ਮੈਟ੍ਰੀਮੋਨੀਅਲ ਸਾਈਟ ’ਤੇ ਹੋਈ ਗੱਲਬਾਤ, ਨੌਜਵਾਨ ਨੇ ਝਾਂਸਾ ਦੇ ਕੇ ਲੜਕੀ ਤੋਂ ਠੱਗੇ ਲੱਖਾਂ ਰੁਪਏ

02/20/2021 11:53:37 PM

ਲੁਧਿਆਣਾ, (ਰਾਜ)- ਜੀਵਨਸਾਥੀ ਡਾਟ ਕਾਮ ਦੇ ਜ਼ਰੀਏ ਨੌਜਵਾਨ ਨਾਲ ਵਿਆਹ ਦੀ ਗੱਲ ਹੋਣ ਤੋਂ ਬਾਅਦ ਨੌਜਵਾਨ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਸਾਜ਼ਿਸ਼ ਕਰ ਕੇ ਲੜਕੀ ਤੋਂ 20.37 ਲੱਖ ਰੁਪਏ ਠੱਗ ਲਏ। ਠੱਗੇ ਜਾਣ ਦਾ ਪਤਾ ਲੱਗਣ ’ਤੇ ਲੜਕੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਕ ਸਾਲ ਦੀ ਜਾਂਚ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੁਲਜ਼ਮ ਨੌਜਵਾਨ ਸਮੇਤ 9 ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮ ਵੱਖ-ਵੱਖ ਸ਼ਹਿਰਾਂ ’ਚ ਰਹਿਣ ਵਾਲੇ ਹਮਰ ਖਾਬੰਗ, ਮਾਇਆ ਧਮ ਚਕਮਾ, ਸਤੇ, ਚਮੀਰੂਦੀਨ ਮਿਯਾਂ, ਮਜੀਨਾ ਬੀਬੀ, ਜਤੀਨਪੁਰ ਬਬਲੀ ਕੁਮਾਰ, ਮੁਕੇਸ਼, ਰਾਜਿੰਦਰ ਅਤੇ ਰਾਣਾ ਵਾਸੂਦੇਵ ਹਨ। ਹਾਲ ਦੀ ਘੜੀ ਪੁਲਸ ਮੁਲਜ਼ਮਾਂ ਦੀ ਭਾਲ ’ਚ ਜੁਟ ਗਈ ਹੈ।

ਦੁੱਗਰੀ ਦੀ ਰਹਿਣ ਵਾਲੀ ਹਿਨਾ ਢੀਂਗਰਾ ਨਾਮੀ ਲੜਕੀ ਨੇ ਇਕ ਮੈਟ੍ਰੀਮੋਨੀਅਲ ਸਾਈਟ ਜੀਵਨ ਸਾਥੀ ਡਾਟ ਕਾਮ ’ਤੇ ਆਪਣਾ ਪ੍ਰੋਫਾਈਲ ਪਾਇਆ ਸੀ, ਜਿੱਥੇ ਉਸ ਦੀ ਮੁਲਾਕਾਤ ਪ੍ਰਦੀਪ ਆਨੰਦ ਨਾਮੀ ਨੌਜਵਾਨ ਨਾਲ ਹੋਈ। ਪ੍ਰਦੀਪ ਆਨੰਦ ਨੇ ਦੱਸਿਆ ਕਿ ਉਹ ਇੰਗਲੈਂਡ ’ਚ ਰਹਿੰਦਾ ਹੈ। ਇਸ ਤੋਂ ਬਾਅਦ ਦੋਵਾਂ ਦਰਮਿਆਨ ਗੱਲਬਾਤ ਸ਼ੁਰੂ ਹੋ ਗਈ। ਲੜਕੀ ਮੁਤਾਬਕ ਨੌਜਵਾਨ ਨੇ ਉਸ ਨੂੰ ਦੱਸਿਆ ਕਿ ਉਹ 22 ਦਸੰਬਰ ਨੂੰ ਉਸ ਨੂੰ ਮਿਲਣ ਇੰਗਲੈਂਡ ਤੋਂ ਇੰਡੀਆ ਆ ਰਿਹਾ ਹੈ। ਫਿਰ ਉਸ ਦਾ ਫੋਨ ਆਇਆ ਕਿ ਉਹ ਏਅਰਪੋਰਟ ’ਤੇ ਹੈ ਅਤੇ ਉਸ ਕੋਲ 2 ਲੱਖ ਪਾਊਂਡ ਵਿਦੇਸ਼ੀ ਕਰੰਸੀ ਹੈ। ਉਸ ਨੂੰ ਏਅਰਪੋਰਟ ’ਤੇ ਕਸਟਮ ਵਾਲਿਆਂ ਨੇ ਫੜ ਲਿਆ ਹੈ। ਉਸ ਨੂੰ 2 ਲੱਖ ਰੁਪਏ ਇੰਡੀਅਨ ਕਰੰਸੀ ਦੀ ਲੋੜ ਹੈ। ਲੜਕੀ ਮੁਤਾਬਕ ਉਹ ਪ੍ਰਦੀਪ ਆਨੰਦ ਦੇ ਝਾਂਸੇ ’ਚ ਆ ਗਈ ਅਤੇ ਉਸ ਨੇ 2 ਲੱਖ ਰੁਪਏ ਉਸ ਦੇ ਖਾਤੇ ’ਚ ਟ੍ਰਾਂਸਫਰ ਕਰ ਦਿੱਤੇ। ਫਿਰ ਮੁਲਜ਼ਮ ਨੇ ਵੱਖ-ਵੱਖ ਨੰਬਰਾਂ ਤੋਂ ਕਾਲ ਕਰ ਕੇ ਵੱਖ-ਵੱਖ ਬੈਂਕ ਅਕਾਊਂਟ ’ਚ ਕਰੀਬ 20 ਲੱਖ 37 ਹਜ਼ਾਰ ਰੁਪਏ ਟ੍ਰਾਂਸਫਰ ਕਰਵਾ ਲਏ। ਲੜਕੀ ਦਾ ਕਹਿਣਾ ਹੈ ਕਿ ਪੈਸੇ ਲੈਣ ਤੋਂ ਬਾਅਦ ਨਾ ਤਾਂ ਮੁਲਜ਼ਮ ਦਾ ਫੋਨ ਲੱਗਾ ਅਤੇ ਨਾ ਹੀ ਉਸ ਨਾਲ ਕੋਈ ਗੱਲਬਾਤ ਹੋ ਸਕੀ। ਫਿਰ ਉਸ ਨੂੰ ਖੁਦ ਦੇ ਠੱਗੇ ਜਾਣ ਦਾ ਅਹਿਸਾਸ ਹੋਇਆ ਅਤੇ ਸ਼ਿਕਾਇਤ ਪੁਲਸ ਨੂੰ ਦਿੱਤੀ।

ਉਧਰ, ਪੁਲਸ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮ ਵੱਖ-ਵੱਖ ਸ਼ਹਿਰਾਂ ਦੇ ਹਨ। ਉਨ੍ਹਾਂ ਨੂੰ ਫੜਨ ਲਈ ਜਲਦ ਟੀਮਾਂ ਬਣਾ ਕੇ ਭੇਜੀਆਂ ਜਾਣਗੀਆਂ।

Bharat Thapa

This news is Content Editor Bharat Thapa