ਮਾਮਲਾ ਸ਼੍ਰੀ ਕਾਲੀ ਮਾਤਾ ਮੰਦਰ ਦਾ, ਦੋਵਾਂ ਧਿਰਾਂ ਵਿਰੁੱਧ ਮੁਕੱਦਮਾ ਦਰਜ

06/26/2018 12:50:47 PM

ਬਠਿੰਡਾ (ਬਲਵਿੰਦਰ) — ਮਾਨਸਾ ਰੋਡ 'ਤੇ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ ਦੇ ਵਿਵਾਦ ਦੌਰਾਨ ਪੁਲਸ ਨੇ ਦੋਵਾਂ ਧਿਰਾਂ ਵਿਰੁੱਧ ਬੇਅਦਬੀ ਆਦਿ ਵਰਗੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਪਰ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ।
ਜਾਣਕਾਰੀ ਮੁਤਾਬਕ ਮੰਦਰ 'ਤੇ ਕਬਜ਼ੇ ਨੂੰ ਲੈ ਕੇ ਮੰਦਰ ਕਮੇਟੀ ਤੇ ਪੁਜਾਰੀ ਧਿਰਾਂ ਆਹਮੋ-ਸਾਹਮਣੇ ਹਨ। ਦੋਵਾਂ ਧਿਰਾਂ ਵਿਚਕਾਰ ਕਈ ਵਾਰ ਲੜਾਈ ਵੀ ਹੋ ਚੁੱਕੀ ਹੈ। ਬੀਤੇ ਦਿਨ ਵੀ ਦੋਵਾਂ ਧਿਰਾਂ ਵਿਚਕਾਰ ਲੜਾਈ ਹੋਈ ਤੇ ਦੋਵਾਂ ਨੇ ਇਕ-ਦੂਸਰੇ 'ਤੇ ਕੁੱਟਮਾਰ ਤੇ ਮੰਦਰ ਦੀ ਬੇਅਦਬੀ ਕਰਨ ਦੇ ਦੋਸ਼ ਲਾਏ। ਦੋਵਾਂ ਧਿਰਾਂ ਦੇ ਲੋਕ ਹਸਪਤਾਲ 'ਚ ਵੀ ਦਾਖਲ ਰਹੇ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ।
ਹੁਣ ਪੁਲਸ ਨੇ ਪ੍ਰਮੋਦ ਸ਼ਰਮਾ ਦੀ ਸ਼ਿਕਾਇਤ 'ਤੇ ਮੰਦਰ ਕਮੇਟੀ ਦੇ ਸਕੱਤਰ ਸੰਦੀਪ ਪਾਠਕ, ਨਰਿੰਦਰਪਾਲ, ਭੁਪਿੰਦਰ ਕੁਮਾਰ ਤੇ ਸਾਥੀਆਂ ਨੂੰ ਨਾਮਜ਼ਦ ਕੀਤਾ ਹੈ, ਜਦ ਕਿ ਸੰਦੀਪ ਪਾਠਕ ਦੀ ਸ਼ਿਕਾਇਤ 'ਤੇ ਵਿਸ਼ਵਨਾਥ, ਨੀਰੂ, ਸੰਨੀ, ਪ੍ਰਮੋਦ ਸ਼ਰਮਾ, ਹੈਪੀ ਤੇ ਸਾਥੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋ ਸਕੇਗੀ।