ਮੋਹਾਲੀ ਤੋਂ ਬਾਅਦ ਹੁਣ ਹੁਸ਼ਿਆਰਪੁਰ ''ਚ ਕੋਰੋਨਾ ਵਾਇਰਸ ਦਾ ਮਿਲਿਆ ਸ਼ੱਕੀ ਮਰੀਜ਼

01/29/2020 6:56:21 PM

ਹੁਸ਼ਿਆਰਪੁਰ (ਘੁੰਮਣ, ਅਮਰੀਕ)— ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਮੋਹਾਲੀ ਤੋਂ ਬਾਅਦ ਹੁਸ਼ਿਆਰਪੁਰ 'ਚ ਵੀ ਦਸਤਕ ਦੇ ਦਿੱਤੀ ਹੈ। ਇਥੇ ਇਕ ਮਹਿਲਾ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਸਿਮਟਮ ਪਾਏ ਗਏ ਹਨ। ਸਿਵਲ ਸਰਜਨ ਜਸਬੀਰ ਸਿੰਘ ਨੇ ਦੱਸਿਆ ਕਿ ਇਕ ਮਹਿਲਾ ਕੈਨੇਡਾ ਗਈ ਸੀ, ਜੋ ਕਿ ਇੰਡੀਆ ਆ ਰਹੀ ਸੀ ਅਤੇ ਉਸ ਦੀ ਫਲਾਈਟ ਨੇ ਸੱਤ ਘੰਟੇ ਕੈਨੇਡਾ 'ਚ ਸਟੇਅ ਕੀਤਾ ਸੀ। ਉਸ ਤੋਂ ਬਾਅਦ ਉਹ ਜਦੋਂ ਭਾਰਤ ਪਹੁੰਚੀ ਤਾਂ ਉਸ ਦੀ ਸਿਹਤ ਖਰਾਬ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ।
ਅੱਗੇ ਜਸਬੀਰ ਸਿੰਘ ਨੇ ਦੱਸਿਆ ਕਿ ਪੋਲਿਊਸ਼ਨ ਨੂੰ ਵਰਤਦੇ ਹੋਏ ਉਸ ਲੇਡੀ ਦੇ ਕੋਰੋਨਾ ਵਾਇਰਸ ਸਬੰਧੀ ਸਾਰੇ ਟੈਸਟ ਕੀਤੇ ਗਏ ਹਨ, ਜੋ ਇਸ ਸਮੇਂ ਲੈਬੋਰਟਰੀ ਭੇਜੇ ਹੋਏ ਹਨ ਪਰ ਸਿਵਲ ਹਪਤਾਲ ਵੱਲੋਂ ਕੋਈ ਵੀ ਕੁਤਾਹੀ ਨਾ ਵਰਤਦੇ ਹੋਏ ਉਸ ਲੇਡੀ ਨੂੰ ਸਪੈਸ਼ਲ ਟ੍ਰੀਟਮੈਂਟ ਦੇ ਕੇ ਰੱਖਿਆ ਗਿਆ ਹੈ।

ਦੱਸਣਯੋਗ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਮੈਨੇਜਿੰਗ ਡਾਇਰੈਕਟਰ ਕੁਮਾਰ ਰਾਹੁਲ ਅਤੇ ਸਟੇਟ ਨੋਡਲ ਅਧਿਕਾਰੀ ਡਾ. ਗਗਨਦੀਪ ਸਿੰਘ ਗਰੋਵਰ ਨੇ ਬੀਤੇ ਦਿਨ ਵੀਡੀਓ ਕਾਨਫਰੰਸਿੰਗ ਕਰਕੇ ਇਸ ਸਬੰਧੀ ਰਾਜ ਭਰ ਦੇ ਸਿਵਲ ਸਰਜਨਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਪੂਰੀ ਚੌਕਸੀ ਵਰਤਣ ਨੂੰ ਕਿਹਾ ਹੈ। ਦੱਸਣਯੋਗ ਹੈ ਕਿ ਚੀਨ ਵਿਚ ਫੈਲੇ ਕੋਰੋਨਾ ਵਾਇਰਸ ਪੀੜਤ 100 ਤੋਂ ਵੱਧ ਲੋਕਾਂ ਦੀ ਮੌਤ ਹੋਣ ਅਤੇ ਹਜ਼ਾਰਾਂ ਹੋਰ ਲੋਕਾਂ ਦੇ ਪੀੜਤ ਹੋਣ ਨਾਲ ਇਥੋਂ ਦੇ ਲੋਕਾਂ 'ਚ ਵੀ ਭਾਰੀ ਦਹਿਸ਼ਤ ਦਾ ਮਾਹੌਲ ਹੈ। ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਹਾਲ ਹੀ 'ਚ ਚੀਨ ਦੀ ਯਾਤਰਾ ਤੋਂ ਪਰਤੇ ਮੁਸਾਫਰਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਸਿਹਤ ਵਿਭਾਗ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਚੀਨ ਤੋਂ ਪਰਤੇ ਯਾਤਰੀ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਸੰਪਰਕ ਕਰਨ। ਇਥੇ ਉਨ੍ਹਾਂ ਦਾ ਨੈਜੋ ਫਰੈਜੀਅਲ ਸਵੈਬ ਲੈ ਕੇ ਇਸ ਦਾ ਸੈਂਪਲ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਪੁਣੇ ਭੇਜਿਆ ਜਾਵੇਗਾ। ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਸਪੈਸ਼ਲ ਆਈਸੋਲੇਸ਼ਨ ਵਾਰਡ ਸਥਾਪਤ ਕਰ ਦਿੱਤਾ ਗਿਆ ਹੈ, ਜਿਸ ਲਈ ਮੈਡੀਕਲ ਸਪੈਸ਼ਲਿਸਟ ਡਾ. ਸਰਬਜੀਤ ਸਿੰਘ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

ਕੀ ਹੋ ਸਕਦੇ ਹਨ ਲੱਛਣ
ਕੋਰੋਨਾ ਵਾਇਰਸ ਪੀੜਤ ਵਿਅਕਤੀ ਨੂੰ ਤੇਜ਼ ਬੁਖਾਰ, ਜ਼ੁਕਾਮ, ਗਲੇ 'ਚ ਖਾਰਿਸ਼, ਸਾਹ ਲੈਣ 'ਚ ਮੁਸ਼ਕਲ ਅਤੇ ਸਿਰ 'ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਸਾਵਧਾਨੀਆਂ
ਜੇਕਰ ਅਜਿਹੇ ਲੱਛਣ ਹੋਣ ਤਾਂ ਹੱਥਾਂ ਨੂੰ ਸਾਬਣ ਨਾਲ ਰੋਜ਼ਾਨਾ ਧੋਣਾ ਚਾਹੀਦਾ ਹੈ। ਖੰਘ ਅਤੇ ਛਿੱਕਾਂ ਆਉਣ ਸਮੇਂ ਮੂੰਹ ਅਤੇ ਨੱਕ 'ਤੇ ਰੁਮਾਲ ਰੱਖੋ। ਪੂਰੇ ਸਰੀਰ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਘਰੋਂ ਬਾਹਰ ਖਾਣ-ਪੀਣ ਤੋਂ ਪ੍ਰਹੇਜ਼ ਕੀਤਾ ਜਾਵੇ।

shivani attri

This news is Content Editor shivani attri