ਜਲੰਧਰ ਦੇ ਸਿਵਲ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਪਾਏ ਗਏ 3 ਸ਼ੱਕੀ ਮਰੀਜ਼

03/10/2020 11:51:49 AM

ਜਲੰਧਰ (ਸ਼ੋਰੀ)— ਸਿਵਲ ਹਸਪਤਾਲ 'ਚ ਸ਼ੱਕੀ ਕੋਰੋਨਾ ਵਾਇਰਸ ਦੇ 3 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਅਹਿਤਿਹਾਤ ਵਜੋਂ ਹਸਪਤਾਲ ਦੇ ਟਰੋਮਾ ਵਾਰਡ ਦੀ ਪਹਿਲੀ ਮੰਜ਼ਿਲ 'ਚ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਪਤਾ ਲੱਗਾ ਹੈ ਕਿ ਹਸਪਤਾਲ 'ਚ ਮਾਸਕ ਵੀ ਖਤਮ ਹਨ ਅਤੇ ਕੁਝ ਗਿਣਤੀ ਦੇ ਮਾਸਕ ਹੀ ਸਟਾਫ ਨੂੰ ਦਿੱਤੇ ਗਏ ਹਨ। ਮਾਸਕ ਨਾ ਮਿਲਣ 'ਤੇ ਲੋਕ ਸਟਾਫ ਨਾਲ ਬਹਿਸਬਾਜ਼ੀ ਤੱਕ ਕਰਦੇ ਨਜ਼ਰ ਆਏ। ਇਸ ਵਿਚਾਲੇ ਕਈ ਲੋਕ ਮਾਸਕ ਬਾਹਰੋਂ ਖਰੀਦ ਕੇ ਲਿਆ ਰਹੇ ਸਨ। ਹਸਪਤਾਲ 'ਚ ਹੁਣ 3 ਸ਼ੱਕੀ ਕੋਰੋਨਾ ਵਾਇਰਸ ਦੇ ਮਰੀਜ਼ ਹਨ। ਇਨ੍ਹਾਂ 'ਚ ਇਕ ਬੱਚਾ ਅਤੇ ਇਕ ਨੌਜਵਾਨ ਹੈ, ਜੋ ਕਿ ਵਿਦੇਸ਼ ਤੋਂ ਜਲੰਧਰ ਆਏ ਸਨ।

ਬੁਖਾਰ ਅਤੇ ਸਾਹ ਲੈਣ 'ਚ ਮੁਸ਼ਕਿਲ ਕਾਰਨ ਇਨ੍ਹਾਂ ਨੂੰ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ ਅਤੇ ਉੁਨ੍ਹਾਂ ਦੇ ਸੈਂਪਲ ਲੈ ਕੇ ਦਿੱਲੀ ਲੈਬੋਰਟਰੀ 'ਚ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਟਲੀ ਤੋਂ ਆਏ ਇਕ ਨੌਜਵਾਨ 'ਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਬੁਖਾਰ ਅਤੇ ਸਾਹ ਲੈਣ 'ਚ ਮੁਸ਼ਕਿਲ ਆਉਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰਾਂ ਅਤੇ ਸਟਾਫ ਦੇ ਹੋਸ਼ ਇਸ ਗੱਲ ਨੂੰ ਲੈ ਕੇ ਉੱਡ ਗਏ ਕਿ ਉਕਤ ਮਰੀਜ਼ ਦੇ ਮੂੰਹ 'ਚੋਂ ਖੂਨ ਵੀ ਆ ਰਿਹਾ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਰੋਨਾ ਵਾਇਰਸ ਨੂੰ ਲੈ ਕੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ ਕਿ ਮਰੀਜ਼ਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਸਰਕਾਰੀ ਹਸਪਤਾਲ 'ਚ ਨਾ ਆਏ ਪਰ ਜ਼ਮੀਨੀ ਪੱਧਰ ਦੀ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ। ਯਾਦ ਰਹੇ ਕਿ 2 ਬੱਚੇ ਹਸਪਤਾਲ 'ਚ ਦਾਖਲ ਹੋਏ ਸਨ ਪਰ ਹਸਪਤਾਲ 'ਚ ਗੰਦਗੀ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰ ਪਾਉਣ ਦੇ ਕਾਰਨ ਦੋਵੇਂ ਬੱਚੇ ਪ੍ਰਾਈਵੇਟ ਹਸਪਤਾਲ ਇਲਾਜ ਕਰਵਾਉਣ ਲਈ ਚਲੇ ਗਏ ਸਨ।

ਇਹ ਵੀ ਪੜ੍ਹੋ: ਜਲੰਧਰ : 3 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਆਈ ਨੈਗੇਟਿਵ

ਨਾਂ ਨਾ ਛਾਪਣ 'ਤੇ ਸਟਾਫ ਨੇ ਦੱਸਿਆ ਕਿ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਅਤੇ ਸਿਵਲ ਸਰਜਨ ਵਾਰਡ 'ਚ ਦੌਰਾ ਕਰਨ ਨਹੀਂ ਆ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਵਾਇਰਸ ਆਪਣਾ ਨਿਸ਼ਾਨਾ ਨਾ ਬਣਾ ਲਵੇ। ਜੇਕਰ ਲਗਾਤਾਰ ਚੈਕਿੰਗ ਹੋਵੇ ਤਾਂ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸਹੀ ਤਰੀਕੇ ਨਾਲ ਦੇਖ-ਭਾਲ ਹੋ ਸਕਦੀ ਹੈ। ਇਸ ਤੋਂ ਇਲਾਵਾ ਪਹਿਲਾਂ ਵੀ  ਜਲੰਧਰ 'ਚ ਕੋਰੋਨਾ ਵਾਇਰਸ ਦੇ 5 ਸ਼ੱਕੀ ਮਰੀਜ਼ ਪਾਏ ਗਏ ਸਨ, ਜਿਨ੍ਹਾਂ ਦੇ ਸੈਂਪਲ ਲੈ ਕੇ ਦਿੱਲੀ ਲੈਬੋਰਟਰੀ 'ਚ ਭੇਜੇ ਗਏ ਸਨ। ਬੀਤੇ ਦਿਨੀਂ ਹੀ ਇਨ੍ਹਾਂ ਦੀਆਂ ਰਿਪੋਰਟਾਂ ਆਈਆਂ ਸਨ, ਜੋ ਕਿ ਨੈਗੇਟਿਵ ਆਈਆਂ ਸਨ ਅਤੇ ਉਕਤ ਮਰੀਜ਼ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਪਾਏ ਗਏ।

ਇਹ ਵਰਤੋਂ ਸਾਵਧਾਨੀਆਂ
ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ।
ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ।
ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ।
ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ।
ਟਿਸ਼ੂ ਨਹੀਂ ਹੈ ਤਾਂ ਛਿੱਕਦੇ ਜਾਂ ਖੰਘਦੇ ਹੋਏ ਬਾਂਹ ਦਾ ਇਸਤੇਮਾਲ ਕਰੋ। ਪਰ ਖੁੱਲ੍ਹੀ ਹਵਾ 'ਚ ਖੰਘਣ ਜਾਂ ਛਿੱਕਣ ਤੋਂ ਪਰਹੇਜ਼ ਕਰੋ।
ਬਿਨਾਂ ਹੱਥ ਧੋਏ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਲਗਾਓ।
ਬੀਮਾਰ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
ਜਾਨਵਰਾਂ ਦੇ ਸੰਪਰਕ 'ਚ ਆਉਣ ਤੋਂ ਬਚੋ।
ਪਾਲਤੂ ਜਾਨਵਰਾਂ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
ਮੀਟ, ਅੰਡੇ ਆਦਿ ਖਾਣ ਤੋਂ ਪਹਹੇਜ਼ ਕਰੋ। ਹੋ ਸਕੇ ਤਾਂ ਚੰਗੀ ਤਰ੍ਹਾਂ ਪਕਾ ਕੇ ਖਾਓ।
ਜੇਕਰ ਤੁਹਾਨੂੰ ਖੰਘ, ਬੁਖਾਰ ਅਤੇ ਛਿੱਕਾਂ ਆਦਿ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਇਹ ਵੀ ਪੜ੍ਹੋ: ਦੋਆਬਾ ਹਸਪਤਾਲ 'ਚ ਦਾਖਲ ਦੋਵੇਂ ਬੱਚਿਆਂ ਦੀ ਰਿਪੋਰਟ ਆਈ ਨੈਗੇਟਿਵ

shivani attri

This news is Content Editor shivani attri