ਹੁਸ਼ਿਆਰਪੁਰ: ਸ਼ੱਕੀ ਮਹਿਲਾ ਮਰੀਜ਼ ''ਚ ਨਹੀਂ ਪਾਏ ਗਏ ਕੋਰੋਨਾ ਵਾਇਰਸ ਦੇ ਲੱਛਣ

01/30/2020 6:52:16 PM

ਹੁਸ਼ਿਆਰਪੁਰ (ਘੁੰਮਣ)— ਜ਼ਿਲੇ 'ਚ ਕੋਰੋਨਾ ਵਾਇਰਸ ਦਾ ਹੁਣ ਤੱਕ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਡੀ. ਸੀ. ਈਸ਼ਾ ਕਾਲੀਆ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਕ ਔਰਤ ਕੈਨੇਡਾ ਤੋਂ ਚੀਨ ਹੁੰਦੇ ਹੋਏ ਹੁਸ਼ਿਆਰਪੁਰ ਪਹੁੰਚੀ ਸੀ। ਜ਼ਿਲੇ ਨਾਲ ਸਬੰਧਤ ਇਸ ਔਰਤ ਨੂੰ ਉਸ ਦੇ ਹੀ ਘਰ 'ਚ ਸਿਹਤ ਵਿਭਾਗ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ ਕਿਉਂਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਚੀਨ ਤੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ ਨਿਗਰਾਨੀ 'ਚ ਰੱਖਿਆ ਜਾਵੇ, ਭਾਵੇਂ ਉਸ 'ਚ ਕੋਰੋਨਾ ਵਾਇਰਸ ਦੇ ਲੱਛਣ ਹੋਣ ਜਾਂ ਨਾ।

ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਹਿਲਾ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਗਏ ਹਨ। ਔਰਤ ਨੂੰ ਹਲਕੀ ਖੰਘ ਅਤੇ ਬੁਖਾਰ ਸੀ, ਜੋ ਕਿ ਠੀਕ ਹੋ ਗਿਆ ਹੈ। ਸਿਹਤ ਵਿਭਾਗ ਦੀਆਂ ਗਾਈਡ ਲਾਈਨਜ਼ ਮੁਤਾਬਕ ਚੀਨ ਤੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ 28 ਦਿਨਾਂ ਤੱਕ ਉਸ ਦੇ ਘਰ 'ਚ ਹੀ ਨਿਗਰਾਨੀ (ਅੰਡਰ ਆਬਜ਼ਰਵੇਸ਼ਨ) 'ਚ ਰੱਖਿਆ ਜਾਵੇਗਾ।
ਡੀ. ਸੀ. ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦਾ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਦਾ ਇਲਾਜ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਬਣਾਏ ਗਏ ਵੱਖਰੇ ਵਾਰਡ 'ਚ ਕੀਤਾ ਜਾਵੇਗਾ। ਜ਼ਿਲਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਆਉਣ ਵਾਲੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਸ਼ੁਰੂ ਕੀਤੀ ਗਈ ਹੈ, ਤਾਂ ਜੋ ਚੀਨ ਅਤੇ ਇਸ ਵਾਇਰਸ ਤੋਂ ਪ੍ਰਭਾਵਿਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਜਾਂਚ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਨੇ ਚੀਨ ਦੀ ਯਾਤਰਾ ਕੀਤੀ ਹੋਵੇ ਅਤੇ 1 ਜਨਵਰੀ 2020 ਤੱਕ ਭਾਰਤ ਆਇਆ ਹੋਵੇ, ਉਸ ਵਿਅਕਤੀ ਲਈ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਰਿਪੋਰਟ ਕਰਨਾ ਜਾਂ 24 ਘੰਟੇ ਲਈ ਸ਼ੁਰੂ ਕੀਤੇ ਹੈਲਪਲਾਈਨ ਨੰਬਰ 104 'ਤੇ ਸੰਪਰਕ ਕਰਨਾ ਅਤੀ ਜ਼ਰੂਰੀ ਹੈ ਤਾਂ ਜੋ ਸਿਹਤ ਵਿਭਾਗ ਇਸ ਬੀਮਾਰੀ ਸਬੰਧੀ ਜਾਂਚ ਕਰ ਸਕੇ ਅਤੇ ਇਸ ਦੇ ਇਲਾਜ ਲਈ ਉਚਿਤ ਕਦਮ ਪੁੱਟੇ ਜਾ ਸਕਣ। ਜੇਕਰ ਕਿਸੇ ਵਿਅਕਤੀ ਨੇ ਚੀਨ ਦੀ ਯਾਤਰਾ ਕੀਤੀ ਹੈ ਅਤੇ ਉਸ ਨੂੰ ਬੁਖਾਰ, ਖੰਘ ਅਤੇ ਸਾਹ ਲੈਣ ਵਿਚ ਦਿੱਕਤ ਆਉਣ ਸਬੰਧੀ ਕੋਈ ਤਕਲੀਫ਼ ਨਹੀਂ ਹੈ, ਤਾਂ ਵੀ ਉਸ ਨੂੰ ਚਾਹੀਦਾ ਹੈ ਕਿ ਉਹ ਘਰ 'ਚ ਵੱਖਰਾ ਰਹਿਣ ਤੋਂ ਇਲਾਵਾ ਹਸਪਤਾਲ ਵਿਚ ਰਿਪੋਰਟ ਜ਼ਰੂਰ ਕਰੇ।

shivani attri

This news is Content Editor shivani attri