ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਵੱਧ ਨਿਗਲ ਰਿਹੈ ਕੋਰੋਨਾ ਵਾਇਰਸ

03/28/2020 1:08:26 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਵਾਇਰਸ ਦੇ ਦੈਂਤ ਨੇ ਸਮੁੱਚੀ ਦੁਨੀਆ ਵਿਚ ਮਨੁੱਖੀ ਜਾਨਾਂ ਨੂੰ ਵੱਡੀ ਪੱਧਰ ’ਤੇ ਨਿਗਲਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਅੰਕੜਿਆਂ ਮੁਤਾਬਕ 6 ਲੱਖ ਦੇ ਕਰੀਬ ਲੋਕ ਇਸ ਭਿਆਨਕ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਵੈੱਬਸਾਈਟ ਵਰਲਡਓਮੀਟਰ ਦੇ ਅੰਕੜਿਆਂ ਮੁਤਾਬਕ ਹੁਣ ਇਸ ਬੀਮਾਰੀ ਨਾਲ 27330 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਬੀਮਰੀ ਦਾ ਵਧੇਰੇ ਕਹਿਰ ਇਟਲੀ ਵਿਚ ਵਾਪਰਿਆ ਹੈ। ਇੱਥੇ ਇਹ ਨਾਮੁਰਾਦ ਬਿਮਾਰੀ 9134 ਲੋਕਾਂ ਦੀ ਜਾਨ ਜਾ ਚੁੱਕੀ ਹੈ। ਚੀਨ ਤੋਂ ਸ਼ੁਰੂ ਹੋਈ ਬੀਮਾਰੀ ਇਟਲੀ ਅਤੇ ਈਰਾਨ ਵਿਚ ਤੇਜ਼ੀ ਨਾਲ ਫੈਲੀ ਪਰ ਛੇਤੀ ਹੀ ਇਸ ਬੀਮਾਰੀ ਨੇ ਸਪੇਨ ਅਤੇ ਅਮਰੀਕਾ ਵਿਚ ਕਹਿਰ ਵਰਸਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਵਿਚ ਪਿਛਲੇ ਇਕ ਹਫਤੇ ਦੌਰਾਨ ਪੀੜਤ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇੱਥੇ ਹੁਣ ਤੱਕ 1 ਲੱਖ ਤੋਂ ਵਧੇਰੇ ਲੋਕ ਇਸ ਬੀਮਾਰੀ ਦੀ ਜਕੜ ਵਿਚ ਆ ਚੁੱਕੇ ਹਨ। ਇਸੇ ਤਰ੍ਹਾਂ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਜਾਣਕਾਰੀ ਮੁਤਾਬਕ ਇੱਥੇ ਹੁਣ ਤੱਕ ਇਹ ਭਿਆਨਕ ਬੀਮਾਰੀ 1704 ਲੋਕਾਂ ਦੀ ਜਾਨ ਲੈ ਚੁੱਕੀ ਹੈ। ਇਨ੍ਹਾਂ ਦੇਸ਼ਾਂ ਦੇ ਨਾਲ-ਨਾਲ ਸਪੇਨ ਵਿਚ ਵੀ ਇਸ ਬੀਮਾਰੀ ਨੇ ਮਨੁੱਖੀ ਜਾਨਾਂ ਨਿਗਲਣ ਵਿਚ ਕੋਈ ਕਸਰ ਨਹੀਂ ਛੱਡੀ। ਸਪੇਨ ਵਿਚ ਹੁਣ ਤੱਕ ਇਸ ਬੀਮਾਰੀ ਨਾਲ 65 ਹਜ਼ਾਰ ਤੋਂ ਵਧੇਰੇ ਲੋਕ ਪੀੜਤ ਹੋ ਚੁੱਕੇ ਹਨ ਅਤੇ 5,138 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

 ਮਰਦਾਂ ਨੂੰ ਵਧੇਰੇ ਨਿਗਲ ਰਿਹਾ ਹੈ ਕੋਰੋਨਾ ਵਾਇਰਸ
 ਵੈੱਬਸਾਈਟ ਵਰਡਓਮੀਟਰ ਦੇ ਅੰਕੜਿਆਂ ਨੂੰ ਧਿਆਨ ਨਾਲ ਵਾਚੀਏ ਤਾਂ ਅੰਕੜੇ ਕਾਫੀ ਭੈਅਭੀਤ ਕਰਨ ਵਾਲੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਇਸ ਬੀਮਾਰੀ ਨੇ ਵੱਧ ਸ਼ਿਕਾਰ ਬਣਾਇਆ ਹੈ। ਹੁਣ ਤੱਕ ਪੁਸ਼ਟੀ ਕੀਤੇ ਗਏ ਕੇਸਾਂ ਵਿਚ ਜਿੱਥੇ ਮਰਦਾਂ ਦੀ ਮੌਤ ਦਰ 4.7 ਫੀਸਦ ਹੈ, ਉੱਥੇ ਹੀ ਔਰਤਾਂ ਦੀ ਮੌਤ ਦਰ 2.8 ਫੀਸਦ ਭਾਵ ਇਸ ਦਰ ਤੋਂ ਅੱਧੇ ਦੇ ਕਰੀਬ ਹੈ। ਇਸੇ ਤਰ੍ਹਾਂ ਜਿੰਨਾ ਕੇਸਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਨਹੀਂ ਹੋ ਸਕੀ ਉਨ੍ਹਾਂ ਦੀ ਮੌਤ ਦਰ ਵੀ ਔਰਤਾਂ ਵਿਚ ਕਾਫੀ ਘੱਟ ਹੈ। ਅੰਕੜਿਆਂ ਮੁਤਾਬਕ ਮਰਦਾਂ ਵਿਚ ਜਿੱਥੇ ਇਹ ਦਰ 2.8 ਫੀਸਦ ਹੈ, ਉੱਥੇ ਹੀ ਔਰਤਾਂ ਵਿਚ ਇਹ ਦਰ 1.7 ਫੀਸਦ ਹੈ।


ਇਨ੍ਹਾਂ ਲੋਕਾਂ ਨੂੰ ਵੀ ਵੱਧ ਲਪੇਟੇ ਵਿਚ ਲੈ ਰਹੀ ਹੈ ਇਹ ਬੀਮਾਰੀ 
ਹੁਣ ਤੱਕ ਇਸ ਬੀਮਾਰੀ ਦਾ ਸ਼ਿਕਾਰ ਉਹ ਲੋਕ ਵਧੇਰੇ ਹੋਏ ਹਨ, ਜੋ ਪਹਿਲਾਂ ਹੀ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਸਨ। ਇਨ੍ਹਾਂ ਵਿਚ ਦਿਲ ਬੀਮਾਰੀਆਂ ਦੇ ਮਰੀਜ਼, ਸ਼ੂਗਰ ਦੇ ਮਰੀਜ਼, ਸਾਹ ਦੇ ਮਰੀਜ਼, ਹਾਈਪਰਟੈਨਸ਼ਨ ਅਤੇ ਕੈਂਸਰ ਦੇ ਮਰੀਜ਼ਾਂ ਦੀ ਵੱਡੀ ਗਿਣਤੀ ਹੈ। ਇਸ ਦੇ ਨਾਲ ਬਿਮਾਰੀ ਨਾਲ ਮਰਨ ਵਾਲਿਆਂ ਵਿਚ ਬਜ਼ੁਰਗਾਂ ਦੀ ਵੱਡੀ ਗਿਣਤੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਇਮਿਊਨ ਸਿਸਟਮ ਕਮਜੋਰ ਉਨ੍ਹਾਂ ਨੂੰ ਵੀ ਇਹ ਵਾਇਰਸ ਵੱਧ ਨਿਗਲ ਰਿਹਾ ਹੈ।

 

ਇਹ ਵੀ ਪੜ੍ਹੋ  :  ਕੋਰੋਨਾ ਦਾ ਕਹਿਰ : ਇਕ ਹਫਤੇ ’ਚ ਤਿੰਨ ਗੁਣਾ ਦੇ ਕਰੀਬ ਵਧੀ ਮੌਤਾਂ ਦੀ ਗਿਣਤੀ

 

ਇਹ ਵੀ ਪੜ੍ਹੋ  :  ਹਰ ਬੁਖਾਰ, ਖੰਘ ਅਤੇ ਜ਼ੁਕਾਮ ਕੋਰੋਨਾ ਵਾਇਰਸ ਨਹੀਂ ਹੁੰਦਾ, ਇਹ ਹਨ ਸਹੀ ਲੱਛਣ

 

ਇਹ ਵੀ ਪੜ੍ਹੋ  : ਕੀ ਕੋਰੋਨਾ ਵਾਇਰਸ ਨਾਲ ਲੜ ਸਕੇਗੀ ਮਨੁੱਖੀ ਨਸਲ ?

jasbir singh

This news is News Editor jasbir singh