ਸਿਵਲ ਹਸਪਤਾਲ ’ਚ ਐੱਮ. ਐੱਲ. ਆਰ., ਡੋਪ ਤੇ ਓ. ਪੀ. ਡੀ. ਤੋਂ ਪਹਿਲਾਂ ਜ਼ਰੂਰੀ ਹੋਵੇਗਾ ''ਕੋਰੋਨਾ ਟੈਸਟ''

12/04/2020 1:54:51 PM

ਲੁਧਿਆਣਾ (ਰਾਜ) : ਕੋਵਿਡ-19 ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਨਜਿੱਠਣ ਲਈ ਸਿਹਤ ਮਹਕਿਮੇ ਨੇ ਜ਼ਮੀਨੀ ਪੱਧਰ ’ਤੇ ਕਾਰਜ ਸ਼ੁਰੂ ਕਰ ਦਿੱਤੇ ਹਨ। ਇਸ ਦੇ ਤਹਿਤ ਸਿਵਲ ਹਸਪਤਾਲ 'ਚ ਐੱਮ. ਐੱਲ. ਆਰ. ਕਟਵਾਉਣ, ਡੋਪ ਟੈਸਟ ਕਰਵਾਉਣ ਅਤੇ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਲਈ ਹੁਣ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਸੈਂਪਲਿੰਗ ਦੀ ਪਰਚੀ ਦੇਣ ਤੋਂ ਬਾਅਦ ਹੀ ਉਨ੍ਹਾਂ ਦਾ ਇਲਾਜ ਸ਼ੁਰੂ ਹੋਵੇਗਾ। ਅਸਲ ’ਚ ਕੋਵਿਡ-19 ਦੇ ਸ਼ੁਰੂ 'ਚ ਸਿਵਲ ਹਸਪਤਾਲ ਦੀ ਓ. ਪੀ. ਡੀ. ਈ. ਐੱਸ. ਆਈ. ਹਸਪਤਾਲ ਸ਼ਿਫਟ ਕੀਤੀ ਗਈ ਸੀ।

ਇਸ ਤੋਂ ਇਲਾਵਾ ਡੋਪ ਟੈਸਟ ਬੰਦ ਕਰ ਦਿੱਤੇ ਗਏ ਸਨ ਪਰ ਕੋਰੋਨਾ ਮਰੀਜ਼ ਘੱਟ ਹੋਣ ਤੋਂ ਬਾਅਦ ਓ. ਪੀ. ਡੀ. ਮੁੜ ਸਿਵਲ ਹਸਪਤਾਲ 'ਚ ਸ਼ਿਫਟ ਕਰ ਦਿੱਤੀ ਗਈ ਸੀ ਅਤੇ ਡੋਪ ਟੈਸਟ ਸ਼ੁਰੂ ਕਰ ਦਿੱਤੇ ਗਏ ਸਨ ਪਰ ਹੁਣ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਮਰੀਜ਼ ਵੀ ਵਧਣੇ ਸ਼ੁਰੂ ਹੋ ਗਏ ਹਨ। ਡਾਕਟਰਾਂ ਅਤੇ ਹੋਰ ਮਰੀਜ਼ ਵਾਇਰਸ ਤੋਂ ਪੀੜਤ ਨਾ ਹੋਣ, ਇਸ ਦੇ ਲਈ ਸਿਹਤ ਮਹਿਕਮੇ ਨੇ ਨਵੇਂ ਕਦਮ ਚੁੱਕੇ ਹਨ ਕਿਉਂਕਿ ਰੋਜ਼ਾਨਾ ਹਸਪਤਾਲ ਦੀ ਓ. ਪੀ. ਡੀ., ਐੱਮ. ਐੱਲ. ਆਰ. ਲਈ ਅਮਰਜੈਂਸੀ 'ਚ ਅਤੇ ਡੋਪ ਕਰਵਾਉਣ ਲਈ ਕਈ ਲੋਕ ਆਉਂਦੇ ਹਨ।

ਅਜਿਹੇ 'ਚ ਜੇਕਰ ਇਨ੍ਹਾਂ ’ਚੋਂ ਕੋਈ ਵਾਇਰਸ ਤੋਂ ਪੀੜਤ ਹੋਵੇ ਤਾਂ ਡਾਕਟਰ ਜਾਂ ਸਟਾਫ਼ ਵੀ ਪੀੜਤ ਹੋ ਸਕਦਾ ਹੈ। ਇਸ ਲਈ ਹੁਣ ਨਵੇਂ ਹੁਕਮਾਂ ਮੁਤਾਬਕ ਸਿਵਲ ਹਸਪਤਾਲ 'ਚ ਐੱਮ. ਐੱਲ. ਆਰ., ਮੈਡੀਕਲ, ਓ. ਪੀ. ਡੀ. ਅਤੇ ਡੋਪ ਕਰਵਾਉਣ ਲਈ ਆਉਣ ਵਾਲੇ ਲੋਕਾਂ ਲਈ ਕੋਰੋਨਾ ਦਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਸੈਂਪਲਿੰਗ ਦੀ ਪਰਚੀ ਦੇਣ ਤੋਂ ਬਾਅਦ ਹੀ ਉਨ੍ਹਾਂ ਦਾ ਅਗਲਾ ਕਾਰਜ ਸ਼ੁਰੂ ਹੋਵੇਗਾ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ ਵੀਰਵਾਰ ਤੋਂ ਇਹ ਟੈਸਟ ਜ਼ਰੂਰੀ ਕਰ ਦਿੱਤੇ ਗਏ ਹਨ। ਲੋਕ ਖੁਦ ਆ ਕੇ ਟੈਸਟ ਨਹੀਂ ਕਰਵਾ ਰਹੇ। ਇਸ ਲਈ ਇਸ ਨੂੰ ਜ਼ਰੂਰੀ ਕੀਤਾ ਗਿਆ ਹੈ ਤਾਂ ਕਿ ਇਸ ਵਾਇਰਸ ਨੂੰ ਵਧਣ ਤੋਂ ਰੋਕਿਆ ਜਾ ਸਕੇ।
ਮਹਿਲਾ ਮਰਜ਼ ਨੇ ਕੀਤਾ ਹੰਗਾਮਾ
ਵੀਰਵਾਰ ਨੂੰ ਇਕ ਮਹਿਲਾ ਮਰੀਜ਼ ਨੇ ਸਿਵਲ ਹਸਪਤਾਲ ਵਿਚ ਹੰਗਾਮਾ ਕੀਤਾ। ਮਹਿਲਾ ਦਾ ਕਹਿਣਾ ਸੀ ਕਿ ਓ. ਪੀ. ਡੀ. ਤੋਂ ਡਾਕਟਰ ਤੋਂ ਚੈੱਕਅਪ ਕਰਵਾਉਣ ਤੋਂ ਬਾਅਦ ਜਦੋਂ ਉਹ ਦਵਾਈ ਲੈਣ ਲਈ ਕਾਊਂਟਰ ’ਤੇ ਗਈ ਤਾਂ ਉਥੇ ਕੋਰੋਨਾ ਟੈਸਟ ਦੀ ਪਰਚੀ ਮੰਗਣ ਲੱਗੇ। ਉਸ ਨੇ ਕਿਹਾ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਉਹ ਨਹੀਂ ਮੰਨੇ ਅਤੇ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਔਰਤ ਨੇ ਹੰਗਾਮਾ ਕੀਤਾ ਅਤੇ ਉਹ ਐੱਸ. ਐੱਮ. ਓ. ਨੂੰ ਮਿਲਣ ਲਈ ਚਲੀ ਗਈ ਪਰ ਉਥੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ।
 

Babita

This news is Content Editor Babita