ਗੁਰਦਾਸਪੁਰ ਦੇ ਸ਼ਮਸ਼ਾਨਘਾਟ ’ਤੇ ਵੀ ਪਿਆ ਕੋਰੋਨਾ ਵਾਇਰਸ ਦੇ ਕਹਿਰ ਦਾ ਖੌਫਨਾਕ ਪਰਛਾਵਾਂ

05/09/2021 6:31:19 PM

ਗੁਰਦਾਸਪੁਰ (ਹਰਮਨ) : ਚਾਰੇ ਪਾਸੇ ਕੋਰੋਨਾ ਵਾਇਰਸ ਦੇ ਮੰਡਰਾ ਰਹੇ ਖ਼ਤਰੇ ਨੇ ਜਿੱਥੇ ਦੇਸ਼-ਦੁਨੀਆਂ ਦੇ ਸਮੁੱਚੇ ਕੰਮਕਾਜ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ, ਉਸ ਦੇ ਨਾਲ ਹੀ ਇਸ ਨਾਮੁਰਾਦ ਮਹਾਮਾਰੀ ਦਾ ਪਰਛਾਵਾਂ ਸ਼ਮਸ਼ਾਨਘਾਟਾਂ ’ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ। ਗੁਰਦਾਸਪੁਰ ਦੇ ਬਟਾਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਹਾਲਾਤ ਇਹ ਬਣੇ ਹੋਏ ਹਨ ਕਿ ਪਿਛਲੇ ਕਰੀਬ ਇਕ ਹਫ਼ਤੇ ਦੌਰਾਨ ਹੀ ਇਸ ਸ਼ਮਸ਼ਾਨਘਾਟ ਵਿਚ ਕਰੀਬ 40 ਲਾਸ਼ਾਂ ਦਾ ਸਸਕਾਰ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਦੱਸੇ ਜਾ ਰਹੇ ਹਨ। ਸਿੱਤਮ ਦੀ ਗੱਲ ਇਹ ਹੈ ਕਿ ਇਸ ਵਾਇਰਸ ਤੋਂ ਪੀੜਤ ਹੋ ਕੇ ਮੌਤ ਦੇ ਮੂੰਹ ’ਚ ਜਾਣ ਵਾਲੇ ਵਿਅਕਤੀਆਂ ਦੀਆਂ ਅੰਤਿਮ ਰਸਮਾਂ ਵੀ ਬੇਹੱਦ ਮੁਸ਼ਕਲ ਹਾਲਾਤ ਵਿਚ ਸੰਪੰਨ ਹੋ ਰਹੀਆਂ ਹਨ। ਤ੍ਰਾਸਦੀ ਇਹ ਵੀ ਹੈ ਕਿ ਇਨ੍ਹਾਂ ਮ੍ਰਿਤਕਾਂ ਦੀਆਂ ਅਸਥੀਆਂ ਲੈਣ ਲਈ ਵੀ ਉਨ੍ਹਾਂ ਦੇ ਵਾਰਿਸ ਕਈ ਕਈ ਦਿਨ ਨਹੀਂ ਆ ਰਹੇ, ਜਿਸ ਕਾਰਨ ਗੁਰਦਾਸਪੁਰ ਦੇ ਇਸ ਸ਼ਮਸ਼ਾਨਘਾਟ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਕਈ ਮ੍ਰਿਤਕਾਂ ਦੀਆਂ ਅਸਥੀਆਂ ਪਈਆਂ ਹੋਈਆਂ ਹਨ।

ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ : ਪੀ. ਜੀ. ਆਈ. ’ਚ ਹੋ ਸਕਦੀ ਹੈ ਆਕਸੀਜਨ ਦੀ ਕਮੀ

ਇਸ ਸ਼ਮਸ਼ਾਨਘਾਟ ’ਚ ਸੇਵਾ ਕਰਦੇ ਰਾਜ ਕੁਮਾਰ ਰਾਜੂ ਨਾਮ ਅਤੇ ਪੰਡਤ ਕੇਵਲ ਕ੍ਰਿਸ਼ਨ ਬਹਿਰਾਮਪੁਰ ਨੇ ਦੱਸਿਆ ਕਿ ਆਮ ਤੌਰ ’ਤੇ ਮ੍ਰਿਤਕ ਵਿਅਕਤੀ ਦੇ ਸਸਕਾਰ ਦੇ ਚੌਥੇ ਦਿਨ ਉਸ ਦੀਆਂ ਅਸਥੀਆਂ ਲੈ ਜਾਈਆਂ ਜਾਂਦੀਆਂ ਹਨ। ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੇ ਵਾਰਿਸਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਸਕਾਰ ਦੇ ਅਗਲੇ ਦਿਨ ਹੀ ਅਸਥੀਆਂ ਚੁੱਗ ਲਈਆਂ ਜਾਣ ਪਰ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਮ੍ਰਿਤਕਾਂ ਦੇ ਵਾਰਿਸ ਅਸਥੀਆਂ ਲੈਣ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇਨ੍ਹਾਂ ਖਤਰਨਾਕ ਅਤੇ ਕਹਿਰਵਾਨ ਹੋ ਚੁੱਕਾ ਹੈ ਕਿ ਹੁਣ ਕਈ ਮ੍ਰਿਤਕਾਂ ਦੇ ਵਾਰਿਸਾਂ ਨੇ ਆਪਣੇ ਕਰੀਬੀਆਂ ਦੇ ਸਸਕਾਰ ਮੌਕੇ ਸਾਰੀਆਂ ਰਸਮਾਂ ਵੀ ਪੂਰੀਆਂ ਨਹੀਂ ਕੀਤੀਆਂ ਅਤੇ ਪਰਿਵਾਰਾਂ ਦੇ ਕੁਝ ਚੋਣਵੇਂ ਮੈਂਬਰ ਹੀ ਆ ਕੇ ਲਾਸ਼ ਦਾ ਸਸਕਾਰ ਕਰਵਾ ਜਾਂਦੇ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਕੈਪਟਨ ਦਾ ਵੱਡਾ ਬਿਆਨ, ਕਿਹਾ ਬੰਦਿਸ਼ਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ 

ਸੇਵਾਦਾਰਾਂ ਨੇ ਖੁਦ ਖਰਚ ਕਰ ਕੇ ਖਰੀਦੀਆਂ ਪੀ. ਪੀ. ਈ. ਕਿੱਟਾਂ
ਉਨ੍ਹਾਂ ਦੁੱਖ ਜ਼ਾਹਿਰ ਕੀਤਾ ਕਿ ਕਈ ਮ੍ਰਿਤਕ ਵਿਅਕਤੀਆਂ ਦੇ ਵਾਰਿਸ ਉਨ੍ਹਾਂ ਨੂੰ ਆ ਕੇ ਇਸ ਗੱਲ ਬਾਰੇ ਜਾਣਕਾਰੀ ਹੀ ਨਹੀਂ ਦਿੰਦੇ ਕਿ ਮ੍ਰਿਤਕ ਵਿਅਕਤੀ ਮੌਤ ਤੋਂ ਪਹਿਲਾਂ ਕੋਰੋਨਾ ਵਾਇਰਸ ਤੋਂ ਪੀੜਤ ਸੀ ਪਰ ਮ੍ਰਿਤਕ ਦੀ ਪੂਰੀ ਤਰ੍ਹਾਂ ਕਵਰ ਕੀਤੀ ਲਾਸ਼ ਦੇਖ ਕੇ ਉਨ੍ਹਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਮ੍ਰਿਤਕ ਕੋਰੋਨਾ ਵਾਇਰਸ ਤੋਂ ਪੀੜਤ ਸੀ। ਅਜਿਹੀ ਸਥਿਤੀ ’ਚ ਆਪਣੀ ਸੁਰੱਖਿਆ ਲਈ ਹੁਣ ਸ਼ਮਸ਼ਾਨਘਾਟ ’ਚ ਮੌਜੂਦ ਸੇਵਾਦਾਰਾਂ ਨੇ ਖ਼ੁਦ ਆਪਣਾ ਖਰਚਾ ਕਰ ਕੇ ਪੀ. ਪੀ. ਈ. ਕਿੱਟਾਂ ਵੀ ਖਰੀਦੀਆਂ ਹਨ ਅਤੇ ਉਹ ਇਹ ਕਿੱਟਾਂ ਪਹਿਨ ਕੇ ਸਸਕਾਰ ਕਰਵਾਉਂਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਾ ਮੰਜ਼ਰ ਦੇਖ ਲੋਕਾਂ ਦੇ ਕੰਬੇ ਦਿਲ 


ਕਈ ਵਾਰ ਸਸਕਾਰ ਲਈ ਨਹੀਂ ਬਚਦੀ ਜਗ੍ਹਾ
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੌਤ ਦਰ ਲਗਾਤਾਰ ਵਧ ਰਹੀ ਹੈ ਅਤੇ ਗੁਰਦਾਸਪੁਰ ਦੇ ਬਟਾਲਾ ਰੋਡ ਸਥਿਤ ਸ਼ਮਸ਼ਾਨਘਾਟ ’ਚ ਰੋਜ਼ਾਨਾ ਹੀ ਦੋ ਤੋਂ ਤਿੰਨ ਲਾਸ਼ਾਂ ਆ ਰਹੀਆਂ ਹਨ। ਇਕ ਦਿਨ ਅਜਿਹੇ ਹਾਲਾਤ ਬਣ ਗਏ ਹਨ ਕਿ ਇਥੇ ਕਰੀਬ 10 ਵਿਅਕਤੀਆਂ ਦੇ ਸਸਕਾਰ ਦੀ ਬੁਕਿੰਗ ਹੋ ਗਈ ਸੀ, ਜਿਸ ਕਾਰਨ ਜਦੋਂ ਇਕ ਹੋਰ ਵਿਅਕਤੀ ਆਪਣੇ ਕਿਸੇ ਕਰੀਬੀ ਦੇ ਸਸਕਾਰ ਲਈ ਸੂਚਿਤ ਕਰਨ ਆਇਆ ਤਾਂ ਉਨ੍ਹਾਂ ਨੂੰ ਮਜਬੂਰਨ ਜੁਆਬ ਦੇਣਾ ਪਿਆ। ਉਨ੍ਹਾਂ ਦੱਸਿਆ ਕਿ ਹੁਣ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੇ ਇਸ ਸ਼ਮਸ਼ਾਨਘਾਟ ਵਿਚ ਤਿੰਨ ਸਥਾਨ ਸਿਰਫ ਕੋਰੋਨਾ ਪੀੜਤਾਂ ਦੇ ਸਸਕਾਰ ਲਈ ਵੱਖਰੇ ਰੱਖੇ ਹਨ ਤਾਂ ਜੋ ਵਾਇਰਸ ਸਬੰਧੀ ਕੋਈ ਖਤਰਾ ਜਾਂ ਡਰ ਨਾ ਰਹੇ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


 

Anuradha

This news is Content Editor Anuradha