ਬੇਗੋਵਾਲ ਇਲਾਕੇ ਦੇ ਕੋਰੋਨਾ ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ

04/02/2020 6:35:11 PM

ਬੇਗੋਵਾਲ,(ਰਜਿੰਦਰ)- ਹਲਕਾ ਭੁਲੱਥ ਦੀ ਐਨ. ਆਰ. ਆਈ. ਬੈਲੇਟ ਲਈ ਬਹੁਤ ਰਾਹਤ ਭਰੀ ਖਬਰ ਆਈ ਹੈ ਕਿਉਂਕਿ ਬੇਗੋਵਾਲ ਨੇੜਲੇ ਪਿੰਡ ਸੀਕਰੀ ਵਿਖੇ ਬੀਤੇ ਕੱਲ੍ਹ ਮਿਲੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਸ ਦੀ ਪੁਸ਼ਟੀ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨੇ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸ਼ੱਕੀ ਮਰੀਜ਼ ਸੀ, ਜਿਸ ਦਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਤੇ ਰਿਪੋਰਟ ਨੈਗੇਟਿਵ ਆਈ ਹੈ।  ਹੁਣ ਤੱਕ ਜਿਲਾ ਕਪੂਰਥਲਾ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਮਰੀਜ਼ ਨਹੀਂ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਬੇਗੋਵਾਲ ਨੇੜਲੇ ਪਿੰਡ ਸੀਕਰੀ ਵਿਖੇ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਮਿਲਿਆ ਸੀ। ਜਿਸ ਦੀ ਉਮਰ 60 ਸਾਲ ਹੈ, ਇਹ ਵਿਅਕਤੀ 18 ਮਾਰਚ ਨੂੰ ਇੰਗਲੈਂਡ ਤੋਂ ਪੰਜਾਬ ਪਹੁੰਚਿਆ ਸੀ। ਜਿਸ ਦੌਰਾਨ ਸਿਹਤ ਵਿਭਾਗ ਵੱਲੋਂ ਇਸ ਵਿਅਕਤੀ ਨੂੰ ਹੋਮ ਕੁਆਰਿੰਟਾਈਨ ਵੀ ਕੀਤਾ ਗਿਆ ਸੀ। ਬੀਤੇ ਦਿਨੀਂ ਬੁੱਧਵਾਰ ਨੂੰ ਪਤਾ ਲੱਗਾ ਸੀ ਕਿ ਇਸ 'ਚ ਕਰੀਬ 4 ਦਿਨਾਂ ਤੋਂ ਕੋਰੋਨਾ ਦੇ ਲੱਛਣ ਪਾਏ ਗਏ ਹਨ ਤੇ ਇਹ ਖਾਂਸੀ ਤੇ ਬੁਖਾਰ ਤੋਂ ਪੀੜਤ ਹੈ। ਜਿਸ ਉਪਰੰਤ ਇਸ ਵਿਅਕਤੀ ਨੂੰ ਪਿੰਡ ਸੀਕਰੀ ਤੋਂ ਕਪੂਰਥਲਾ ਵਿਖੇ ਆਇਸੋਲੇਸ਼ਨ ਸੈਂਟਰ ਭੇਜ ਦਿੱਤਾ ਗਿਆ ਸੀ। ਜਿਥੇ ਕੱਲ੍ਹ ਤੋਂ ਇਸ ਦਾ ਇਲਾਜ ਚੱਲ ਰਿਹਾ ਸੀ, ਇਸ ਦੌਰਾਨ ਸਾਹ ਲੈਣ 'ਚ ਮੁਸ਼ਕਿਲ ਕਾਰਨ ਸ਼ੱਕੀ ਮਰੀਜ਼ ਨੂੰ ਅੱਜ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ ਪਰ ਅੰਮ੍ਰਿਤਸਰ ਵਿਖੇ ਚੈਕਅੱਪ ਤੋਂ ਬਾਅਦ ਉਕਤ ਵਿਅਕਤੀ ਨੂੰ ਮੁੜ ਕਪੂਰਥਲਾ ਭੇਜ ਦਿੱਤਾ ਗਿਆ ਸੀ। ਇਸੇ ਦਰਮਿਆਨ ਉਕਤ ਵਿਅਕਤੀ ਦੇ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਈ ਹੈ।

Deepak Kumar

This news is Content Editor Deepak Kumar