ਜਲੰਧਰ 'ਚ ਕੋਰੋਨਾ ਮਰੀਜ਼ ਦੇ ਸਸਕਾਰ ਮੌਕੇ ਵਿਘਨ ਪਾਉਣ ਵਾਲੇ 60 ਲੋਕਾਂ ਖਿਲਾਫ ਮਾਮਲਾ ਦਰਜ

04/09/2020 9:55:40 PM

ਜਲੰਧਰ : ਸ਼ਹਿਰ 'ਚ ਕਮਿਸ਼ਨਰੇਟ ਪੁਲਸ ਵਲੋਂ ਕੋਰੋਨਾ ਮਰੀਜ਼ ਦਾ ਹਰਨਾਮਦਾਸਪੁਰਾ ਸਮਸ਼ਾਨ ਘਾਟ 'ਚ ਸਸਕਾਰ ਕਰਨ ਮੌਕੇ ਵਿਘਨ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਵਲੋਂ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ਼ ਆਈ. ਪੀ. ਸੀ. ਦੀ ਧਾਰਾ 188, 269, 270, 271, 353, 186, 149 ਅਤੇ ਮਹਾਂਮਾਰੀ ਬਿਮਾਰੀ ਕਾਨੂੰਨ 1893 ਦੀ ਧਾਰਾ 3 ਅਤੇ ਆਫ਼ਤ ਪ੍ਰਬੰਧਨ ਕਾਨੂੰਨ 1996 ਦੀ ਧਾਰਾ 51 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥਾਂ 'ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਦੀ ਪਛਾਣ ਕਰਕੇ ਸਲਾਖਾਂ ਪਿਛੇ ਭੇਜਿਆ ਜਾਵੇਗਾ। 

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਿਨਾਂ ਵਿਅਕਤੀਆਂ ਨੇ ਹਰਨਾਮਦਾਸਪੁਰਾ ਖੇਤਰ ਵਿਖੇ ਕੋਰੋਨਾ ਮਰੀਜ਼ ਦਾ ਅੰਤਿਮ ਸੰਸਕਾਰ ਕਰਨ ਤੋਂ ਜ਼ਿਲਾ ਪ੍ਰਸ਼ਾਸਨ ਨੂੰ ਰੋਕਿਆ ਹੈ। ਉਨ੍ਹਾਂ ਦੀ ਪਛਾਣ ਕਰਨ ਲਈ ਉਚ ਪੁਲਸ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਗਿਣਤੀ 'ਚ ਲੋਕਾਂ ਦਾ ਇਕੱਠੇ ਹੋਣਾ ਬਿਮਾਰੀ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ ਅਤੇ ਅਜਿਹੇ ਲੋਕਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਕਰਫ਼ਿਊ ਲੋਕਾਂ ਦੀ ਭਲਾਈ ਲਈ ਲਗਾਇਆ ਗਿਆ ਹੈ ਤਾਂ ਕਿ ਕੋਵਿਡ-19 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਣ ਤੋਂ ਰੋਕਿਆ ਜਾ ਸਕੇ। 

ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਤੋਂ ਇਲਾਵਾ ਪੁਲਸ ਵਲੋਂ ਸੈਕਟੋਰਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਕਰਮ ਭੱਲਾ ਜੈਮਲ ਨਗਰ, ਸੌਰਵ ਹਾਂਡਾ ਅਲੀ ਮੁਹੱਲਾ, ਬਲਦੇਵ ਸਿੰਘ ਫੋਲੜੀਵਾਲ, ਰਣਜੀਤ ਸਿੰਘ ਖਾਂਬਰਾ ਕਲੋਨੀ, ਨਰਿੰਦਰ ਸਿੰਘ ਲੁਹਾਰਾ, ਸਰਬਜੀਤ ਸਿੰਘ ਫੋਲੜੀਵਾਲ, ਜਤਿੰਦਰ ਅਤੇ ਮਨਦੋਸ਼ ਚਿੱਟੀਵਾਨੀ ਅਤੇ ਸੰਦੀਪ ਕੁਮਾਰ ਨਿਊ ਦਸਮੇਸ਼ ਨਗਰ ਨੂੰ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ 'ਤੇ ਕਾਬੂ ਕੀਤਾ ਗਿਆ ਹੈ।  

Deepak Kumar

This news is Content Editor Deepak Kumar