ਕੋਰੋਨਾ ਵਾਇਰਸ ਕਾਰਨ ਬ੍ਰੈਂਡਡ ਜੀਨ ਦਾ ਆਰਡਰ ਰੱਦ, ਪੰਜਾਬ ਦੀ ਇੰਡਸਟਰੀ ਪ੍ਰਭਾਵਿਤ

03/11/2020 4:26:40 PM

ਮਾਛੀਵਾੜਾ ਸਾਹਿਬ (ਟੱਕਰ) : ਚੀਨ ਤੋਂ ਫੈਲਿਆ ਕੋਰੋਨਾ ਵਾਇਰਸ ਜਿੱਥੇ ਦੁਨੀਆ ਭਰ 'ਚ ਮਨੁੱਖੀ ਜੀਵਨ ਲਈ ਘਾਤਕ ਸਾਬਿਤ ਹੋ ਰਿਹਾ ਹੈ, ਉਥੇ ਹੁਣ ਇਸ ਦਾ ਪੰਜਾਬ ਦੀ ਇੰਡਸਟਰੀ 'ਚ ਵੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤਹਿਤ ਇੱਕ ਅੰਤਰਰਾਸ਼ਟਰੀ ਪੱਧਰ ਦੀ ਬੈਂ੍ਰਡਡ ਜੀਨ ਕੰਪਨੀ ਵਲੋਂ ਆਪਣਾ ਮਾਲ ਨਾ ਵਿਕਣ ਕਾਰਨ ਅਗਲਾ ਆਰਡਰ ਰੱਦ ਕਰ ਦੇਣ ਨਾਲ ਸੈਂਕੜੇ ਮੁਲਾਜ਼ਮ ਬੇਰੋਜ਼ਗਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜ੍ਹੇ ਵੱਡੀ ਉਦਯੋਗਿਕ ਇਕਾਈ ਮਾਲਵਾ ਮਿੱਲ ਜਿੱਥੇ ਕਿ ਪਿਛਲੇ ਕਈ ਸਾਲਾਂ ਤੋਂ ਬ੍ਰੈਂਡਡ ਜੀਨ ਤਿਆਰ ਹੁੰਦੀ ਸੀ ਅਤੇ ਵਿਦੇਸ਼ਾਂ 'ਚ ਵੀ ਇਸ ਦੀ ਸਪਲਾਈ ਹੁੰਦੀ ਸੀ।

ਇਹ ਵੀ ਪੜ੍ਹੋ : ਆਟੋ ਇੰਡਸਟਰੀ ਲਈ ਗੁੱਡ ਨਿਊਜ਼, ਚੀਨ ਤੋਂ ਜਲਦ ਸ਼ੁਰੂ ਹੋ ਸਕਦੀ ਹੈ ਸਪਲਾਈ

ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਫੈਲਣ ਨਾਲ ਉਥੇ ਕਾਰੋਬਾਰ ਵੀ ਠੱਪ ਹੋ ਗਏ ਅਤੇ ਇਨ੍ਹਾਂ ਦੇਸ਼ਾਂ 'ਚ ਸਮਾਨ-ਸਪਲਾਈ ਕਰਨ ਦੇ ਕਈ ਆਰਡਰ ਵੀ ਰੱਦ ਹੋ ਗਏ। ਮਾਲਵਾ ਮਿੱਲ 'ਚ ਵੀ ਤਿਆਰ ਹੁੰਦੀ ਬ੍ਰੈਂਡਡ ਜੀਨ ਦਾ ਆਰਡਰ ਰੱਦ ਹੋਣ ਦਾ ਕਾਰਨ ਵੀ ਵਿਦੇਸ਼ਾਂ 'ਚ ਇਸ ਦੀ ਮੰਗ ਘਟ ਜਾਣਾ ਹੈ। ਇਸ ਜੀਨ ਦਾ ਆਰਡਰ ਰੱਦ ਹੋਣ ਕਾਰਨ ਕਰੀਬ 700 ਮੁਲਾਜ਼ਮਾਂ ਨੂੰ 2 ਮਹੀਨੇ ਦੀ ਜ਼ਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ, ਜਿਸ ਕਾਰਨ ਇਨ੍ਹਾਂ 700 ਕਾਮਿਆਂ ਨਾਲ ਜੁੜੇ ਉਨ੍ਹਾਂ ਦੇ ਹਜ਼ਾਰਾਂ ਪਰਿਵਾਰਕ ਮੈਂਬਰਾਂ ਨੂੰ ਵੀ ਰੋਟੀ ਦੇ ਲਾਲ੍ਹੇ ਪੈ ਗਏ।

ਇਹ ਵੀ ਪੜ੍ਹੋ : ਭਾਰਤ ਨੇ ਇਨ੍ਹਾਂ 3 ਦੇਸ਼ਾਂ ਦੇ ਨਾਗਰਿਕਾਂ ਦਾ ਵੀਜ਼ਾ ਅਸਥਾਈ ਰੂਪ ਨਾਲ ਕੀਤਾ ਰੱਦ

ਅੱਜ ਸਵੇਰੇ ਜ਼ਬਰੀ ਛੁੱਟੀ 'ਤੇ ਭੇਜੇ ਗਏ ਕਾਮੇ ਮਾਲਵਾ ਮਿੱਲ ਅੱਗੇ ਆਪਣੀ ਡੇਢ ਮਹੀਨੇ ਦੀ ਬਕਾਇਆ ਤਨਖਾਹ ਲੈਣ ਲਈ ਇਕੱਤਰ ਹੋਏ, ਜਿਨ੍ਹਾਂ ਦੱਸਿਆ ਕਿ ਘਰੇਲੂ ਹਾਲਾਤ ਇਹ ਬਣ ਗਏ ਹਨ ਕਿ ਮਿੱਲ ਬੰਦ ਹੋਣ ਕਾਰਨ ਬਜ਼ਾਰ 'ਚ ਉਨ੍ਹਾਂ ਨੂੰ ਕਰਿਆਨੇ ਦੀ ਦੁਕਾਨ ਤੋਂ ਉਧਾਰ ਮਿਲਣਾ ਬੰਦ ਹੋ ਗਿਆ ਅਤੇ ਜਿਨ੍ਹਾਂ ਕੁਆਰਟਰਾਂ 'ਚ ਉਹ ਕਿਰਾਏ 'ਤੇ ਰਹਿ ਰਹੇ ਹਨ, ਮਾਲਕਾਂ ਨੇ ਉਹ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਿੱਲ 'ਚ ਕੰਮ ਕਰਦੇ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਲਈ ਹੋਲੀ ਦਾ ਤਿਉਹਾਰ ਸਭ ਤੋਂ ਵੱਡਾ ਹੁੰਦਾ ਹੈ ਪਰ ਤਨਖਾਹ ਨਾ ਮਿਲਣ ਕਾਰਨ ਇਹ ਵੀ ਫਿੱਕਾ ਰਿਹਾ ਕਿਉਂਕਿ ਉਨ੍ਹਾਂ ਦੀ ਜੇਬ 'ਚ ਅੱਜ ਰੋਟੀ ਜੋਗੇ ਪੈਸੇ ਨਹੀਂ ਤਿਉਹਾਰ ਕਿੱਥੋਂ ਮਨਾਉਣ। ਮਿੱਲ ਦੇ ਗੇਟ ਅੱਗੇ ਕਈ ਘੰਟੇ ਦਾ ਇੰਤਜ਼ਾਰ ਕਰਨ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੂੰ ਮਿੱਲ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਤਾਂ ਉਹ ਆਪਣੇ ਘਰਾਂ ਨੂੰ ਪਰਤੇ।
ਹਰੇਕ ਮਜ਼ਦੂਰ ਨੂੰ ਮਿਲੇਗੀ ਤਨਖਾਹ : ਮਿੱਲ ਪ੍ਰਬੰਧਕ
ਮਾਲਵਾ ਮਿੱਲ ਪ੍ਰਬੰਧਕ ਕੇ. ਐਸ. ਵਰਮਾ ਨੇ ਗੇਟ ਅੱਗੇ ਇਕੱਠੇ ਹੋਏ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਜੋ ਵੀ ਬਕਾਇਆ ਤਨਖਾਹ ਹੈ, ਉਹ 20 ਤੋਂ 30 ਮਾਰਚ ਤੱਕ ਖਾਤਿਆਂ 'ਚ ਪੈ ਜਾਵੇਗੀ। ਇਸ ਤੋਂ ਇਲਾਵਾ ਹੋਰ ਵੀ ਜੋ ਬਕਾਇਆ ਹੋਵੇਗਾ, ਉਹ ਵੀ ਮਜ਼ਦੂਰਾਂ ਦਾ ਇੱਕ-ਇੱਕ ਪੈਸਾ ਮਿੱਲ ਅਦਾ ਕਰਨ ਦੀ ਪਾਬੰਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਿੱਲ ਮਾਲਕਾਂ ਵਲੋਂ ਇਹ ਪੂਰਨ ਕੋਸ਼ਿਸ਼ਾਂ ਹਨ ਕਿ 2 ਮਹੀਨੇ ਬਾਅਦ ਦੁਬਾਰਾ ਇੰਡਸਟਰੀ ਨੂੰ ਚਾਲੂ ਕੀਤਾ ਜਾਵੇ ਅਤੇ ਜੋ ਵੀ ਮਜ਼ਦੂਰ ਕੰਮ 'ਤੇ ਆਉਣਾ ਚਾਹੁੰਦੇ ਹਨ ਆ ਸਕਦੇ ਹਨ।
ਮਹੀਨੇ 'ਚ ਹੁੰਦੀ ਸੀ 80 ਹਜ਼ਾਰ ਜੀਨ ਤਿਆਰ
ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿੱਲ 'ਚ ਮਹੀਨੇ ਅੰਦਰ ਕਰੀਬ 80 ਹਜ਼ਾਰ ਬੈਂ੍ਰਡਡ ਜੀਨ ਬਣ ਕੇ ਤਿਆਰ ਹੁੰਦੀ ਸੀ, ਜਿਸ ਦੀ ਕੀਮਤ 5 ਕਰੋੜ ਦੇ ਕਰੀਬ ਬਣਦੀ ਹੈ। ਇਸ ਗਾਰਮੈਂਟ ਯੂਨਿਟ 'ਚ 700 ਮਜ਼ਦੂਰ ਕੰਮ ਕਰਦਾ ਸੀ ਅਤੇ ਯੂਨਿਟ ਬੰਦ ਹੋਣ ਨਾਲ ਸੈਂਕੜੇ ਮਜ਼ਦੂਰਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।

 

Babita

This news is Content Editor Babita