ਬਰਨਾਲਾ ਜ਼ਿਲੇ ਤੋਂ ਆਈ ਚੰਗੀ ਖਬਰ, ਕੋਵਿਡ-19 ਨੂੰ ਮਾਤ ਦੇ ਕੇ 17 ਵਿਅਕਤੀ ਪਰਤੇ ਘਰ

05/16/2020 6:08:46 PM

ਬਰਨਾਲਾ (ਵਿਵੇਕ ਸਿੰਧਵਾਨੀ): ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਬਰਨਾਲਾ ਜ਼ਿਲੇ ਲਈ ਅੱਜ ਵੱਡੀ ਰਾਹਤ ਵਾਲੀ ਖ਼ਬਰ ਆਈ ਹੈ। ਜ਼ਿਲੇ ਦੇ 17 ਵਿਅਕਤੀਆਂ ਨੇ ਕੋਵਿਡ-19 ਨੂੰ ਮਾਤ ਦੇ ਦਿੱਤੀ ਹੈ। ਇਨ੍ਹਾਂ 17 ਵਿਅਕਤੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੀ ਹਾਜ਼ਰੀ ਵਿਚ ਪੱਤੀ ਸੋਹਲ ਆਈਸੋਲੇਸ਼ਨ ਸੈਂਟਰ 'ਚੋਂ ਘਰਾਂ ਨੂੰ ਭੇਜ ਦਿੱਤਾ ਗਿਆ। ਸਿਵਲ ਸਰਜਨ ਬਰਨਾਲਾ ਅਨੁਸਾਰ ਐਕਟਿਵ ਕੇਸਾਂ 'ਚੋਂ ਰਹਿੰਦੇ 2 ਵਿਅਕਤਆਂ ਨੂੰ ਵੀ ਅੱਜ ਘਰ ਭੇਜਣ ਦੀ ਤਿਆਰੀ ਹੈ, ਇਸ ਤਰ੍ਹਾਂ ਜ਼ਿਲਾ ਬਰਨਾਲਾ ਕੋਰੋਨਾ ਮੁਕਤ ਹੋ ਜਾਵੇਗਾ।

ਇਹ ਵੀ ਪੜ੍ਹੋ: ਪਟਿਆਲਾ: ਕੋਰੋਨਾ 'ਤੇ ਢਾਈ ਸਾਲਾ ਬੱਚੀ ਸਮੇਤ 34 ਵਿਅਕਤੀਆਂ ਨੇ ਕੀਤੀ ਫਤਿਹ ਹਾਸਲ

ਇਸ ਮੌਕੇ ਸਿਹਤ ਵਿਭਾਗ ਦੇ ਮੈਡੀਕਲ ਸਟਾਫ ਵਲੋਂ ਸਾਰਿਆਂ ਦੇ ਗਲਾਂ 'ਚ ਹਾਰ ਪਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ, ਜਿਸ ਦੌਰਾਨ ਸਾਰਾ ਸੈਂਟਰ ਤਾੜੀਆਂ ਨਾਲ ਗੂੰਜ ਉੱਠਿਆ। ਡਿਪਟੀ ਕਮਿਸ਼ਨਰ ਵੱਲੋਂ ਸਾਰੇ ਵਿਅਕਤੀਆਂ ਨੂੰ ਤੋਹਫੇ ਦਿੱਤੇ ਗਏ ਅਤੇ ਚੰਗੀ ਸਿਹਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਦੱਸਿਆ ਕਿ ਜ਼ਿਲੇ 'ਚ ਕੁੱਲ 21 ਕੇਸ ਕੋਰੋਨਾ ਵਾਇਰਸ ਦੇ ਪਾਏ ਗਏ ਸਨ, ਜਿਨ੍ਹਾਂ 'ਚੋਂ ਇਕ ਔਰਤ ਦੀ ਮੌਤ ਹੋ ਗਈ ਸੀ ਅਤੇ ਦੂਜੀ ਔਰਤ ਠੀਕ ਹੋ ਗਈ ਸੀ। ਬਾਕੀ ਕੇਸਾਂ 'ਚੋਂ ਕੋਰੋਨਾ ਤੋਂ ਮੁਕਤੀ ਪਾਉਣ ਵਾਲੇ 17 ਵਿਅਕਤੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ, ਰਹਿੰਦੇ 2 ਨੂੰ ਵੀ ਅੱਜ ਛੇਤੀ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਅਕਤੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਇਹ 17 ਵਿਅਕਤੀ ਨਾਂਦੇੜ ਸਾਹਿਬ ਤੋਂ ਪਰਤੇ ਸਨ।

ਇਹ ਵੀ ਪੜ੍ਹੋ: ਮੋਗਾ 'ਚ ਫਿਰ ਕੋਰੋਨਾ ਦਾ ਹਮਲਾ, 2 ਨਵੇਂ ਮਾਮਲੇ ਆਏ ਸਾਹਮਣੇ

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਬਰਨਾਲਾ ਤਰਫੋਂ ਦੋ ਬੱਚੀਆਂ ਨੂੰ ਤੋਹਫੇ ਦਿੱਤੇ ਗਏ, ਜਿਨ੍ਹਾਂ 'ਚੋਂ ਇਕ ਲੜਕੀ ਕੋਰੋਨਾ ਪਾਜ਼ੇਟਿਵ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਦੂਜੀ ਛੋਟੀ ਬੱਚੀ ਆਪਣੀ ਮਾਤਾ ਨਾਲ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਭਾਵੇਂ ਉਨ੍ਹਾਂ ਦਾ ਏਕਾਂਤਵਾਸ ਸਮਾਂ ਪੂਰਾ ਹੋ ਗਿਆ, ਪਰ ਅਜੇ ਵੀ ਉਹ ਆਪÎਣੇ ਘਰਾਂ ਵਿਚ ਜਾ ਕੇ ਪੂਰੀਆਂ ਸਾਵਧਾਨੀਆਂ ਵਰਤਣ ਤਾਂ ਜੋ ਕੋਰੋਨਾ ਵਾਇਰਸ ਦਾ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਾ ਰਹੇ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਕੋਵਿਡ-19 ਵਿਰੁੱਧ ਜੰਗ 'ਚ ਵੱਡੀ ਕਾਮਯਾਬੀ ਹੈ, ਪਰ ਅਜੇ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਥੋੜੀ ਜਿਹੀ ਲਾਪਰਵਾਹੀ ਵੀ ਵੱਡਾ ਨੁਕਸਾਨ ਕਰ ਸਕਦੀ ਹੈ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਇਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਮੂੰਹ 'ਤੇ ਮਾਸਕ ਜ਼ਰੂਰ ਪਾਉਣ।

ਇਹ ਵੀ ਪੜ੍ਹੋ: ਟੁੱਟੀ ਪਾਸ਼ ਤੇ ਦਾਸ ਦੀ ਜੋੜੀ, ਪੰਜ ਦਹਾਕੇ ਪ੍ਰਕਾਸ਼ ਸਿੰਘ ਬਾਦਲ ਦੇ ਸਾਰਥੀ ਰਹੇ ਗੁਰਦਾਸ ਬਾਦਲ

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ। ਇਸ ਮੌਕੇ ਕੋਰੋਨਾ ਵਾਇਰਸ ਤੋਂ ਮੁਕਤ ਹੋ ਕੇ ਘਰਾਂ ਨੂੰ ਜਾ ਰਹੇ ਵਿਅਕਤੀ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਭਾਵੁਕ ਹੋ ਗਏ। ਉਨ੍ਹਾਂ ਆਖਿਆ ਕਿ ਇਹ ਸਿਹਤ ਵਿਭਾਗ ਦੇ ਡਾਕਟਰਾਂ, ਹੋਰ ਸਟਾਫ ਤੇ ਮਿਲੀਆਂ ਸਹੂਲਤਾਂ ਦਾ ਹੀ ਨਤੀਜਾ ਹੈ ਕਿ ਉਹ ਬਿਲਕੁਲ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਰਹੇ ਹਨ।  ਇਸ ਮੌਕੇ ਐਸ.ਐਮ.ਓ. ਡਾਕਟਰ ਤਪਿੰਦਰਜੋਤ ਕੌਸ਼ਲ, ਡਾਕਟਰ ਮਨਪ੍ਰੀਤ ਸਿੱਧੂ, ਮਾਸ ਮੀਡੀਆ ਅਫਸਰ ਡਾ. ਪਵਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਜ਼ਿਲਾ ਬੀਸੀਸੀਸੀ ਕੋਆਰਡੀਨੇਟਰ ਹਰਜੀਤ ਸਿੰਘ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।

ਇਹ ਵੀ ਪੜ੍ਹੋ: ਫਰੀਦਕੋਟ ਜ਼ਿਲੇ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ


Shyna

Content Editor

Related News