ਭਾਰਤ ਦੇ ''ਦਵਾਈ ਕਾਰੋਬਾਰ'' ''ਤੇ ਕੋਰੋਨਾ ਵਾਇਰਸ ਦਾ ਅਸਰ

02/17/2020 2:31:31 PM

ਲੁਧਿਆਣਾ : ਚੀਨ 'ਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੌਲੀ-ਹੌਲੀ ਭਾਰਤ ਦੇ ਦਵਾਈ ਕਾਰੋਬਾਰ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਅੰਦਰ ਅਪ੍ਰੈਲ ਤੱਕ ਦਵਾਈਆਂ ਦਾ ਭੰਡਾਰ ਮੌਜੂਦ ਹੈ, ਜਿਸ ਕਾਰਨ ਘਬਰਾਉਣ ਦੀ ਲੋੜ ਨਹੀਂ ਹੈ ਪਰ ਜੀਵਨ ਰੱਖਿਅਕ ਦਵਾਈ ਕਾਰੋਬਾਰ ਨਾਲ ਜੁੜੇ ਵੱਖ-ਵੱਖ ਕਾਰੋਬਾਰੀਆਂ ਨੇ ਦੱਸਿਆ ਕਿ ਭਾਰਤ 'ਚ ਜਿੰਨਾ ਵੀ ਦਵਾਈਆਂ ਦਾ ਕਾਰੋਬਾਰ ਹੈ, ਦਾ ਵੱਡਾ ਹਿੱਸਾ ਚੀਨ 'ਤੇ ਬਹੁਤ ਨਿਰਭਰ ਕਰਦਾ ਹੈ, ਜਿਸ ਕਰਕੇ ਕੋਰੋਨਾ ਵਾਇਰਸ ਦਾ ਅਸਰ ਭਾਰਤ 'ਤੇ ਪੈਣਾ ਲਾਜ਼ਮੀ ਹੈ।
ਦੇਸ਼ ਤੋਂ ਕੱਚੇ ਮਾਲ ਦਾ 30 ਫੀਸਦੀ ਤੋਂ ਵੱਧ ਹਿੱਸਾ ਸਿਰਫ ਚੀਨ ਤੋਂ ਆਉਂਦਾ ਹੈ, ਜੋ ਹੋਰ ਦੇਸ਼ਾਂ ਦੇ ਮੁਕਾਬਲੇ ਸਸਤਾ ਵੀ ਹੁੰਦਾ ਹੈ, ਜਦੋਂ ਕਿ ਦੇਸ਼ 'ਚ ਤਿਆਰ ਕੀਤੀਆਂ ਜਾਣ ਵਾਲੀਆਂ ਦਵਾਈਆਂ 'ਚੋਂ ਲਗਭਗ ਡੇਢ ਦਰਜਨ ਦੇ ਕਰੀਬ ਦਵਾਈਆਂ ਦੀਆਂ ਅਜਿਹੀਆਂ ਕਿਸਮਾਂ ਹਨ, ਜਿਨ੍ਹਾਂ ਲਈ ਸਾਰੇ ਦਾ ਸਾਰਾ ਕੱਚਾ ਮਾਲ ਚੀਨ ਤੋਂ ਪ੍ਰਾਪਤ ਹੁੰਦਾ ਹੈ। ਭਾਰਤ ਦੇ ਇਕ ਉੱਘੇ ਕਾਰੋਬਾਰੀ ਨੇ ਦੱਸਿਆ ਕਿ ਤਿਆਰ ਸਰਜੀਕਲ ਯੰਤਰ, ਜਿਸ 'ਚ ਵਿਸ਼ੇਸ਼ ਕਰਕੇ ਬੁਖਾਰ ਦੀ ਜਾਂਚ ਕਰਨ ਲਈ ਥਰਮਾਮੀਟਰ, ਸੈਂਸਰ ਥਰਮਾਮੀਟਰ, ਬਲੱਡ ਪ੍ਰੈਸ਼ਰ ਜਾਂਚ ਯੰਤਰ, ਸ਼ੂਗਰ ਜਾਂਚ ਯੰਤਰ, ਮਾਸਕ ਅਤੇ ਦਸਤਾਨੇ ਆਦਿ ਯੰਤਰ ਸ਼ਾਮਲ ਹਨ, ਦਾ 80 ਫੀਸਦੀ ਤੋਂ ਵੱਧ ਹਿੱਸਾ ਚੀਨ ਤੋਂ ਦੇਸ਼ 'ਚ ਆਉਂਦਾ ਹੈ, ਜਿਸ ਦੀ ਘਾਟ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ 'ਚ ਡਾਕਟਰਾਂ ਦੇ ਮਰੀਜ਼ਾਂ ਦੇ ਮੂੰਹ 'ਤੇ ਬੰਨ੍ਹਣ ਵਾਲੇ ਮਾਸਕ, ਜਿਸ ਦੀ ਕੀਮਤ ਇਕ ਰੁਪਏ ਸੀ, ਹੁਣ 10 ਤੋਂ 15 ਰੁਪਏ ਤੱਕ ਵਿਕਣਾ ਸ਼ੁਰੂ ਹੋ ਗਿਆ ਹੈ, ਜਦੋਂ ਕਿ ਲੁਧਿਆਣਾ ਦਵਾਈ ਕਾਰੋਬਾਰੀਆਂ ਕੋਲ ਜਿੰਨਾ ਮਾਸਕ ਭੰਡਾਰ  ਪਿਆ ਸੀ, ਮੁੱਕਣ ਕਿਨਾਰੇ ਹੈ।

Babita

This news is Content Editor Babita