ਜ਼ਿਲ੍ਹੇ ''ਚ ਹੁਣ ਤੱਕ 1,14,740 ਵਿਅਕਤੀਆਂ ਨੂੰ ਲਗਾਈ ਗਈ ਕੋਰੋਨਾ ਵੈਕਸੀਨ : ਡਿਪਟੀ ਕਮਿਸ਼ਨਰ

05/17/2021 2:03:23 AM

ਤਰਨਤਾਰਨ (ਰਮਨ)- ਜ਼ਿਲ੍ਹਾ ਤਰਨਤਾਰਨ ਵਿਚ ਹੁਣ ਤੱਕ 1,14,740 ਵਿਅਕਤੀਆਂ ਨੂੰ ਕੋਵਿਡ-19 ਸਬੰਧੀ ਵੈਕਸੀਨ ਦੀ ਡੋਜ਼ ਲਗਾਈ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿਚ ਯੋਗ ਲਾਭਪਾਤਰੀਆਂ ਨੂੰ ਕੋਵਿਡ-19 ਸਬੰਧੀ ਵੈਕਸੀਨ ਮੁਫਤ ਲਗਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਐੱਤਵਾਰ 65 ਨਵੇਂ ਮਾਮਲੇ ਸਾਹਮਣੇ ਆਏ ਹੈ ਅਤੇ ਦੋ ਦੀ ਮੌਤ ਹੋਈ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿਚ ਕੋਵਿਡ-19 ਦੀ ਜਾਂਚ ਲਈ ਹੁਣ ਤੱਕ ਆਰ. ਟੀ. ਪੀ. ਸੀ. ਆਰ., ਰੈਪਿਡ ਐਂਟੀਜਨ ਤੇ ਟਰੂਨੈੱਟ ਵਿਧੀ ਰਾਹੀਂ 2,36,671 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿੰਨ੍ਹਾਂ ਵਿਚੋਂ 2,28,798 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 1592 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਅੱਜ 857 ਸੈਂਪਲ ਹੋਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਜ਼ਿਲ੍ਹੇ ਅੰਦਰ ਕੋਰੋਨਾ ਦੇ 65 ਨਵੇਂ ਮਾਮਲੇ ਸਾਹਮਣੇ ਆਏ ਅਤੇ ਦੋ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਐੱਸ.ਡੀ.ਐੱਮ ਕੰਪਲੈਕਸ ਵਿਖੇ ਵੈਕਸੀਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਵਿਚ ਹੁਣ ਤੱਕ 6715 ਵਿਅਕਤੀ ਕੋਵਿਡ-19 ਤੋਂ ਪੀੜਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਰੋਨਾ ਵਾਇਰਸ ਤੋਂ ਪੀੜਤ 5653 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬੀ ਹਾਸਲ ਕਰ ਚੁੱਕੇ ਹਨ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਅੱਜ ਕੀਤੇ ਗਏ 179 ਰੈਪਿਡ ਐਂਟੀਜਨ ਟੈਸਟਾਂ ਵਿਚੋਂ 12 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 167 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।

ਜ਼ਿਲ੍ਹਾ ਤਰਨਤਾਰਨ ਵਿਚ ਇਸ ਸਮੇਂ ਕੋਵਿਡ-19 ਦੇ 799 ਐਕਟਿਵ ਕੇਸ ਹਨ, ਜਿੰਨ੍ਹਾਂ ਵਿਚੋਂ 408 ਵਿਅਕਤੀਆਂ ਨੂੰ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ ਅਤੇ 37 ਵਿਅਕਤੀ ਇਲਾਜ ਲਈ ਹੋਰ ਜ਼ਿਲ੍ਹਿਆਂ ਵਿਚ ਦਾਖਲ ਹਨ। ਇਸ ਤੋਂ ਇਲਾਵਾ 15 ਮਰੀਜ਼ਾਂ ਨੂੰ ਗੂਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਈ ਰੈਫ਼ਰ ਕੀਤਾ ਗਿਆ ਹੈ ਅਤੇ 05 ਮਰੀਜ਼ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਤਰਨਤਾਰਨ ਵਿਖੇ ਇਲਾਜ ਅਧੀਨ ਹਨ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਕਰਕੇ ਉਹ ਕੋਵਿਡ-19 ਮਹਾਮਾਰੀ ਪ੍ਰਤੀ ਸਿਹਤ ਵਿਭਾਗ ਵਲੋਂ ਜਾਰੀ ਸਾਵਧਾਨੀਆਂ ਨੂੰ ਜ਼ਰੂਰ ਅਪਣਾਉਣ ਅਤੇ ਮਾਸਕ ਪਹਿਨਣ, ਹੱਥਾਂ ਨੂੰ ਵਾਰ-ਵਾਰ ਸਾਫ਼ ਕਰਨ ਅਤੇ 2 ਗਜ਼ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣ।

Bharat Thapa

This news is Content Editor Bharat Thapa