ਲੰਮੀ ਜੱਦੋ-ਜਹਿਦ ਤੋਂ ਬਾਅਦ ਘਰ ਪਹੁੰਚੇ ਗੁਜਰਾਤ ''ਚ ਫਸੇ ਪੰਜਾਬੀ ਡਰਾਈਵਰ

03/31/2020 6:41:25 PM

ਗੁਰਦਾਸਪੁਰ (ਹਰਮਨ) : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਚਾਰੇ ਪਾਸੇ ਲੱਗੇ ਕਰਫਿਊ ਕਾਰਨ ਗੁਜਰਾਤ ਵਿਚ ਫਸੇ ਕਰੀਬ 45 ਪੰਜਾਬੀ ਅੱਜ ਆਪਣੇ ਘਰਾਂ ਵਿਚ ਪਹੁੰਚੇ ਹਨ। ਇਨ੍ਹਾਂ ਵਿਚੋਂ 11 ਦੇ ਕਰੀਬ ਡਰਾਈਵਰ ਅਤੇ ਹੋਰ ਵਿਅਕਤੀ ਜ਼ਿਲਾ ਗੁਰਦਾਸਪੁਰ ਨਾਲ ਸਬੰਧਿਤ ਹਨ ਜਿਨ੍ਹਾਂ ਨੂੰ ਲੈ ਕੇ ਆਈ ਗੱਡੀ ਅੱਜ ਸਿੱਧੀ ਸਿਵਲ ਹਸਪਤਾਲ ਪਹੁੰਚੀ, ਜਿਥੇ ਡਾਕਟਰਾਂ ਨੇ ਸਾਰੇ ਵਿਅਕਤੀਆਂ ਦੀ ਬਾਰੀਕੀ ਨਾਲ ਮੈਡੀਕਲ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਘਰਾਂ ਵਿਚ ਭੇਜ ਦਿੱਤਾ ਹੈ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਹਦਾਇਤ ਕੀਤੀ ਗਈ ਹੈ ਉਹ ਘੱਟੋ ਘੱਟ 14 ਦਿਨਾਂ ਤੱਕ ਆਪਣੇ ਘਰਾਂ ਵਿਚ ਹੀ ਬੰਦ ਰਹਿਣ। 

ਜਾਣਕਾਰੀ ਅਨੁਸਾਰ ਗੁਜਰਾਤ ਵਿਚ ਕੰਮ ਕਰਦੇ ਡਰਾਈਵਰ ਤੋਂ ਹੋਰ ਵਰਕਰ ਲਾਕਡਾਊਨ ਕਾਰਨ ਕਾਫੀ ਦਿਨਾਂ ਤੋਂ ਉਥੇ ਹੀ ਫਸੇ ਹੋਏ ਸਨ, ਜੋ ਆਖਿਰਕਾਰ ਇਕ ਗੁਰਦੁਆਰੇ ਵਿਚ ਇਕੱਠੇ ਹੋ ਕੇ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਕਈ ਦਿਨ ਗੁਰਦੁਆਰਾ ਸਾਹਿਬ ਵਿਚ ਰਹਿਣ ਤੋਂ ਬਾਅਦ ਉਹ ਉਥੋਂ ਦੇ ਪ੍ਰਸ਼ਾਸਨ ਕੋਲੋਂ ਪ੍ਰਵਾਨਗੀ ਲੈ ਕੇ ਉਥੋਂ ਟਰੱਕ ਰਾਹੀਂ ਪੰਜਾਬ ਲਈ ਰਵਾਨਾ ਹੋ ਗਏ ਪਰ ਪੰਜਾਬ ਦੇ ਬਾਰਡਰ 'ਤੇ ਆ ਕੇ ਉਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਉਥੋਂ ਟਰੱਕ ਅੱਗੇ ਨਹੀਂ ਆਉਣ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਉਥੇ ਮੈਡੀਕਲ ਜਾਂਚ ਕੀਤੀ ਗਈ ਜਿਸ ਉਪਰੰਤ ਪੰਜਾਬ ਸਰਕਾਰ ਨੇ ਖੁਦ ਗੱਡੀ ਦਾ ਪ੍ਰਬੰਧ ਕਰਕੇ ਸਾਰੇ ਵਿਅਕਤੀਆਂ ਨੂੰ ਉਨ੍ਹਾਂ ਦੇ ਜ਼ਿਲਿਆਂ ਲਈ ਰਵਾਨਾ ਕੀਤਾ। 

ਇਸ ਤਹਿਤ ਪਹਿਲਾਂ ਉਨ੍ਹਾਂ ਨੂੰ ਬਟਾਲਾ ਪਹੁੰਚਾਇਆ ਗਿਆ, ਜਿਥੋਂ ਉਨ੍ਹਾਂ ਨੂੰ ਗੁਰਦਾਸਪੁਰ ਤੋਂ ਗਈ ਗੱਡੀ ਰਾਹੀਂ ਅੱਜ ਸਵੇਰੇ ਤੜਕਸਾਰ ਸਿਵਲ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਇਥੇ ਪਹੁੰਚਣ ਤੱਕ ਭਾਵੇਂ ਉਨ੍ਹਾਂ ਨੂੰ ਆਮ ਨਾਲੋਂ ਕਾਫੀ ਜ਼ਿਆਦਾ ਸਮਾਂ ਲੱਗ ਗਿਆ ਪਰ ਰਸਤੇ ਵਿਚ ਉਨ੍ਹਾਂ ਲਈ ਖਾਣੇ ਸਮੇਤ ਹੋਰ ਤਰ੍ਹਾਂ ਦੀ ਲੋੜ ਪੂਰੀ ਕੀਤੀ ਗਈ। ਐੱਸ. ਐੱਮ. ਓ. ਡਾ. ਚੇਤਨਾ ਨੇ ਦੱਸਿਆ ਕਿ ਸਾਰੇ ਵਿਅਕਤੀ ਠੀਕ ਹਨ ਅਤੇ ਉਨ੍ਹਾਂ ਦੀ ਜਾਂਚ ਦੌਰਾਨ ਉਨ੍ਹਾਂ ਨੂੰ ਘਰਾਂ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਚ ਵੀ ਕਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਸੀ ਜਿਸ ਕਾਰਨ ਉਨ੍ਹਾਂ ਦਾ ਸੈਂਪਲ ਨਹੀਂ ਲਿਆ ਗਿਆ ਪਰ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਘਰਾਂ ਵਿਚ ਹੀ ਬੰਦ ਰਹਿਣ।


Gurminder Singh

Content Editor

Related News