'ਕੋਰੋਨਾ' ਨੇ ਢਾਹਿਆ ਪੰਜਾਬ, ਇੱਕੋ ਦਿਨ ਆਏ 21 ਪਾਜ਼ੇਟਿਵ ਕੇਸ, ਜਾਣੋ ਕੀ ਨੇ ਤਾਜ਼ਾ ਹਾਲਾਤ

04/11/2020 10:18:08 AM

ਚੰਡੀਗੜ੍ਹ (ਸ਼ਰਮਾ) : ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ ਨੂੰ ਵੀ ਬੁਰੀ ਤਰ੍ਹਾਂ ਢਾਹ ਲਿਆ ਹੈ। ਸੂਬੇ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਸ਼ੁੱਕਰਵਾਰ ਨੂੰ ਇੱਕੋ ਦਿਨ 'ਚ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 11 ਮਾਮਲੇ ਮੋਹਾਲੀ ਜ਼ਿਲੇ ਨਾਲ ਜੁੜੇ ਹੋਏ ਹਨ। ਇਨ੍ਹਾਂ 11 ਮਾਮਲਿਆਂ 'ਚੋਂ 10 ਮਾਮਲੇ ਡੇਰਾਬੱਸੀ ਬਲਾਕ ਦੇ ਪਿੰਡ ਜਵਾਹਰਪੁਰ ਨਾਲ ਸਬੰਧਿਤ ਹਨ। ਇਸ ਪਿੰਡ 'ਚ ਕੋਰੋਨਾ ਵਾਇਰਸ ਦੇ 32 ਮਾਮਲੇ ਪਾਜ਼ੇਟਿਵ ਐਲਾਨੇ ਜਾ ਚੁੱਕੇ ਹਨ, ਜਦੋਂ ਕਿ 11ਵਾਂ ਮਾਮਲਾ ਜ਼ਿਲੇ ਦੇ ਮੁੰਡੀ ਖਰੜ ਇਲਾਕੇ ਦਾ ਹੈ। ਇੱਥੋਂ ਦੀ 78 ਸਾਲਾ ਔਰਤ ਨੂੰ ਕਿਸੇ ਹੋਰ ਬੀਮਾਰੀ ਕਾਰਣ ਖਰੜ ਦੇ ਸਿਵਲ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ 7 ਅਪ੍ਰੈਲ ਨੂੰ ਉਕਤ ਮਰੀਜ਼ ਦੀ ਮੌਤ ਹੋ ਗਈ ਸੀ ਪਰ ਔਰਤ ਦੇ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਏ ਜਾਣ ਦੀ ਰਿਪੋਰਟ ਸ਼ੁੱਕਰਵਾਰ ਨੂੰ ਪ੍ਰਾਪਤ ਹੋਈ, ਜਿਸ ਤੋਂ ਬਾਅਦ ਉਸ ਦੇ ਨਜ਼ਦੀਕੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਸੈਂਪਲ ਲੈਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਭਾਰਤ 'ਚ ਫਸੇ ਆਪਣੇ 3,000 ਨਾਗਰਿਕਾਂ ਨੂੰ ਵਾਪਸ ਲਿਜਾਵੇਗਾ 'ਇੰਗਲੈਂਡ', ਭੇਜੇਗਾ ਸਪੈਸ਼ਲ ਪਲੇਨ

8 ਨਵੇਂ ਮਾਮਲੇ ਪਠਾਨਕੋਟ ਜ਼ਿਲੇ ਤੋਂ ਰਿਪੋਰਟ ਹੋਏ ਹਨ, ਜਦੋਂ ਕਿ ਜਲੰਧਰ ਅਤੇ ਸੰਗਰੂਰ ਜ਼ਿਲੇ ਤੋਂ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਏ ਜਾਣ ਦਾ 1-1 ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਸੂਬੇ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 151 ਤੱਕ ਪਹੁੰਚ ਗਿਆ ਹੈ। ਸ਼ੁੱਕਰਵਾਰ ਤੱਕ ਸੂਬੇ 'ਚ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਐਲਾਨੇ ਜਾਣ ਵਾਲੇ 151 ਮਾਮਲਿਆਂ 'ਚ ਮੋਹਾਲੀ ਜ਼ਿਲੇ ਤੋਂ 48, ਐਸ. ਬੀ. ਐਸ. ਨਗਰ (ਨਵਾਂਸ਼ਹਿਰ) ਤੋਂ 19, ਪਠਾਨਕੋਟ ਤੋਂ 15, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ 12, ਮਾਨਸਾ ਅਤੇ ਅੰਮ੍ਰਿਤਸਰ ਤੋਂ 11-11, ਲੁਧਿਆਣਾ ਤੋਂ 10, ਮੋਗਾ ਤੋਂ 4, ਰੂਪਨਗਰ ਤੋਂ 3, ਫਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ ਅਤੇ ਫਰੀਦਕੋਟ ਤੋਂ 2-2, ਪਟਿਆਲਾ, ਕਪੂਰਥਲਾ ਅਤੇ ਮੁਕਤਸਰ ਜ਼ਿਲੇ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ 16 ਲੱਖ ਤੋਂ ਟੱਪੀ ਕੋਰੋਨਾ ਪੀੜਤਾਂ ਦੀ ਗਿਣਤੀ, ਪੰਜਾਬ ਵਿਚ ਵੀ ਹਾਲਾਤ ਬੁਰੇ
ਹੁਣ ਤੱਕ 20 ਮਰੀਜ਼ ਹੋਏ ਠੀਕ
ਸਰਕਾਰ ਵਲੋਂ ਜਾਰੀ ਬੁਲੇਟਿਨ ਮੁਤਾਬਕ ਹੁਣ ਤੱਕ 20 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 11 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਤੱਕ ਕੁਲ 3461 ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 151 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 2972 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। 338 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਪੰਜਾਬ 'ਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਵੇਰਵਾ
ਪਹਿਲੀ ਮੌਤ : ਸਭ ਤੋਂ ਪਹਿਲਾਂ 18 ਮਾਰਚ ਨੂੰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਦੀ ਮੌਤ ਹੋਈ, ਜੋ ਬੀਤੇ ਦਿਨੀਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ ਪਰਤਿਆ ਸੀ। 
ਦੂਜੀ ਮੌਤ : 29 ਮਾਰਚ ਨੂੰ ਨਵਾਂਸ਼ਹਿਰ ਦੇ ਪਾਠੀ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਦੀ ਮੌਤ ਹੋਈ, ਜੋ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਸੀ। 
ਤੀਜੀ ਮੌਤ : 30 ਮਾਰਚ ਨੂੰ ਲੁਧਿਆਣਾ ਦੀ 42 ਸਾਲਾ ਔਰਤ ਪੂਜਾ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਮ ਤੋੜ ਦਿੱਤਾ। 
ਚੌਥੀ ਮੌਤ : 31 ਮਾਰਚ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਭਰਤੀ ਮੋਹਾਲੀ ਦੇ 65 ਸਾਲਾ ਬਜ਼ੁਰਗ ਦੀ ਚੌਥੀ ਮੌਤ ਹੋਈ ਸੀ।
ਪੰਜਵੀਂ ਮੌਤ : 3 ਅਪ੍ਰੈਲ ਨੂੰ 5ਵੀਂ ਮੌਤ ਅੰਮ੍ਰਿਤਸਰ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ।
ਛੇਵੀਂ ਮੌਤ : ਕੋਰੋਨਾ ਨਾਲ ਛੇਵੀਂ ਮੌਤ 5 ਅਪ੍ਰੈਲ ਨੂੰ ਲੁਧਿਆਣਾ ਵਿਖੇ 70 ਸਾਲ ਦੇ ਕਰੀਬ ਮਹਿਲਾ ਦੀ ਹੋਈ। ਉਸ ਨੂੰ 31 ਮਾਰਚ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਅਤੇ 2 ਅਪ੍ਰੈਲ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ।
ਸੱਤਵੀਂ ਮੌਤ : ਪਠਾਨਕੋਟ ਜ਼ਿਲੇ 'ਚ ਪਹਿਲਾ ਪਾਜ਼ੇਟਿਵ ਕੇਸ 75 ਸਾਲਾ ਔਰਤ ਦਾ ਆਇਆ, ਜਿਸ ਨੂੰ 1 ਅਪ੍ਰੈਲ ਨੂੰ ਪਠਾਨਕੋਟ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀ। 4 ਅਪ੍ਰੈਲ ਨੂੰ ਉਸ 'ਚ ਕੋਰੋਨਾ ਦੀ ਪੁਸ਼ਟੀ ਹੋਈ, ਜਿਸ ਦੀ ਮੌਤ ਹੋ ਗਈ ਸੀ।
ਅੱਠਵੀਂ ਮੌਤ : 6 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਨਗਰ ਨਿਗਮ ਤੋਂ ਰਿਟਾਇਰ ਹੋ ਚੁੱਕੇ 65 ਸਾਲਾਂ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਹਾਲਾਂਕਿ ਪਹਿਲਾਂ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ। 5 ਅਪ੍ਰੈਲ ਨੂੰ ਦੁਬਾਰਾ ਭਰਤੀ ਕੀਤੇ ਜਾਣ 'ਤੇ ਉਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।
ਨੌਵੀਂ ਮੌਤ : 8 ਅਪ੍ਰੈਲ ਨੂੰ ਪੀ. ਜੀ. ਆਈ. 'ਚ ਭਰਤੀ ਰੋਪੜ ਦੇ 55 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਪਿੰਡ ਚਤਾਮਲੀ ਦੇ ਉਕਤ ਵਿਅਕਤੀ ਨੂੰ ਸ਼ੂਗਰ ਕਾਰਨ 2 ਅਪ੍ਰੈਲ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ।
ਦਸਵੀਂ ਮੌਤ : 9 ਅਪ੍ਰੈਲ ਨੂੰ ਜਲੰਧਰ 'ਚ ਕਾਂਗਰਸੀ ਨੇਤਾ ਦੇ 59 ਸਾਲਾ ਪਿਤਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਬੀਤੇ ਬੁੱਧਵਾਰ ਸ਼ਾਮ ਨੂੰ ਹੀ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ 'ਚ ਵੈਂਟੀਲੇਟਰ 'ਤੇ ਸਨ।

ਗਿਆਰਵੀਂ ਮੌਤ : ਇਸ ਦੇ ਨਾਲ ਹੀ 9 ਅਪ੍ਰੈਲ ਨੂੰ ਬਰਨਾਲਾ ਦੀ ਰਹਿਣ ਵਾਲੀ ਮਹਿਲਾ ਦੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ। ਇਸ ਮਹਿਲਾ ਨੇ ਲੁਧਿਆਣਾ ਦੇ ਹਸਪਾਤਲ 'ਚ ਦਮ ਤੋੜਿਆ ਸੀ।
ਬਾਰਵ੍ਹੀਂ ਮੌਤ : ਮੋਹਾਲੀ ਦੇ ਮੁੰਡੀ ਖਰੜ ਦੀ 74 ਸਾਲਾ ਔਰਤ ਦੀ 8 ਅਪ੍ਰੈਲ ਨੂੰ ਮੌਤ ਹੋ ਗਈ ਸੀ ਪਰ ਉਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਪਾਜ਼ੇਟਿਵ ਆਈ ਹੈ। ਪਹਿਲਾਂ ਉਕਤ ਔਰਤ ਦਾ ਕੋਰੋਨਾ ਟੈਸਟ ਨੈਗੇਟਿਵ ਦੱਸ ਕੇ ਉਸ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਸੀ। 8 ਅਪ੍ਰੈਲ ਨੂੰ ਅਚਾਨਕ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਨਮੂਨਾ ਜਾਂਚ ਲਈ ਭੇਜਿਆ ਗਿਆ ਸੀ, ਜਿਸ 'ਚ ਉਹ ਪਾਜ਼ੇਟਿਵ ਪਾਈ ਗਈ ਸੀ। 

ਇਹ ਵੀ ਪੜ੍ਹੋ : ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਕੰਬਾਇਨ ਨਾਲ ਵਾਢੀ ਕਰਨ ਦੀ ਮਿਲੀ ਆਗਿਆ

Babita

This news is Content Editor Babita