ਅਕਾਲੀ ਖਰੀਦ ਪ੍ਰਬੰਧਾਂ ''ਤੇ ਸਵਾਲ ਚੁੱਕਣ ਦੀ ਬਜਾਏ ਆਪਣੀ ਖਰੀਦ ''ਤੇ ਨਜ਼ਰ ਮਾਰਨ : ਕਾਕਾ ਕੰਬੋਜ

05/03/2020 5:53:03 PM

ਜਲਾਲਾਬਾਦ (ਸੇਤੀਆ) : ਕੋਰੋਨਾ ਵਾਇਰਸ ਦੇ ਸੰਕਟ ਦੀ ਸਥਿਤੀ 'ਚ ਜਲਾਲਾਬਾਦ ਦੀ ਅਨਾਜ ਮੰਡੀ 'ਚ ਜਿਸ ਤਰ੍ਹਾਂ ਖਰੀਦ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਗਿਆ ਅਤੇ ਪੂਰੇ ਸਿਸਟਮ ਤੇ ਬਿਨਾ ਰਾਜਨੀਤਿਕ ਭੇਦਭਾਵ ਤੋਂ ਖਰੀਦ ਕੀਤੀ ਗਈ, ਉਸ ਤੋਂ ਬਾਅਦ ਵਿਰੋਧੀ ਪਾਰਟੀ ਦੇ ਸਿਆਸੀ ਲੋਕਾਂ ਨੂੰ ਨਿਰਾਧਾਰ ਬਿਆਨਬਾਜ਼ੀ ਕਰਕੇ ਫੌਕੀ ਰਾਜਨੀਤੀ ਕਰਨਾ ਕਿਧਰੇ ਵੀ ਜਾਇਜ਼ ਨਹੀਂ ਹੈ। ਇਹ ਵਿਚਾਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਕਣਕ ਦਾ ਸੀਜ਼ਨ ਸ਼ੁਰੂ ਹੋਣਾ ਸੀ, ਉਦੋਂ ਪ੍ਰਸ਼ਾਸਨ ਵਲੋਂ ਅਨੁਮਾਨ ਦਿਤਾ ਗਿਆ ਸੀ ਕਿ 50 ਦਿਨਾਂ 'ਚ ਕਣਕ ਦੀ ਖਰੀਦ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਪਰ ਜੋ ਮਾਲ 40-45 ਦਿਨਾਂ ਵਿਚ ਆਉਣਾ ਸੀ ਉਹ 15 ਦਿਨਾਂ 'ਚ ਆ ਚੁੱਕਿਆ ਹੈ। ਹੁਣ ਤੱਕ ਜਲਾਲਾਬਾਦ ਅਤੇ ਇਸਦੇ ਅਧੀਨ ਪੈਂਦੇ ਫੋਕਲ ਪੁਆਇੰਟਾਂ ਤੇ 137147 ਮੀਟ੍ਰਿਕ ਟਨ ਖਰੀਦ ਹੋ ਚੁੱਕੀ ਹੈ ਅਤੇ ਸਿਰਫ 32259 ਮੀਟ੍ਰਿਕ ਟਨ ਮਾਲ ਹੀ ਲੋਡਿੰਗ ਲਈ ਬਕਾਇਆ ਹੈ। 

ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ ਜਿਸ ਤਰ੍ਹਾਂ ਆੜ੍ਹਤੀਆਂ ਨੂੰ ਗੁੰਡਾ ਟੈਕਸ ਤੋਂ ਨਿਜ਼ਾਤ ਦਿਵਾਈ ਜਾ ਗਈ ਅਜਿਹਾ ਕੰਮ ਬਿਆਨਬਾਜ਼ੀ ਕਰਨ ਵਾਲੇ ਨੇਤਾ ਵੀ ਆਪਣੇ ਸਮੇਂ ਦੌਰਾਨ ਬੰਦ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਜੋ ਲੋਕ ਪੱਖਪਾਤ ਦਾ ਦੋਸ਼ ਲਗਾ ਰਹੇ ਹਨ। ਉਨ੍ਹਾਂ ਦੀਆਂ ਚਾਰ ਫਰਮਾਂ ਦੀਆਂ ਦੁਕਾਨਾਂ ਤੋਂ 2 ਮਈ ਤੱਕ 28703 ਬੈਗ ਕਣਕ ਦੀ ਖਰੀਦ ਪਈ ਹੋਈ ਹੈ ਅਤੇ ਜੋ 3 ਮਈ ਤੱਕ 26814 ਬੈਗ ਮਾਲ ਲੋਡਿੰਗ ਹੋ ਚੁੱਕਿਆ ਹੈ ਅਤੇ ਸਿਰਫ 1900 ਗੱਟਾ ਹੀ ਉਕਤ ਦੁਕਾਨਾਂ 'ਤੇ ਬਕਾਇਆ ਹੈ। ਕਾਕਾ ਕੰਬੋਜ ਨੇ ਕਿਹਾ ਕਿ ਜੇਕਰ ਖਰੀਦ ਨਹੀਂ ਹੋ ਰਹੀ ਤਾਂ ਫਿਰ ਇਸ ਦੁਕਾਨ ਤੇ 3 ਮਈ ਤੱਕ ਕਿਵੇਂ ਖਰੀਦ ਪਈ ਹੈ ਅਤੇ ਮਾਲ ਚੁੱਕਿਆ ਗਿਆ ਹੈ। ਕਾਕਾ ਕੰਬੋਜ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਸਥਿੱਤੀ 'ਚ ਲੋਕਾਂ ਨੂੰ ਨਿਰਾਧਾਰ ਵਾਲੀ ਸਿਆਸਤ ਤੋਂ ਬਾਜ਼ ਆਉਣਾ ਚਾਹੀਦਾ ਹੈ ਕਿ ਜੋ ਆਂਕੜੇ ਸਾਹਮਣੇ ਹਨ ਉਹ ਖਰੀਦ ਪ੍ਰਬੰਧਾਂ ਦੇ ਪੁਖਤਾ ਪ੍ਰਬੰਧਾਂ ਦਾ ਸਬੂਤ ਹਨ।

Gurminder Singh

This news is Content Editor Gurminder Singh