ਤਾਲਾਬੰਦੀ ਦੌਰਾਨ ਵਧਿਆ ਖੁਦਕੁਸ਼ੀਆਂ ਦਾ ਦੌਰ, ਤਿੰਨ ਮਾਮਲੇ ਆਏ ਸਾਹਮਣੇ

06/06/2020 3:37:37 PM

ਨੰਗਲ (ਗੁਰਭਾਗ ਸਿੰਘ)— ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੀ ਗਈ ਤਾਲਾਬੰਦੀ ਦੌਰਾਨ ਖੁਦਕੁਸ਼ੀਆਂ ਦੇ ਮਾਮਲਿਆਂ 'ਚ ਵੀ ਵਾਧਾ ਹੋਇਆ ਹੈ। ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਹੰਬੇਵਾਲ ਦੇ ਇਕ ਨੌਜਵਾਨ ਦੀ ਲਾਸ਼ ਬੀਤੇ ਦਿਨ ਨੰਗਲ ਭਾਖੜਾ ਨਹਿਰ 'ਚ ਮਿਲੀ। ਦੱਸਿਆ ਜਾ ਰਿਹਾ ਹੈ ਕਿ ਉਕਤ ਲਾਸ਼ ਪਿੰਡ ਬ੍ਰਹਮਪੁਰ ਦੇ ਨੇੜਿਓਂ ਮਿਲੀ ਹੈ ਅਤੇ ਉਸ ਦਾ ਅੰਤਿਮ ਸਸਕਾਰ ਨੰਗਲ ਡੈਂਮ ਲਾਗੇ ਬਣੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।

ਦੱਸਿਆ ਇਹ ਜਾ ਰਿਹਾ ਹੈ ਕਿ ਉਕਤ ਨੌਜਵਾਨ ਦਾ ਢੇਡ ਕੁ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਕੁਲੂ ਵਿਖੇ ਵਿਆਹ ਹੋਇਆ ਸੀ ਅਤੇ ਉਸ ਦੇ 2 ਮਹੀਨੇ ਦਾ ਮੁੰਡਾ ਵੀ ਹੈ। ਚਰਚਾ ਇਸ ਗੱਲ ਦੀ ਵੀ ਹੈ ਕਿ ਉਕਤ ਨੌਜਵਾਨ ਨੂੰ ਵਪਾਰ 'ਚ ਬਹੁਤ ਘਾਟਾ ਪੈ ਗਿਆ ਸੀ, ਜਿਸ ਕਰਕੇ ਉਸ ਨੇ ਇਹ ਕਦਮ ਚੁੱਕਿਆ। ਪੜਤਾਲੀਆ ਅਫਸਰ ਬਲਰਾਮ ਸ਼ਰਮਾ ਨੇ ਕਿਹਾ ਅਜੇ ਕੁਮਾਰ (32) ਪੁੱਤਰ ਰਛਪਾਲ ਸਿੰਘ ਵਾਸੀ ਹੰਬੇਵਾਲ 28 ਮਈ ਨੂੰ ਘਰ ਤੋਂ ਨਿਕਲਿਆ ਸੀ ਪਰ ਮੁੜ ਘਰ ਨਹੀਂ ਪਰਤਿਆ। ਅਜੇ ਕੁਮਾਰ ਦੀ ਲਾਸ਼ ਬੀਤੇ ਦਿਨ ਨੰਗਲ ਭਾਖੜਾ ਨਹਿਰ 'ਚੋਂ ਮਿਲੀ ਸੀ। ਏ. ਐੱਸ. ਆਈ. ਨੇ ਕਿਹਾ ਕਿ ਅਜੇ ਕੁਮਾਰ ਦੀ ਘਰਵਾਲੀ ਦੀ ਸ਼ਿਕਾਇਤ 'ਤੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਸੀ ਅਤੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।

ਇਸੇ ਤਰ੍ਹਾਂ 16 ਮਈ 2020 ਨੂੰ ਐੱਮ. ਪੀ. ਦੀ ਕੋਠੀ ਵਿਖੇ ਸੁਰਿੰਦਰ ਸਿੰਘ ਟਿੰਕੂ ਨਾਮ ਦੇ ਇਕ ਵਿਅਕਤੀ ਨੇ ਵੀ ਖੁਦਕੁਸ਼ੀ ਕਰ ਲਈ ਸੀ, ਜਿਸ ਦੇ ਕੋਲੋ ਇਕ ਸੁਸਾਈਡ ਨੋਟ ਵੀ ਮਿਲਿਆ ਸੀ। ਸੁਸਾਈਡ ਨੋਟ 'ਚ ਇਕ ਲੁਧਿਆਣਾ ਦੇ ਵਪਾਰੀ ਦਾ ਜ਼ਿਕਰ ਕੀਤਾ ਗਿਆ ਸੀ। ਐੱਸ. ਆਈ ਰਾਹੁਲ ਸ਼ਰਮਾ ਨੇ ਕਿਹਾ ਕਿ ਪੁਲਸ ਵੱਲੋਂ ਉਕਤ ਸੁਸਾਈਡ ਨੋਟ ਜਾਂਚ ਲਈ ਲੈਬੋਰੇਟਰੀ 'ਚ ਭੇਜਿਆ ਗਿਆ ਹੈ। ਇਸੇ ਤਰ੍ਹਾਂ ਨੰਗਲ ਤਹਿਸੀਲ ਅਧੀਂਨ ਪੈਂਦੇ ਪਿੰਡ ਬੇਲਾ ਰਾਮਗੜ੍ਹ ਦੀ ਇਕ 27 ਸਾਲ ਦੀ ਜਸਵੀਰ ਕੌਰ ਨਾਮ ਦੀ ਲੜਕੀ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਗਈ। ਏ. ਐੱਸ. ਆਈ. ਨਰਿੰਦਰ ਸਿੰਘ ਨੇ ਕਿਹਾ ਕਿ ਬੇਲਾ ਰਾਮਗੜ੍ਹ ਦੀ ਉਕਤ ਲੜਕੀ ਦੇ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ 28 ਮਈ ਨੂੰ 306/34 ਆਈ. ਪੀ. ਸੀ. ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਉਕਤ ਖੁਦਕੁਸ਼ੀ ਦੇ ਮਾਮਲੇ ਤਾਲਾਬੰਦੀ ਦੌਰਾਨ ਹੀ ਸਾਹਮਣੇ ਆਏ ਹਨ।

shivani attri

This news is Content Editor shivani attri