ਡੀ. ਸੀ. ਤੇ ਐੱਸ.ਐੱਸ.ਪੀ ਵੱਲੋਂ ਮੈਡੀਕਲ ਸਟਾਫ਼ ਦੀ ਹੌਂਸਲਾ ਅਫਜ਼ਾਈ, ਲੋਕਾਂ ਨੂੰ ਕੀਤੀ ਇਹ ਅਪੀਲ

04/17/2020 3:58:25 PM

ਸੰਗਰੂਰ (ਵਿਵੇਕ) : ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਸ਼ੁੱਕਰਵਾਰ ਨੂੰ ਮਲੇਰਕੋਟਲਾ ਦੇ ਸਬ ਡਵੀਜ਼ਨਲ ਹਸਪਤਾਲ ਅਤੇ ਸਰਕਾਰੀ ਹਸਪਤਾਲ ਧੂਰੀ ਦਾ ਦੌਰਾ ਕਰਕੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਹੌਂਸਲਾ ਅਫਜ਼ਾਈ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਦੌਰਾਨ ਮਰੀਜ਼ਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਦਿਨ ਰਾਤ ਦੀ ਅਣਥੱਕ ਮਿਹਨਤ ਨਾਲ ਜੋ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਉਹ ਕਾਬਿਲੇ ਤਾਰੀਫ਼ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਥੇ ਮਿਆਰੀ ਇੰਤਜ਼ਾਮ ਕਰਨ ਵਿਚ ਜੁਟੀ ਹੋਈ ਹੈ, ਉਥੇ ਹੀ ਹਸਪਤਾਲਾਂ ਦੀਆਂ ਇਮਾਰਤਾਂ ਤੇ ਡਾਕਟਰੀ ਅਮਲੇ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਤੋਂ ਦੂਰ ਰੱਖਣ ਲਈ ਵੀ ਕਾਰਜਸ਼ੀਲ ਹੈ। ਇਸ ਮੌਕੇ ਥੋਰੀ ਨੇ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿ ਉਹ ਓ.ਪੀ.ਡੀ ਸੇਵਾਵਾਂ ਹਾਸਲ ਕਰਨ ਲਈ ਹਸਪਤਾਲ ਜਾਣ ਤੋਂ ਗੁਰੇਜ਼ ਕਰਨ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ਿਲੇ ਦੀਆਂ ਸਮੂਹ ਸਬ-ਡਵੀਜ਼ਨਾਂ ਵਿਚ ਉਪਲਬਧ ਕਰਵਾਈਆਂ ਜਾ ਰਹੀਆਂ ਆਨਲਾਈਨ ਡਾਕਟਰੀ ਹੈਲਪਲਾਈਨ ਸੇਵਾਵਾਂ ਦਾ ਘਰ ਬੈਠਿਆਂ ਹੀ ਲਾਭ ਪ੍ਰਾਪਤ ਕਰਨ। 

ਥੋਰੀ ਨੇ ਕਿਹਾ ਕਿ ਜੇ ਫ਼ਿਰ ਵੀ ਕੋਈ ਮਰੀਜ਼ ਹਸਪਤਾਲ ਆ ਜਾਂਦਾ ਹੈ ਤਾਂ ਉਸ ਲਈ ਫਲੂ ਕਾਰਨਰ ਵਿਚ ਹੀ ਪੂਰੇ ਅਹਿਤਿਆਤ ਵਰਤ ਕੇ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਅਤੇ ਕੇਵਲ ਐਮਰਜੈਂਸੀ ਹਾਲਾਤ ਵਿਚ ਹੀ ਹਸਪਤਾਲ ਵਿਚ ਮਰੀਜ਼ ਦੇ ਦਾਖਲੇ ਨੂੰ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ, ਮਾਸਕ ਦੀ ਵਰਤੋਂ, ਸੈਨੇਟਾਈਜ਼ਰ ਆਦਿ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਜ਼ਰੂਰੀ ਹੈ ਅਤੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਹਰੇਕ ਵਰਗ ਅਤੇ ਉਮਰ ਦਾ ਨਾਗਰਿਕ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਰਾਜ ਕੁਮਾਰ ਤੇ ਜ਼ਿਲਾ ਐਪੀਡੋਮੋਲੋਜਿਸਟ ਡਾ. ਉਪਾਸਨਾ ਵੀ ਉਨ੍ਹਾਂ ਨਾਲ ਸਨ।

Gurminder Singh

This news is Content Editor Gurminder Singh