ਚੰਡੀਗੜ੍ਹ 'ਚ ਫਿਰ ਵਧੇ 'ਕੋਰੋਨਾ' ਦੇ ਮਾਮਲੇ, 34 ਨਵੇਂ ਕੇਸ ਆਏ ਸਾਹਮਣੇ

04/10/2023 11:33:39 AM

ਚੰਡੀਗੜ੍ਹ (ਪਾਲ) : ਸ਼ਹਿਰ 'ਚ ਕੋਰੋਨਾ ਦੇ ਮਾਮਲੇ ਫਿਰ ਵੱਧ ਗਏ। ਐਤਵਾਰ 34 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਨ੍ਹਾਂ 'ਚ 23 ਮਰਦ ਅਤੇ 11 ਔਰਤਾਂ ਹਨ। ਸੈਕਟਰ-20 ਅਤੇ 21 'ਚ ਸਭ ਤੋਂ ਜ਼ਿਆਦਾ ਤਿੰਨ-ਤਿੰਨ, ਜਦੋਂ ਕਿ ਹੋਰ ਜਗ੍ਹਾ ਤੋਂ ਇਕ-ਇਕ ਕੇਸ ਆਇਆ ਹੈ। ਇਸ ਦੇ ਨਾਲ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ 168 ਤੱਕ ਪਹੁੰਚ ਗਈ ਹੈ। ਇਕ ਹਫ਼ਤੇ ਦੇ ਔਸਤਨ ਕੇਸ ਦੇਖੀਏ ਤਾਂ ਰੋਜ਼ਾਨਾ 24 ਕੇਸ ਆ ਰਹੇ ਹਨ। ਨਵੇਂ ਮਰੀਜ਼ਾਂ ਦੇ ਨਾਲ ਹੀ 20 ਠੀਕ ਹੋ ਕੇ ਡਿਸਚਾਰਜ ਹੋਏ। ਐਤਵਾਰ ਪਾਜ਼ੇਟੀਵਿਟੀ ਦਰ ਵੱਧ ਕੇ 5.35 ਫ਼ੀਸਦੀ ਰਿਕਾਰਡ ਕੀਤੀ ਗਈ। ਉੱਥੇ ਹੀ ਕੋਵਿਡ ਕੇਸ ਵੱਧਣ ਦੇ ਨਾਲ ਹੀ ਸਿਹਤ ਵਿਭਾਗ ਨੇ ਟੈਸਟਿੰਗ ਵੀ ਵਧਾ ਦਿੱਤੀ ਹੈ। ਅਜਿਹੇ 'ਚ 24 ਘੰਟਿਆਂ ਦੌਰਾਨ 635 ਲੋਕਾਂ ਦੀ ਟੈਸਟਿੰਗ ਕੀਤੀ ਗਈ ਹੈ। ਸਰਗਰਮ ਕੇਸਾਂ ਵਿਚੋਂ 12 ਮਰੀਜ਼ ਪੀ. ਜੀ. ਆਈ., ਇਕ ਜੀ. ਐੱਮ. ਸੀ. ਐੱਚ.-32 ਅਤੇ ਤਿੰਨ ਜੀ. ਐੱਮ. ਐੱਸ. ਐੱਚ.-16 'ਚ ਦਾਖ਼ਲ ਹਨ। ਬਾਕੀ ਮਰੀਜ਼ ਹੋਮ ਆਈਸੋਲੇਸ਼ਨ 'ਚ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਕਮਿਸ਼ਨਰੇਟ ਥਾਣਿਆਂ ’ਚ ਲੱਗੇਗੀ ਪੁਲਸ ਮੁਲਾਜ਼ਮਾਂ ਦੀ ਹਾਜ਼ਰੀ
ਥੋੜ੍ਹੇ ਜਿਹੇ ਲੱਛਣਾਂ ’ਤੇ ਵੀ ਟੈਸਟਿੰਗ ਜ਼ਰੂਰ ਕਰਵਾਓ
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਨਾਲ ਹੀ ਕੋਵਿਡ ਨਿਯਮਾਂ ਦਾ ਪਾਲਣ ਕਰੋ। ਭੀੜ ਵਾਲੇ ਏਰੀਆ 'ਚ ਜਾਣ ਤੋਂ ਬਚੋ। ਜੇਕਰ ਬਾਹਰ ਨਿਕਲਦੇ ਹੋ ਤਾਂ ਮਾਸਕ ਜ਼ਰੂਰ ਪਾਓ। ਨਾਲ ਹੀ ਥੋੜ੍ਹੇ ਜਿਹੇ ਵੀ ਲੱਛਣ ਆਉਣ ’ਤੇ ਟੈਸਟਿੰਗ ਜ਼ਰੂਰ ਕਰਵਾਓ। ਡਾਕਟਰਾਂ ਦੀ ਮੰਨੀਏ ਤਾਂ ਜਿਹੜੇ ਲੋਕਾਂ ਨੇ ਅਜੇ ਤਕ ਬੂਸਟਰ ਡੋਜ਼ ਨਹੀਂ ਲਈ ਹੈ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਲੈ ਲੈਣੀ ਚਾਹੀਦੀ ਹੈ। ਪੀ. ਜੀ. ਆਈ. ਸਕੂਲ ਆਫ਼ ਪਬਲਿਕ ਹੈਲਥ ਦੀ ਪ੍ਰੋ. ਡਾ. ਪੀ. ਵੀ. ਐੱਸ. ਲਕਸ਼ਮੀ ਮੁਤਾਬਿਕ ਅਜੇ ਜਿਸ ਤਰ੍ਹਾਂ ਦੇ ਕੇਸ ਆ ਰਹੇ ਹਨ, ਉਨ੍ਹਾਂ ਨੂੰ ਆਬਜ਼ਰਵ ਕੀਤਾ ਜਾ ਰਿਹਾ ਹੈ। ਗ੍ਰਾਫ਼ ਅਜੇ ਹੇਠਾਂ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਮਰੀਜ਼ਾਂ 'ਚ ਕਿਸੇ ਤਰ੍ਹਾਂ ਦੇ ਗੰਭੀਰ ਲੱਛਣ ਦੇਖਣ ਨੂੰ ਮਿਲਦੇ ਹਨ ਤਾਂ ਵਿਚਾਰ ਚਰਚਾ ਕਰਨ ਦੀ ਗੱਲ ਹੈ। ਅਜੇ ਮਰੀਜ਼ਾਂ ਨੂੰ ਹਸਪਤਾਲ 'ਚ ਦਾਖ਼ਲ ਹੋਣ ਦੀ ਲੋੜ ਨਹੀਂ ਹੈ। ਜਿਹੜੇ ਲੋਕਾਂ ਨੂੰ ਦਾਖ਼ਲ ਕੀਤਾ ਗਿਆ ਹੈ, ਉਨ੍ਹਾਂ ਨੂੰ ਪਹਿਲਾਂ ਹੀ ਬੀਮਾਰੀਆਂ ਹਨ। ਜਿੱਥੋਂ ਤਕ ਵੇਰੀਐਂਟ ਦਾ ਸਵਾਲ ਹੈ ਤਾਂ ਵਾਇਰਸ ਖ਼ੁਦ ਨੂੰ ਮਿਊਟੈਂਟ ਕਰਦਾ ਰਹਿੰਦਾ ਹੈ। ਉਹ ਕਦੋਂ ਕਿਵੇਂ ਕਿੰਨਾ ਆਪਣੇ-ਆਪ ਨੂੰ ਬਦਲ ਲਵੇਗਾ, ਕਿਹਾ ਨਹੀਂ ਜਾ ਸਕਦਾ। ਇਸ ਲਈ ਕਨਫਰਮ ਹੋ ਰਹੇ ਮਾਮਲਿਆਂ ਨੂੰ ਆਬਜ਼ਰਵ ਕਰਨ ਦੀ ਲੋੜ ਹੈ। ਡੈਲਟਾ ਵਾਇਰਸ ਦੀ ਜਦੋਂ ਲਹਿਰ ਆਈ ਸੀ, ਹੁਣ ਉਸ ਵਰਗਾ ਅਜੇ ਕੁੱਝ ਨਹੀਂ ਹੈ, ਜੋ ਕਿ ਇਕ ਰਾਹਤ ਦੀ ਗੱਲ ਹੈ। ਓਮੀਕ੍ਰਾਨ ਦਾ ਹੀ ਵੇਰੀਐਂਟ ਅਜੇ ਚੱਲ ਰਿਹਾ ਹੈ, ਜਿਸ ਦੇ ਮਾਈਲਡ ਕੇਸ ਅਸੀਂ ਵੇਖ ਰਹੇ ਹਾਂ। ਹੁਣ ਟੈਸਟਿੰਗ ਵੱਧ ਗਈ ਹੈ। ਲੋਕਾਂ ’ਚ ਲੱਛਣ ਆਉਣ ਲੱਗ ਪਏ ਹਨ। ਉਹ ਟੈਸਟ ਕਰਵਾ ਰਹੇ ਹਨ ਤਾਂ ਪਾਜ਼ੇਟਿਵ ਆ ਰਹੇ ਹਨ।

ਇਹ ਵੀ ਪੜ੍ਹੋ : ‘ਸਿਟਕੋ’ ਮਨਾ ਰਿਹਾ ਗੋਲਡਨ ਜੁਬਲੀ, Guests ਨੂੰ ਦਿੱਤੇ ਜਾ ਰਹੇ ਕਈ ਆਫ਼ਰ
6 ਤੋਂ 9 ਮਹੀਨਿਆਂ ’ਚ ਇਮਿਊਨਿਟੀ ਘੱਟ ਹੋ ਜਾਂਦੀ ਹੈ
ਕੋਵਿਡ ਵੈਕਸੀਨ ਹੋਵੇ ਜਾਂ ਨੈਚੂਰਲ ਇਨਫੈਕਸ਼ਨ ਤੋਂ ਆਈ ਇਮਿਊਨਿਟੀ ਹੋਵੇ, ਉਹ 6 ਤੋਂ 9 ਮਹੀਨਿਆਂ ਤੱਕ ਹੀ ਸਾਡੀ ਬਾਡੀ 'ਚ ਰਹਿੰਦੀ ਹੈ। ਅਜਿਹੇ 'ਚ ਇਹ ਵੀ ਇਕ ਵਜ੍ਹਾ ਹੁੰਦੀ ਹੈ ਕਿ ਜਦੋਂ ਵਾਇਰਸ ਦੁਬਾਰਾ ਬਦਲ ਕੇ ਆਉਂਦਾ ਹੈ ਤਾਂ ਇਨਫੈਕਸ਼ਨ ਵੱਧ ਜਾਂਦੀ ਹੈ। ਇਸ ਸਮੇਂ ਬੱਚਿਆਂ ਅਤੇ ਬਜ਼ੁਰਗਾਂ ਖ਼ਾਸ ਕਰ ਕੇ ਜਿਨ੍ਹਾਂ ਨੂੰ ਪਹਿਲਾਂ ਤੋਂ ਕਈ ਬੀਮਾਰੀਆਂ ਹਨ, ਨੂੰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਅਜਿਹੇ 'ਚ ਜਿੰਨਾ ਹੋ ਸਕੇ ਕੋਵਿਡ ਨਿਯਮਾਂ ਦਾ ਪਾਲਣ ਕਰਨ ਦੀ ਕੋਸ਼ਿਸ਼ ਕਰੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita