ਹੁਣ ਜਲੰਧਰ ''ਚ ਮਿਲਿਆ ''ਕੋਰੋਨਾ ਵਾਇਰਸ'' ਦਾ ਸ਼ੱਕੀ ਮਰੀਜ਼, ਪ੍ਰਸ਼ਾਸਨ ਚੌਕਸ

01/30/2020 6:25:08 PM

ਜਲੰਧਰ (ਸ਼ੋਰੀ)— ਜਲੰਧਰ ਦੇ ਸਿਵਲ ਹਸਪਤਾਲ 'ਚ ਵੀ ਕੋਰੋਨਾ ਵਾਇਰਸ ਦਾ ਇਲਾਜ ਕਰਵਾਉਣ ਲਈ ਇਕ ਮਰੀਜ਼ ਪਹੁੰਚਿਆ। ਮਰੀਜ਼ ਦੀ ਪਛਾਣ ਜਗਜੀਤ (33) ਪੁੱਤਰ ਕਮਲਜੀਤ ਵਾਸੀ ਘਾਹਮੰਡੀ ਬਸਤੀ ਸ਼ੇਖ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹਾਂਗਕਾਂਗ 'ਚ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ ਅਤੇ ਆਪਣੀ ਮਾਂ ਨੂੰ ਮਿਲਣ ਜਲੰਧਰ ਆਇਆ ਹੈ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਟੈਸਟ ਕਰਵਾਏ ਜਾ ਰਹੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੈ ਜਾਂ ਨਹੀਂ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮੋਹਾਲੀ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੁਸ਼ਿਆਰਪੁਰ 'ਚ ਵੀ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਇਆ ਸੀ। ਕੋਰੋਨਾ ਵਾਇਰਸ ਦੀ ਮਹਿਲਾ ਸ਼ੱਕੀ ਮਰੀਜ਼ ਦੇ ਸਾਰੇ ਟੈਸਟ ਕਰਵਾ ਕੇ ਲੈਬੋਰਟਰੀ ਭੇਜੇ ਗਏ ਹਨ ਅਤੇ ਉਸ ਨੂੰ ਸਪੈਸ਼ਲ ਟ੍ਰੀਟਮੈਂਟ ਦੇ ਕੇ ਸਿਵਲ ਹਸਪਤਾਲ 'ਚ ਰੱਖਿਆ ਗਿਆ। 

ਉਥੇ ਹੀ ਦੱਸ ਦੇਈਏ ਚੀਨ 'ਚ ਫੈਲੇ ਕੋਰੋਨਾ ਵਾਇਰਸ ਤੋਂ ਲੋਕ ਖੌਫਜ਼ਦਾ ਨਾ ਹੋਣ ਜਲੰਧਰ ਪ੍ਰਸ਼ਾਸਨ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ 'ਚ ਮੀਟਿੰਗ ਕਰਕੇ ਸਿਹਤ ਵਿਭਾਗ ਨੂੰ ਵਾਇਰਸ ਨਾਲ ਨਜਿੱਠਣ ਦੇ ਸਮੁੱਚੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਸਿਵਲ ਹਸਪਤਾਲ 'ਚ ਆਈਸੋਲੇਟਿਡ ਵਾਰਡ ਨੂੰ ਤਿਆਰ ਰੱਖਿਆ ਜਾਵੇ। ਜੇਕਰ ਕੋਈ ਵਿਅਕਤੀ ਚੀਨ ਤੋਂ ਆਇਆ ਹੈ ਅਤੇ ਉਸ ਨੂੰ ਬੁਖਾਰ, ਸਾਹ ਲੈਣ 'ਚ ਦਿੱਕਤ ਆਦਿ ਲੱਛਣ ਹਨ ਤਾਂ ਉਹ ਤੁਰੰਤ ਨੇੜਲੇ ਹਸਪਤਾਲ 'ਚ ਇਲਾਜ ਕਰਵਾਏ। 

ਵਰਿੰਦਰ ਸ਼ਰਮਾ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਜ਼ਿਲੇ 'ਚ ਜਣੇਪੇ ਦੌਰਾਨ ਹੋਣ ਵਾਲੀ ਮੌਤ ਇਕ ਗੰਭੀਰ ਮਾਮਲਾ ਹੈ, ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖਾਣਾ, ਖਾਣ-ਪੀਣ ਦੀਆਂ ਆਦਤਾਂ, ਯੋਗਾ ਅਭਿਆਸ ਅਤੇ ਹੋਰ ਜ਼ਰੂਰੀ ਕਦਮਾਂ ਬਾਰੇ ਜਾਗਰੂਕ ਕੀਤਾ ਜਾਵੇ । ਇਸ ਮੌਕੇ ਏ. ਡੀ. ਸੀ. ਕੁਲਵੰਤ ਸਿੰਘ, ਸਹਾਇਕ ਕਮਿਸ਼ਨਰ ਅਮਨਪ੍ਰੀਤ ਸਿੰਘ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਜ਼ਿਲਾ ਪ੍ਰੋਗਰਾਮ ਅਧਿਕਾਰੀ ਅਮਰਜੀਤ ਸਿੰਘ ਭੁੱਲਰ, ਡੀ. ਆਈ. ਓ. ਡਾ. ਸੀਮਾ, ਜ਼ਿਲਾ ਪਰਿਵਾਰ ਕਲਿਆਣ ਅਧਿਕਾਰੀ ਡਾ. ਸੁਰਿੰਦਰ ਕੁਮਾਰ ਅਤੇ ਹੋਰ ਵੀ ਮੌਜੂਦ ਸਨ ।

shivani attri

This news is Content Editor shivani attri