ਕੋਰੋਨਾ ਕਾਰਣ ਖੂਨ ਦੇ ਟੁੱਟਦੇ ਰਿਸ਼ਤਿਆਂ ਦੀ ਨਵਾਂਸ਼ਹਿਰੀਆਂ ਨੇ ਰੱਖੀ ਲਾਜ

04/08/2020 11:25:58 PM

ਨਵਾਂਸ਼ਹਿਰ, (ਤ੍ਰਿਪਾਠੀ)- ਇਕ ਪਾਸੇ ਜਿੱਥੇ ਕੋਰੋਨਾ ਕਾਰਣ ਆਪਣਿਆਂ ਵੱਲੋਂ ਹੀ ਮ੍ਰਿਤਕ ਸਰੀਰਾਂ ਦੇ ਅੰਤਿਮ ਸੰਸਕਾਰ ਤੋਂ ਦੂਰ ਰਹਿਣ ਕਾਰਣ ਖੂਨ ਦੇ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦੀਆਂ ਖਬਰਾਂ ਆ ਰਹੀਆਂ ਹਨ, ਉੱਥੇ ਨਵਾਂਸ਼ਹਿਰ ਦੇ ਕੋਰੋਨਾ ਤੋਂ ਮੁਕਤ ਹੋਏ ਮਰੀਜ਼ ਜ਼ਿਲਾ ਸਿਵਲ ਹਸਪਤਾਲ ’ਚ ਆਪਣਿਆਂ ਦੇ ਠੀਕ ਹੋਣ ਤੱਕ ਉੱਥੇ ਹੀ ਰਹਿਣ ਲਈ ਬਜ਼ਿੱਦ ਹਨ।

ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਸਿਹਤਯਾਬ ਹੋਣ ਤੱਕ ਇੱਥੇ ਹੀ ਰਹਾਂਗਾ : ਫਤਿਹ ਸਿੰਘ

ਪਠਲਾਵਾ ਤੋਂ ਸਵਰਗੀ ਬਾਬਾ ਬਲਦੇਵ ਸਿੰਘ ਦੇ ਪੱੁਤਰ ਫਤਿਹ ਸਿੰਘ ਦਾ ਲਗਾਤਾਰ ਦੂਸਰਾ ਟੈਸਟ ਚਾਹੇ 6 ਅਪ੍ਰੈਲ ਨੂੰ ਨੈਗੇਟਿਵ ਆਉਣ ਨਾਲ ਉਹ ਸਿਹਤ ਵਿਭਾਗ ਵੱਲੋਂ ਸਿਹਤਯਾਬ ਐਲਾਨ ਦਿੱਤਾ ਗਿਆ ਸੀ ਪਰ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਸਿਹਤਯਾਬ ਹੋਣ ਤੱਕ ਇੱਥੇ ਹੀ ਰਹੇਗਾ। ਉਸ ਦੇ ਹੋਰਨਾਂ ਪਰਿਵਾਰਕ ਮੈਂਬਰਾਂ ’ਚੋਂ 7 ਅਪ੍ਰੈਲ ਨੂੰ ਬੇਟੀ ਗੁਰਲੀਨ ਕੌਰ, ਪੁੱਤਰ ਮਨਜਿੰਦਰ ਸਿੰਘ, ਭਤੀਜੀਆਂ ਹਰਪ੍ਰੀਤ ਕੌਰ ਅਤੇ ਕਿਰਨਪ੍ਰੀਤ ਕੌਰ ਦੀਆਂ ਰਿਪੋਰਟਾਂ ਚਾਹੇ ਨੈਗੇਟਿਵ ਆ ਚੁੱਕੀਆਂ ਹਨ ਪਰ ਪਰਿਵਾਰਕ ਸਾਂਝ ਏਨੀ ਮਜ਼ਬੂਤ ਹੈ ਕਿ ਇਸ ਮੁਸ਼ਕਲ ਦੇ ਸਮੇਂ ’ਚ ਵੀ ਪਰਿਵਾਰ ਇਕਜੁੱਟ ਹੈ।

ਜਦੋਂ ਤੱਕ ਸੇਵਕ ਦਾ ਟੈਸਟ ਨੈਗੇਟਿਵ ਨਹੀਂ ਆਉਂਦਾ, ਉਹ ਉਸ ਦੀ ਉਡੀਕ ਕਰਨਗੇ : ਬਾਬਾ ਗੁਰਬਚਨ ਸਿੰਘ

ਇਸੇ ਤਰ੍ਹਾਂ ਗੁਰਦੁਆਰਾ ਸੰਤ ਬਾਬਾ ਘਨ੍ਹਈਆ ਸਿੰਘ ਜੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਦਾ ਆਈਸੋਲੇਸ਼ਨ ਵਾਰਡ ’ਚ ਰਹਿਣ ਉਪਰੰਤ ਕੱਲ ਦੂਸਰਾ ਟੈਸਟ ਵੀ ਨੈਗੇਟਿਵ ਆ ਗਿਆ ਪਰੰਤੂ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਨਾਲ ਰਹਿਣ ਵਾਲੇ ਸੇਵਕ ਦਾ ਟੈਸਟ ਨੈਗੇਟਿਵ ਨਹੀਂ ਆਉਂਦਾ, ਉਹ ਉਸ ਦੀ ਉਡੀਕ ਕਰਨਗੇ। ਇਸੇ ਤਰ੍ਹਾਂ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਦੇ ਲਧਾਣਾ ਝਿੱਕਾ ਦੇ ਬਾਬਾ ਦਲਜਿੰਦਰ ਸਿੰਘ ਦਾ ਟੈਸਟ ਵੀ ਕੱਲ ਦੂਸਰੀ ਵਾਰ ਨੈਗੇਟਿਵ ਆਇਆ ਹੈ ਪਰੰਤੂ ਉਹ ਵੀ ਬਾਬਾ ਜੀ ਦੇ ਨਾਲ ਹੀ ਜਾਣਗੇ।

ਮਾਤਾ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸੇਵਾ ’ਚ ਜੁਟੇ ਹੋਏ ਹਨ ਹਰਪਾਲ ਸਿੰਘ

ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦਾ ਆਪਣੀ ਮਾਤਾ ਪ੍ਰੀਤਮ ਕੌਰ ਨਾਲ ਏਨਾ ਗੂਡ਼੍ਹਾ ਪਿਆਰ ਹੈ ਕਿ ਉਹ ਆਪਣੇ ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਮਾਤਾ ਜੀ ਦੀ ਸੇਵਾ ’ਚ ਜੁਟੇ ਹੋਏ ਹਨ। ਉਨ੍ਹਾਂ ਦੀ ਮਾਤਾ ਵੀ ਪਾਜ਼ੇਟਿਵ ਆਉਣ ਤੋਂ ਬਾਅਦ ਆਈਸੋਲੇਸ਼ਨ ਵਾਰਡ ’ਚ ਲਿਆਂਦੇ ਗਏ ਸਨ, ਜਿਨ੍ਹਾਂ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੋਂ ਬਾਅਦ ਦੁਬਾਰਾ ਪਹਿਲਾ ਸੈਂਪਲ ਟੈਸਟ ਲਈ ਭੇਜਿਆ ਗਿਆ ਹੈ।

ਮਾਂ ਤੋਂ ਵੱਖ ਹੋਣ ਲਈ ਤਿਆਰ ਨਹੀਂ ਪੁੱਤਰ

ਫਤਿਹ ਸਿੰਘ ਦਾ ਦੋ ਸਾਲ ਦਾ ਪੁੱਤਰ ਮਨਜਿੰਦਰ ਸਿੰਘ ਆਈਸੋਲੇਸ਼ਨ ਸਮਾਂ ਪੂਰਾ ਕਰਨ ਤੋਂ ਬਾਅਦ ਕੱਲ 7 ਅਪ੍ਰੈਲ ਨੂੰ ਲਗਾਤਾਰ ਦੂਸਰੇ ਟੈਸਟ ’ਚ ਨੈਗੇਟਿਵ ਆ ਚੁੱਕਾ ਹੈ ਪਰ ਮਾਂ ਤੋਂ ਅਲੱਗ ਨਹੀਂ ਹੋ ਰਿਹਾ। ਦੋਵੇਂ ਮਾਂ-ਪੁੱਤ ਇਕੱਠੇ ਹੀ ਹਨ।

ਸਵ. ਬਲਦੇਵ ਸਿੰਘ ਦੇ ਫੁੱਲ ਪਰਿਵਾਰਕ ਮੈਂਬਰਾਂ ਦੇ ਬਾਹਰ ਆਉਣ ’ਤੇ ਹੀ ਚੁਗੇ ਜਾਣਗ

ਆਈਸੋਲੇਸ਼ਨ ਵਾਰਡ ’ਚ ਮੌਜੂਦ ਸਵਰਗੀ ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਇਸ ਮੁਸ਼ਕਲ ਦੀ ਘਡ਼ੀ ’ਚ ਵੀ ਸਾਂਝ ਏਨੀ ਪੀਡੀ ਬਣੀ ਹੋਈ ਹੈ ਕਿ ਉਹ ਇਕ-ਦੂਸਰੇ ਦੀ ਤੰਦਰੁਸਤੀ ਦੀਆਂ ਦੁਆਵਾਂ ਕਰਦੇ ਹਨ। ਪਰਿਵਾਰ ਇਸ ਗੱਲ ’ਤੇ ਵੀ ਇਕਜੁੱਟ ਹੈ ਕਿ ਸਵਰਗੀ ਬਲਦੇਵ ਸਿੰਘ ਦੇ ਫੁੱਲ ਚੁਗਣ ਦੀ ਰਸਮ ਵੀ, ਸਮੁੱਚੇ ਪਰਿਵਾਰਕ ਮੈਂਬਰਾਂ ਦੇ ਬਾਹਰ ਆਉਣ ’ਤੇ ਹੀ ਕੀਤੀ ਜਾਵੇਗੀ।

ਇਲਾਜ ਅਧੀਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੇਵਾ ’ਚ ਕਮੀ ਨਹੀਂ ਰੱਖੀ ਜਾਵੇਗੀ : ਐੱਸ. ਐੱਮ. ਓ.

ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਕੋਰੋਨਾ ਦੀ ਦਹਿਸ਼ਤ ਆਪਸੀ ਰਿਸ਼ਤੇ ਖਤਮ ਕਰ ਰਹੀ ਹੈ ਤਾਂ ਨਵਾਂਸ਼ਹਿਰ ਦੇ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਪਰਿਵਾਰਕ ਤੇ ਸਮਾਜਕ ਰਿਸ਼ਤਿਆਂ ਦੀ ਸਾਂਝ ਪਹਿਲਾਂ ਤੋਂ ਵੀ ਮਜ਼ਬੂਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਠੀਕ ਹੋਏ ਮਰੀਜ਼ਾਂ ਨੂੰ ਦੂਸਰੇ ਮਰੀਜ਼ਾਂ ਤੋਂ ਅਲੱਗ ਵਾਰਡ ’ਚ ਰੱਖਿਆ ਗਿਆ ਹੈ ਤਾਂ ਜੋ ਉਹ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਦੀਆਂ ਰਿਪੋਰਟਾਂ ਦੀ ਉਡੀਕ ਕਰ ਸਕਣ। ਉਨ੍ਹਾਂ ਕਿਹਾ ਕਿ ਹਸਪਤਾਲ ਸਟਾਫ਼ ਵੱਲੋਂ ਇਲਾਜ ਅਧੀਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੇਵਾ ਭਾਵਨਾ ’ਚ ਕੋਈ ਕਮੀ ਨਹੀਂ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਆਈਸੋਲੇਸ਼ਨ ਵਾਰਡ ਲਈ ਸੇਵਾ ਨਿਭਾਉਣ ਵਾਲੇ ਸਟਾਫ਼ ’ਚ ਮਾਹਿਲਪੁਰ ਤੋਂ ਇੱਥੇ ਭੇਜੇ ਗਏ ਮੈਡੀਕਲ ਸਪੈਸ਼ਲਿਸਟ ਡਾ. ਨਿਰਮਲ ਕੁਮਾਰ ਤਾਂ ਇੱਥੇ ਪੱਕੇ ਤੌਰ ’ਤੇ ਹੀ ਸੇਵਾ ਨਿਭਾਉਣ ਲਈ ਤਿਆਰ ਹੋ ਗਏ ਹਨ। ਹੋਰਨਾਂ ਡਾਕਟਰਾਂ ’ਚ ਡਾ. ਸਤਿੰਦਰਪਾਲ, ਡਾ. ਵਰਿੰਦਰਪਾਲ, ਮਨੋਰੋਗ ਮਾਹਿਰ ਡਾ. ਰਾਜਿੰਦਰ ਮਾਘੋ ਦੀ ਕੌਂਸਲਿੰਗ ਟੀਮ, ਈ. ਐੱਨ. ਟੀ. ਮਾਹਿਰ ਡਾ. ਅਮਿਤ ਅਤੇ ਸਮੁੱਚਾ ਨਰਸਿੰਗ ਸਟਾਫ, ਟੈਕਨੀਸ਼ੀਅਨ ਅਤੇ ਮੈਡੀਕਲ ਸਟਾਫ਼ ਕੋਰੋਨਾ ਮਰੀਜ਼ਾਂ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਅ ਰਿਹਾ ਹੈ।

Bharat Thapa

This news is Content Editor Bharat Thapa