ਕੋਰੋਨਾ ਮਰੀਜ਼ਾਂ ਦੀ ਮੌਤ ਦੇ ਸਿਲਸਿਲੇ ''ਚ ਪੰਜਾਬ ਦੇਸ਼ ਭਰ ''ਚੋਂ 9ਵੇਂ ਨੰਬਰ ''ਤੇ

09/03/2020 1:34:47 AM

ਚੰਡੀਗੜ੍ਹ,(ਹਰੀਸ਼ਚੰਦਰ)- ਕੇਂਦਰ ਸਰਕਾਰ ਵਲੋਂ ਅਨਲਾਕ 4.0 ਦੇ ਤਹਿਤ ਦੇਸ਼ਭਰ 'ਚ ਜਨਤਾ ਨੂੰ ਭਾਰੀ ਰਾਹਤਾਂ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਅਜੇ ਵੀ ਬੰਦਿਸ਼ਾਂ ਜਾਰੀ ਰੱਖੀਆਂ ਹੋਈਆਂ ਹਨ। ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਵਧਦੀ ਤਾਦਾਦ ਅਤੇ ਮੌਤਾਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਈਟ ਕਰਫਿਊ ਅਤੇ ਵੀਕੈਂਡ ਲਾਕਡਾਊਨ ਵਿਚ ਕੋਈ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦਰ 2.7 ਹੈ, ਜੋ ਗੁਆਂਢੀ ਰਾਜਾਂ ਦੀ ਤੁਲਣਾ ਵਿਚ ਕਿਤੇ ਜ਼ਿਆਦਾ ਹੈ।

ਦਰਅਸਲ ਇਸ ਪਿੱਛੇ ਕਾਰਨ ਵੀ ਹੈ। ਦੇਸ਼ਭਰ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀਆਂ ਮੌਤਾਂ ਦੇ ਸਿਲਸਿਲੇ ਵਿਚ ਪੰਜਾਬ ਮਹਾਰਾਸ਼ਟਰ, ਤਮਿਲਨਾਡੂ, ਦਿੱਲੀ, ਉਤਰ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ ਅਤੇ ਪੱਛਮੀ ਬੰਗਾਲ ਤੋਂ ਬਾਅਦ 9ਵੇਂ ਨੰਬਰ 'ਤੇ ਹੈ। ਦਿੱਲੀ ਨੂੰ ਛੱਡ ਦੇਈਏ ਤਾਂ ਸਾਰੇ ਰਾਜ ਪੰਜਾਬ ਤੋਂ ਵੱਡੇ ਹਨ। ਪੰਜਾਬ ਵਿਚ ਪਹਿਲੀ ਸਤੰਬਰ ਤੱਕ 1512 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ 9 ਮਾਰਚ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਇਟਲੀ ਤੋਂ ਅੰਮ੍ਰਿਤਸਰ ਪਰਤਿਆ ਇਕ ਵਿਅਕਤੀ ਪਾਜ਼ੇਟਿਵ ਪਾਇਆ ਗਿਆ। ਇਸ ਦੇ 10 ਦਿਨ ਬਾਅਦ ਜਰਮਨੀ ਤੋਂ ਪਰਤਿਆ ਵਿਅਕਤੀ ਪਾਜ਼ੇਟਿਵ ਪਾਇਆ ਗਿਆ। 20 ਮਾਰਚ ਨੂੰ ਯੂ.ਕੇ. ਤੋਂ ਮੋਹਾਲੀ ਆਈ ਔਰਤ ਪਾਜ਼ੇਟਿਵ ਪਾਈ ਗਈ। ਅਗਲੇ ਹੀ ਦਿਨ ਅਚਾਨਕ 11 ਨਵੇਂ ਮਾਮਲੇ ਆਏ। ਇਨ੍ਹਾਂ ਵਿਚ ਨਵਾਂਸ਼ਹਿਰ ਦੇ ਛੇ ਅਤੇ ਹੁਸ਼ਿਆਰਪੁਰ ਦਾ ਇਕ ਵਿਅਕਤੀ ਅਜਿਹੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ, ਜਿਸ ਦੀ 19 ਮਾਰਚ ਨੂੰ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਵਿਅਕਤੀ ਪਾਜ਼ੇਟਿਵ ਪਾਇਆ ਗਿਆ ਸੀ।

ਪਹਿਲੀ ਅਪ੍ਰੈਲ ਤੱਕ 46 ਪਾਜ਼ੇਟਿਵ ਕੇਸ ਆਏ ਸਨ:
ਪੰਜਾਬ ਵਿਚ ਪਹਿਲੀ ਅਪ੍ਰੈਲ ਤੱਕ 46 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਗਏ ਸਨ, ਜਿਨ੍ਹਾਂ ਵਿਚ 4 ਦੀ ਮੌਤ ਹੋ ਗਈ ਸੀ। ਪਹਿਲੀ ਮਈ ਨੂੰ ਕੁਲ ਕੇਸ 630 ਅਤੇ ਮੌਤਾਂ ਪੰਜ ਗੁਣਾ ਵਧ ਕੇ 20 ਤੱਕ ਪਹੁੰਚ ਗਈਆਂ। ਇਸ ਤੋਂ ਬਾਅਦ ਇਹ ਸਿਲਸਿਲਾ ਰੋਜ਼ਾਨਾ ਵਧਦਾ ਹੋਇਆ ਹਰ ਮਹੀਨੇ ਦੇ ਗ੍ਰਾਫ਼ ਨੂੰ ਕਾਫ਼ੀ ਅੱਗੇ ਲੈ ਗਿਆ। ਪਹਿਲੀ ਜੂਨ ਨੂੰ 38 ਨਵੇਂ ਕੇਸ ਸਾਹਮਣੇ ਆਏ ਅਤੇ ਕੁਲ ਮਰੀਜ਼ 2301 ਹੋ ਗਏ, ਜਿਨ੍ਹਾਂ ਵਿਚ 44 ਦੀ ਇਸ ਖਤਰਨਾਕ ਬਿਮਾਰੀ ਨਾਲ ਮੌਤ ਹੋ ਗਈ।

ਇਹ ਸਿਲਸਿਲਾ ਇੱਥੇ ਨਹੀਂ ਰੁਕਿਆ। ਪਹਿਲੀ ਜੁਲਾਈ ਨੂੰ 101 ਨਵੇਂ ਮਾਮਲੇ ਆਏ ਜਦੋਂ ਕਿ ਮਰੀਜ਼ਾਂ ਦੀ ਕੁਲ ਤਾਦਾਦ 5668 ਹੋ ਗਈ। ਉਦੋਂ ਤੱਕ 149 ਮਰੀਜ਼ਾਂ ਦੀ ਮੌਤ ਵੀ ਹੋ ਗਈ ਸੀ। ਅਗਸਤ ਮਹੀਨੇ ਦੀ ਪਹਿਲੀ ਤਰੀਕ ਨੂੰ ਪਾਜ਼ੇਟਿਵ ਮਰੀਜ਼ਾਂ ਦੇ 944 ਨਵੇਂ ਮਾਮਲੇ ਸਾਹਮਣੇ ਆਏ। ਉਦੋਂ ਕੱਲ ਮਰੀਜ਼ 17063 ਦਾ ਅੰਕੜਾ ਛੂਹ ਚੁੱਕੇ ਸਨ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦਾ ਅੰਕੜਾ 400 ਪਾਰ ਕਰਕੇ 405 ਤੱਕ ਪਹੁੰਚ ਗਿਆ। ਭਾਵ ਮਾਰਚ, ਅਪ੍ਰੈਲ, ਮਈ ਅਤੇ ਜੂਨ ਵਿਚ ਜਿੰਨੇ ਕੇਸ ਸਾਹਮਣੇ ਆਏ ਸਨ, ਉਸ ਤੋਂ ਕਰੀਬ ਦੁੱਗਣੇ ਕੇਸ ਇਕੱਲੇ ਜੁਲਾਈ ਮਹੀਨੇ ਵਿਚ ਆ ਗਏ। ਬੀਤੇ ਅਗਸਤ ਵਿਚ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ ਤੇ ਪਹਿਲੀ ਸਤੰਬਰ ਤੱਕ ਪੰਜਾਬ ਭਰ ਵਿਚ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪਹਿਲੀ ਅਗਸਤ ਤੱਕ 17063 ਮਾਮਾਲੇ ਅਤੇ 405 ਮੌਤਾਂ ਦੇ ਮੁਕਾਬਲੇ ਪਹਿਲੀ ਸਤੰਬਰ ਦੇ ਆਂਕੜੀਆਂ ਤੋਂ ਜ਼ਾਹਿਰ ਸਾਫ਼ ਹੈ ਕਿ ਬੀਤੇ ਇਕ ਮਹੀਨੇ ਵਿਚ 38445 ਮਰੀਜ਼ ਵਧੇ ਜਦੋਂ ਕਿ ਇਕ ਮਹੀਨੇ ਵਿਚ 1107 ਮੌਤਾਂ ਤੋਂ ਜ਼ਾਹਿਰ ਹੈ ਕਿ ਹਾਲਾਤ ਬੇਹੱਦ ਖੌਫ਼ਨਾਕ ਬਣ ਚੁੱਕੇ ਹਨ।

Deepak Kumar

This news is Content Editor Deepak Kumar