ਚੰਡੀਗੜ੍ਹ ’ਚ ਕੋਰੋਨਾ ਦਾ ਕਹਿਰ ਜਾਰੀ, 10 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

07/13/2020 1:36:26 AM

ਚੰਡੀਗੜ੍ਹ,(ਪਾਲ)- ਪਿਛਲੇ ਦੋ ਦਿਨਾਂ ਵਿਚ ਦੋ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਪੀ. ਜੀ. ਆਈ. ਸਕੂਲ ਆਫ ਪਬਲਿਕ ਹੈਲਥ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਪਹਿਲਾ ਕੇਸ ਆਉਣ ਦੇ ਬਾਵਜੂਦ ਸਟਾਫ ਨੂੰ ਬੁਲਾਇਆ ਗਿਆ ਪਰ ਸ਼ਨੀਵਾਰ ਵੀ ਪਾਜ਼ੇਟਿਵ ਕੇਸ ਆਉਣ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ, ਜਿਸ ਤੋਂ ਬਾਅਦ ਬਿਲਡਿੰਗ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਬਿਲਡਿੰਗ ਨੂੰ ਫਿਲਹਾਲ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਐਤਵਾਰ ਵੀ ਇਲੈਕਟ੍ਰੀਕਲ ਵਿਭਾਗ ਦਾ ਇਕ ਐੱਸ. ਡੀ. ਓ. ਪਾਜ਼ੇਟਿਵ ਨਿਕਲਿਆ। ਉਹ ਮੋਹਾਲੀ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਐੱਨ. ਐੱਚ. ਈ. ਵਿਚ ਦਾਖਲ ਕਰ ਲਿਆ ਗਿਆ ਹੈ। ਉੱਥੇ ਹੀ ਪੀ. ਜੀ. ਆਈ. ਬਲੱਡ ਟਰਾਂਸਫਿਊਜ਼ਨ ਡਿਪਾਰਟਮੈਂਟ ਦੇ ਇਕ ਸੀਨੀਅਰ ਰੈਜ਼ੀਡੈਂਟ ਡਾਕਟਰ ਵਿਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਹੈ। ਫਿਲਹਾਲ ਇਨਫੈਕਸ਼ਨ ਦਾ ਸੋਰਸ ਨਹੀਂ ਪਤਾ ਲੱਗਾ ਹੈ। ਡਾਕਟਰ ਦੇ ਸੰਪਰਕ ਵਿਚ ਆਏ ਸਟਾਫ ਨੂੰ ਟਰੇਸ ਕੀਤਾ ਜਾ ਰਿਹਾ ਹੈ। ਡਾਕਟਰ ਨੂੰ ਨਹਿਰੂ ਐਕਸਟੈਂਸ਼ਨ ਸੈਂਟਰ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਐਤਵਾਰ ਸ਼ਹਿਰ ਵਿਚ 10 ਲੋਕਾਂ ਵਿਚ ਕੋਰੋਨਾ ਪਾਇਆ ਗਿਆ। ਇਸ ਦੇ ਨਾਲ ਹੀ ਹਿਸਟੋਪੈਥੋਲੋਜੀ ਵਿਭਾਗ ਤੋਂ ਇਕ ਅਤੇ ਪੈਰਾਸਿਟੋਲੋਜੀ ਤੋਂ ਵੀ ਇਕ ਸਟਾਫ ਮੈਂਬਰ ਪਾਜ਼ੇਟਿਵ ਪਾਇਆ ਗਿਆ ਹੈ। ਟਰੇਸਿੰਗ ਟੀਮ ਨੇ ਹਿਸਟੋਪੈਥੋਲੋਜੀ ਵਿਭਾਗ ਤੋਂ 6 ਅਤੇ ਪੈਰਾਸਿਟੋਲੋਜੀ ਤੋਂ 2 ਲੋਕਾਂ ਨੂੰ ਹੋਮ ਕੁਆਰਨਟਾਈਨ ਕੀਤਾ ਹੈ।

ਲੱਛਣਾਂ ਨੂੰ ਅਣਦੇਖਿਆ ਕਰਦਾ ਰਿਹਾ ਐੱਸ. ਡੀ. ਓ.

ਐੱਸ. ਡੀ. ਓ. ਇਕ ਦਿਨ ਪਹਿਲਾਂ ਪੀ. ਜੀ. ਆਈ. ਐੱਸ. ਐੱਚ. ਈ. ਨੂੰ ਮਿਲ ਕੇ ਆਇਆ ਸੀ। ਇਹੀ ਨਹੀਂ, ਉਸ ਨੇ ਨਹਿਰੂ ਐਕਸਟੈਂਸ਼ਨ ਸੈਂਟਰ ਵਿਚ ਜਾ ਕੇ ਕੰਮ ਵੀ ਕਰਵਾਇਆ ਹੈ। ਕਈ ਦਿਨਾਂ ਤੋਂ ਇਸ ਵਿਚ ਕੋਰੋਨਾ ਸਬੰਧੀ ਲੱਛਣ ਸਨ, ਜਿਸ ਨੂੰ ਉਸ ਨੇ ਖੁਦ ਅਣਦੇਖਿਆ ਕੀਤਾ। ਰੋਜ਼ਾਨਾ ਦਫ਼ਤਰ ਆਉਣ ਤੋਂ ਇਲਾਵਾ ਦੂਜੇ ਕਰਮਚਾਰੀਆਂ ਨਾਲ ਇਸ ਦਾ ਉੱਠਣਾ-ਬੈਠਣਾ ਅਤੇ ਖਾਣਾ-ਪੀਣਾ ਸੀ। ਪੀ. ਜੀ. ਆਈ. ਦੀ ਟਰੇਸਿੰਗ ਟੀਮ ਨੇ ਫਿਲਹਾਲ 10 ਲੋਕਾਂ ਨੂੰ ਟਰੇਸ ਕੀਤਾ ਹੈ, ਜੋ ਇਸ ਦੇ ਸੰਪਰਕ ਵਿਚ ਆਏ ਸਨ। ਇਸ ਤੋਂ ਇਲਾਵਾ ਇਕ ਜੇ. ਈ. ਦੇ ਸੈਂਪਲ ਵੀ ਐਤਵਾਰ ਲਏ ਗਏ ਹਨ।

ਸੈਕਟਰ-45 ’ਚ ਇਕ ਹੀ ਪਰਿਵਾਰ ਦੇ 4 ਮੈਂਬਰ ਇਨਫੈਕਟਿਡ

ਮਰੀਜ਼ਾਂ ਵਿਚ ਸੈਕਟਰ-32 ਤੋਂ 39 ਸਾਲ ਦਾ ਇਕ ਨੌਜਵਾਨ ਹੈ। ਉਸ ਦੇ ਪਰਿਵਾਰ ਵਿਚ 4 ਮੈਂਬਰ ਹਨ ਜਦੋਂਕਿ ਇਕ ਹੀ ਬਿਲਡਿੰਗ ਵਿਚ 7 ਪਰਿਵਾਰਾਂ ਦੇ ਸੰਪਰਕ ਹਨ। ਫਿਲਹਾਲ ਕਿਸੇ ਵਿਚ ਵੀ ਕੋਰੋਨਾ ਦਾ ਕੋਈ ਲੱਛਣ ਨਹੀਂ ਹੈ। ਸੈਕਟਰ-19 ਤੋਂ 60 ਸਾਲ ਦਾ ਵਿਅਕਤੀ ਪਾਜ਼ੇਟਿਵ ਮਿਲਿਆ। ਉਸ ਦੇ 4 ਪਰਿਵਾਰਕ ਮੈਂਬਰ ਸੰਪਰਕ ਅਤੇ 4 ਵਰਕ ਪਲੇਸ ਸੰਪਰਕ ਹਨ, ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਹੈ। ਸੈਕਟਰ-45 ਤੋਂ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਰਿਵਾਰ ਵਿਚ ਪਹਿਲਾਂ ਤੋਂ ਪਾਜ਼ੇਟਿਵ ਕੇਸ ਹੈ। ਮਰੀਜ਼ਾਂ ਵਿਚ 58 ਸਾਲ ਦਾ ਵਿਅਕਤੀ, 30 ਸਾਲ ਦੀ ਲੜਕੀ, 50 ਸਾਲ ਦੀ ਔਰਤ ਅਤੇ 28 ਸਾਲ ਦਾ ਨੌਜਵਾਨ ਹੈ। ਸੈਕਟਰ-21 ਤੋਂ 45 ਸਾਲ ਦੀ ਔਰਤ ਅਤੇ 23 ਸਾਲ ਦਾ ਨੌਜਵਾਨ ਇਨਫੈਕਟਿਡ ਮਿਲੇ। ਕੁਝ ਦਿਨ ਪਹਿਲਾਂ ਪਰਿਵਾਰ ਵਿਚ ਕੋਰੋਨਾ ਪਾਜ਼ੇਟਿਵ ਕੇਸ ਆਇਆ ਸੀ। ਸੈਕਟਰ-63 ਵਿਚ 54 ਸਾਲ ਦੀ ਔਰਤ ਪਾਜ਼ੇਟਿਵ ਪਾਈ ਗਈ ਹੈ। ਉਸ ਦੇ ਪਰਿਵਾਰ ਵਿਚ 2 ਮੈਂਬਰ ਹਨ, ਜਿਨ੍ਹਾਂ ਦੀ ਸੈਂਪਲਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਸੈਕਟਰ-7 ਤੋਂ 58 ਸਾਲ ਦਾ ਵਿਅਕਤੀ ਵੀ ਇਨਫੈਕਟਿਡ ਪਾਇਆ ਗਿਆ ਹੈ। ਮਰੀਜ਼ ਦਿੱਲੀ ਦਾ ਰਹਿਣ ਵਾਲਾ ਹੈ ਪਰ ਚੰਡੀਗੜ੍ਹ ਦੇ ਸੀ. ਪੀ. ਡਬਲਯੂ. ਡੀ. ਵਿਭਾਗ ਵਿਚ ਕੰਮ ਕਰਦਾ ਹੈ। ਹੁਣ ਸ਼ਹਿਰ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 559 ਤੱਕ ਪਹੁੰਚ ਗਈ ਹੈ ਜਦੋਂਕਿ ਐਕਟਿਵ ਕੇਸ 134 ਹਨ।

Bharat Thapa

This news is Content Editor Bharat Thapa