ਕੋਰੋਨਾ ਦੇ ਨਾਲ ਹੀ ਕੁਦਰਤੀ ਕਰੋਪੀ ਨੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਲਾਂ

04/08/2020 11:10:02 AM

ਮੋਗਾ (ਗੋਪੀ ਰਾਊਕੇ): ਦੁਨੀਆ ਭਰ ਵਿਚ 'ਕੋਰੋਨਾ' ਦੀ ਚੱਲ ਰਹੀ ਮਹਾਮਾਰੀ ਕਰ ਕੇ ਜਿੱਥੇ ਪਹਿਲਾਂ ਹੀ ਪੰਜਾਬ ਦਾ 'ਅੰਨਦਾਤਾ' ਆਪਣੀਆਂ ਪੱਕੀਆਂ ਕਣਕਾਂ ਅਤੇ ਆਲੂਆਂ ਸਮੇਤ ਹੋਰ ਫਸਲਾਂ ਦੀ ਸਹੀ ਸਾਂਭ-ਸੰਭਾਲ ਕਰਨ ਤੋਂ ਪਹਿਲਾਂ ਹੀ 'ਖੁੰਝ' ਗਿਆ ਹੈ, ਉੱਥੇ ਦੂਜੇ ਪਾਸੇ ਅੱਜ ਤੜਕਸਾਰ ਮਾਲਵਾ ਖਿੱਤੇ 'ਚ ਪਈ 'ਕਿਣ- ਮਿਣ' ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਚਿਹਰਿਆਂ ਤੋਂ ਰੌਣਕਾਂ ਗਾਇਬ ਕਰ ਦਿੱਤੀਆਂ ਹਨ। ਕਿਸਾਨਾਂ ਨੂੰ ਫ਼ਸਲ ਦੇ ਝਾੜ ਘਟਣ ਦਾ ਖ਼ਦਸ਼ਾ ਹੁਣੇ ਤੋਂ ਹੀ ਸਤਾਉਣ ਲੱਗਾ ਹੈ ਕਿਉਂਕਿ ਇਸ ਵੇਲੇ ਕਣਕ ਦੀ ਵਾਢੀ ਸ਼ੁਰੂ ਹੋਣ ਦਾ ਸਮਾਂ ਹੈ ਅਤੇ ਹੁਣ ਕਣਕ ਦੀ ਪੱਕੀ ਫ਼ਸਲ 'ਤੇ ਪਿਆ ਮੀਂਹ ਕਿਸਾਨਾਂ ਦੀਆਂ ਫ਼ਸਲਾ ਦਾ ਵੱਡਾ ਨੁਕਸਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ: ਹੁਣ ਸਰਕਾਰ ਦੀ ਮਰਜ਼ੀ ਨਾਲ ਮਿਲੇਗੀ ਮਰਿਆਂ ਨੂੰ ਮੁਕਤੀ !

'ਜਗ ਬਾਣੀ' ਵਲੋਂ ਜ਼ਿਲਾ ਮੋਗਾ ਦੇ ਚਾਰੇ ਹਲਕਿਆਂ ਤੋਂ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਪਤਾ ਲੱਗਾ ਹੈ ਕਿ ਹਾਲ ਦੀ ਘੜੀ ਬਾਰਸ਼ ਤਾਂ ਘੱਟ ਪਈ ਹੈ ਪਰ ਤੇਜ਼ ਹਵਾਵਾਂ ਕਰ ਕੇ ਕਿਸਾਨਾਂ ਦੀਆਂ ਅਗੇਤੀਆਂ ਕਣਕਾਂ ਧਰਤੀ 'ਤੇ ਵਿੱਛ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ 'ਰਗੜਾ' ਲੱਗ ਸਕਦਾ ਹੈ। ਪਿੰਡ ਧੱਲੇਕੇ ਦੇ ਕਿਸਾਨ ਅਤੇ ਯੁਵਕ ਸੇਵਾਵਾਂ ਸਪੋਰਟਸ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਜੌਹਲ ਦਾ ਕਹਿਣਾ ਸੀ ਕਿ ਪਹਿਲਾਂ ਹੀ ਸਮੁੱਚੀ ਦੁਨੀਆ ਕੋਰੋਨਾ ਕਰ ਕੇ ਬਿਪਤਾ 'ਚੋਂ ਲੰਘ ਰਹੀ ਹੈ ਅਤੇ ਹੁਣ ਫਸਲਾਂ 'ਤੇ ਕੁਦਰਤੀ ਕਰੋਪੀ ਦੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਚ ਦੇ ਆਖਰੀ ਦਿਨਾਂ ਤੋਂ ਲੈ ਕੇ ਅਪ੍ਰੈਲ ਵਿਚ ਜੋ ਵੀ ਮੀਂਹ ਪੈਂਦਾ ਹੈ ਇਸ ਨਾਲ ਕਣਕ ਦੀ ਫਸਲ ਦਾ ਨੁਕਸਾਨ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਬਹੁਤੇ ਕਿਸਾਨ ਕਰਫਿਊ ਕਰ ਕੇ ਫਸਲਾਂ ਦੀ ਸਹੀ ਸੰਭਾਲ ਨਹੀਂ ਕਰ ਸਕੇ। ਇਕ ਹੋਰ ਕਿਸਾਨ ਅੰਮ੍ਰਿਤਪਾਲ ਸਿੰਘ ਗਿੱਲ ਦੱਸਦੇ ਹਨ ਕਿ ਐਤਕੀਂ ਮਾਲਵਾ ਖਿੱਤੇ ਵਿਚ ਕਣਕ ਦੀ ਫ਼ਸਲ 'ਤੇ ਕਿਸੇ ਵੀ ਬੀਮਾਰੀ ਦਾ ਜ਼ਿਆਦਾ ਹਮਲਾ ਨਾ ਹੋਣ ਕਰ ਕੇ ਕਿਸਾਨਾਂ ਨੂੰ ਇਹ ਆਸ ਸੀ ਕਿ ਫ਼ਸਲ ਦਾ ਹੋਣ ਵਾਲਾ 'ਬੰਪਰ' ਝਾੜ ਕਿਸਾਨਾਂ ਦੇ 'ਵਾਰੇ- ਨਿਆਰੇ' ਕਰ ਦੇਵੇਗਾ ਪਰ ਪੱਕੀ ਕਣਕ 'ਤੇ ਪੈ ਰਿਹਾ ਮੀਂਹ ਫ਼ਸਲ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਕੀਤਾ ਵੱਡਾ ਐਲਾਨ

ਫ਼ਸਲਾਂ ਦਾ ਜ਼ਿਆਦਾ ਨੁਕਸਾਨ ਨਹੀਂ- ਮੁੱਖ ਖ਼ੇਤੀਬਾੜੀ ਅਫ਼ਸਰ
ਇਸ ਮਾਮਲੇ ਸਬੰਧੀ ਮੁੱਖ ਖ਼ੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਹਾਲ ਦੀ ਘੜੀ ਮੀਂਹ ਜ਼ਿਆਦਾ ਨਹੀਂ ਪਿਆ ਜਿਸ ਕਰ ਕੇ ਕਣਕ ਦੀ ਫ਼ਸਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾ ਕਿਹਾ ਕਿ ਜੇਕਰ ਹੋਰ ਮੀਂਹ ਪਿਆ ਤਾ ਨੁਕਸਾਨ ਹੋ ਸਕਦਾ ਹੈ।

Shyna

This news is Content Editor Shyna