'ਕੋਰੋਨਾ ਵਾਇਰਸ' ਤੋਂ ਬਚਣ ਲਈ ਡਾ. ਓਬਰਾਏ ਦਾ ਵੱਡਾ ਉਪਰਾਲਾ

03/19/2020 10:23:32 AM

ਪਟਿਆਲਾ (ਰਾਜੇਸ਼): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਭਰ 'ਚ 'ਕੋਰੋਨਾ ਵਾਇਰਸ' ਤੋਂ ਬਚਣ ਅਤੇ ਹੱਥ ਸਾਫ ਕਰਨ ਲਈ ਪਾਣੀ ਦੇ ਟੈਂਕਰ ਟੂਟੀਆਂ ਸਮੇਤ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਦੀ ਸ਼ੁਰੂਆਤ ਅੱਜ ਪਟਿਆਲਾ ਤੋਂ ਕੀਤੀ ਗਈ ਜਿਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਬੱਸ ਸਟਾਪ ਵਿਖੇ ਇਕ ਪਾਣੀ ਦਾ ਟੈਂਕਰ ਸਥਾਪਤ ਕਰ ਦਿੱਤਾ ਗਿਆ। ਇਸ ਨੂੰ ਲੋਕਾਂ ਲਈ ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਸਮਰਪਤ ਕੀਤਾ।

ਇਹ ਵੀ ਪੜ੍ਹੋ: ਲੁਧਿਆਣਾ 'ਚ 167 ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਨੇ ਮਚਾਈ ਹਫੜਾ-ਦਫੜੀ

ਇਸ ਮੌਕੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਹਮੇਸ਼ਾ ਹੀ ਸਮਾਜ ਸੇਵਾ ਲਈ ਅੱਗੇ ਰਹਿੰਦੇ ਹਨ। 'ਕਰੋਨਾ ਵਾਇਰਸ' ਸਬੰਧੀ ਲੋਕਾਂ ਵਿਚ ਚੇਤੰਨਤਾ ਪੈਦਾ ਕਰਨ ਲਈ ਇਹ ਬਹੁਤ ਵੱਡਾ ਉਪਰਾਲਾ ਹੈ। ਇਸ ਮੌਕੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸਾਰੇ ਪੰਜਾਬ ਵਿਚ ਆਉਂਦੇ ਦਿਨਾਂ ਤੱਕ 100 ਦੇ ਕਰੀਬ ਟੈਂਕਰ ਸਥਾਪਤ ਕਰ ਦਿੱਤੇ ਜਾਣਗੇ। ਇਨ੍ਹਾਂ ਟੈਂਕਰਾਂ ਉੱਤੇ ਸੈਂਸਰ-ਯੁਕਤ ਟੂਟੀਆਂ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਾਣੀ ਵੀ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਅੱਜ 4 ਥਾਵਾਂ 'ਤੇ ਟੈਂਕਰ ਖੜ੍ਹੇ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਇਲਾਵਾ ਰੇਲਵੇ ਸਟੇਸ਼ਨ, ਮਾਤਾ ਕੌਸ਼ੱਲਿਆ ਹਸਪਤਾਲ ਅਤੇ ਮਿੰਨੀ ਸਕੱਤਰੇਤ 'ਚ ਵੀ ਇਹ ਸਹੂਲਤ ਦਿੱਤੀ ਗਈ ਹੈ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਰਾਸ਼ਟਰੀ ਸਕੱਤਰ ਗਗਨਦੀਪ ਸਿੰਘ ਆਹੂਜਾ, ਹੈਲਥ ਸੇਵਾਵਾਂ ਦੇ ਸਲਾਹਕਾਰ ਡਾ. ਡੀ. ਐੱਸ. ਗਿੱਲ ਅਤੇ ਡਾ. ਅਟਵਾਲ ਵੀ ਹਾਜ਼ਰ ਸਨ।


Shyna

Content Editor

Related News