇ ਢੋਲੇਵਾਲ ਸ਼ਮਸ਼ਾਨਘਾਟ ਵਿਖੇ ਕੋਰੋਨਾ ਲਾਗ ਦੀ ਬੀਮਾਰੀ ਨਾਲ ਮਰਨ ਵਾਲਿਆਂ ਦੀਆਂ ਅਸਥੀਆਂ ਲਾਵਾਰਿਸ ਪਈਆਂ ਹਨ। ਇਨ੍ਹਾਂ ਅਸਥੀਆਂ ਨੂੰ ਜਾਂ ਤਾਂ ਪਰਿਵਾਰਕ ਮੈਂਬਰ ਨਹੀਂ ਲਿਜਾ ਰਹੇ ਹਨ ਜਾਂ ਫਿਰ ਪਰਿਵਾਰ ਦੇ ਮੈਂਬਰ ਇਕਾਂਤਵਾਸ 'ਚ ਹਨ। ਫੋਨ ਕਰਨ ਦੇ ਬਾਵਜੂਦ ਪਰਿਵਾਰਕ ਮੈਂਬਰ ਆਪਣੇ ਜਿਆਂ ਦੀਆਂ ਅਸਥੀਆਂ ਲਿਜਾਣ ਨੂੰ ਰਾਜ਼ੀ ਨਹੀਂ ਹੋ ਰਹੇ, ਜਿਸ ਕਰਕੇ ਸ਼ਮਸ਼ਾਨਘਾਟ ਸਟਾਫ ਨੂੰ ਹੀ ਆਖਰੀ ਵਿਧੀ ਦੀ ਕਰਨੀ ਪੈਂਦੀ ਹੈ।

ਇਸ ਤੋਂ ਇਲਾਵਾ ਸ਼ਮਸ਼ਾਨਘਾਟ 'ਚ ਗੈਸ ਰਾਹੀਂ ਅੰਤਿਮ ਸੰਸਕਾਰ ਕਰਨ ਲਈ ਵੀ ਉਡੀਕ ਕਰਨੀ ਪੈਂਦੀ ਹੈ ਪਰ ਹੁਣ ਦੂਜੀ ਮਸ਼ੀਨ ਵੀ ਬਣਾ ਲਈ ਗਈ ਹੈ। ਲੱਕੜਾਂ 'ਤੇ ਵੀ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੀ ਸ਼ੁਰੂਆਤ ਕੀਤੀ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਸੈਨੇਟਾਈਜ਼ਰ ਲਿਆਉਣ ਲਈ ਵੀ ਕਿਹਾ ਜਾਂਦਾ ਹੈ। ਸ਼ਮਸ਼ਾਨਘਾਟ ਢੋਲੇਵਾਲ ਦੇ ਪੰਡਿਤ ਨੇ ਦੱਸਿਆ ਕਿ ਲੁਧਿਆਣਾ ਦਾ ਢੋਲੇਵਾਲ ਸ਼ਮਸ਼ਾਨਘਾਟ ਹੀ ਲੁਧਿਆਣਾ ਦਾ ਇਕਲੌਤਾ ਸ਼ਮਸ਼ਾਨਘਾਟ ਹੈ, ਜਿੱਥੇ ਗੈਸ ਮਸ਼ੀਨ ਰਾਹੀਂ ਸਸਕਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਫੋਨ ਕਰਨ ਦੇ ਬਾਵਜੂਦ ਉਹ ਆਪਣੇ ਜੀਆਂ ਦੀਆਂ ਅਸਥੀਆਂ ਨਹੀਂ ਲਿਜਾ ਰਹੇ ਹਨ। ਸ਼ਮਸ਼ਾਨਘਾਟ 'ਤੇ ਹੁਣ ਅਸਥੀਆਂ ਰੱਖਣ ਦੀ ਵੀ ਥਾਂ ਨਹੀਂ ਹੈ। 30 ਤੋਂ ਵੱਧ ਅਸਥੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਹਾਮਾਰੀ ਕਰਕੇ ਇਕਾਂਤਵਾਸ 'ਚ ਰੱਖਿਆ ਗਿਆ ਹੈ।

10 ਅਜਿਹੇ ਲੋਕ ਹਨ ਜੋ ਆਪਣੇ ਮ੍ਰਿਤਕਾਂ ਦੀਆਂ ਅਸਥੀਆਂ ਹੀ ਨਹੀਂ ਲੈ ਜਾ ਰਹੇ ਜਿਸ ਕਰਕੇ ਲਾਵਾਰਿਸ ਲਾਸ਼ਾਂ ਵਾਂਗ ਉਨ੍ਹਾਂ ਦੀ ਅੰਤਿਮ ਵਿਧੀ ਵੀ ਸ਼ਮਸ਼ਾਨਘਾਟ ਦੇ ਸਟਾਫ ਨੂੰ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਦੂਜੀ ਮਸ਼ੀਨ ਵੀ ਲੱਗ ਰਹੀ ਹੈ। ਗੈਸ ਰਾਹੀਂ ਸਸਕਾਰ ਨੂੰ ਉਡੀਕ ਨਹੀਂ ਕਰਨੀ ਹੋਵੇਗੀ।

ਉਥੇ ਹੀ ਦੂਜੇ ਪਾਸੇ ਕੋਰੋਨਾ ਲਾਗ ਦੀ ਬੀਮਾਰੀ ਨਾਲ ਮਰਨ ਵਾਲੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਸਕਾਰ ਲਈ ਉਡੀਕ ਕਰਨੀ ਪੈ ਰਹੀ ਹੈ ਕਿਉਂਕਿ ਇਕ ਲਾਸ਼ ਦੇ ਸਸਕਾਰ ਲਈ ਤਿੰਨ ਘੰਟਿਆਂ ਦਾ ਸਮਾਂ ਲੱਗਦਾ ਹੈ, ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਵੀ ਉਨ੍ਹਾਂ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 5 ਲਿਟਰ ਸੈਨੇਟਾਈਜ਼ਰ ਲਿਆਉਣ ਲਈ ਵੀ ਕਿਹਾ ਗਿਆ ਹੈ।


ਦੱਸਣਯੋਗ ਹੈ ਕਿ ਕੋਰੋਨਾ ਲਾਗ ਹੀ ਬੀਮਾਰੀ ਦਾ ਅਸਰ ਰਿਸ਼ਤਿਆਂ ਦੇ ਵੀ ਪੈ ਰਿਹਾ ਹੈ ਕਿਉਂਕਿ ਆਪਣੇ ਹੀ ਆਪਣਿਆਂ ਦੀਆਂ ਅਸਥੀਆਂ ਲਿਜਾਣ ਤੋਂ ਕਤਰਾ ਰਹੇ ਹਨ। ਇਥੋਂ ਤੱਕ ਕਿ ਕੁਝ ਲੋਕ ਅਜਿਹੇ ਬਦਕਿਸਮਤ ਹਨ ਕਿ ਇਕਾਂਤਵਾਸ ਹੋਣ ਕਰਕੇ ਮ੍ਰਿਤਕ ਦੀ ਸਮੇਂ ਸਿਰ ਅੰਤਿਮ ਵਿਧੀ ਕਰਨ ਤੋਂ ਵੀ ਅਸਮਰੱਥ ਹਨ।

shivani attri

This news is Content Editor shivani attri