ਲਤੀਫਪੁਰਾ ਦੇ ਬੇਘਰ ਲੋਕਾਂ ਨੂੰ ਮਿਲਣ ਪੁੱਜੇ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਦਿੱਤਾ ਵਿਵਾਦਿਤ ਬਿਆਨ

12/18/2022 1:43:48 PM

ਜਲੰਧਰ (ਚੋਪੜਾ)- ਆਪਣੀ ਬਿਆਨਬਾਜ਼ੀ ਕਾਰਨ ਅਕਸਰ ਚਰਚਾ ’ਚ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦੇ ਦਿੱਤਾ ਹੈ। ਉਹ ਬੇਘਰ ਕੀਤੇ ਗਏ ਲੋਕਾਂ ਨੂੰ ਮਿਲਣ ਲਈ ਲਤੀਫਪੁਰਾ ਪੁੱਜੇ ਸਨ। ਇਸ ਦੌਰਾਨ ਸੰਸਦ ਮੈਂਬਰ ਮਾਨ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲੈਂਦਿਆਂ ਕਿਹਾ ਕਿ ਲਤੀਫਪੁਰਾ ’ਚ ਪਾਕਿਸਤਾਨ ਤੋਂ ਉਜੜ ਕੇ ਆਏ ਸਾਲਾਂ ਤੋਂ ਇਥੇ ਰਹਿ ਰਹੇ ਸਿੱਖਾਂ ਦੇ ਘਰ ਢਾਹ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਸ ਦੀ ਸਜ਼ਾ ਜ਼ਰੂਰ ਮਿਲੇਗੀ।

ਉਨ੍ਹਾਂ ਕਿਹਾ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਟਾਹਲੀ ਨਾਲ ਰੱਸਾ ਪਾ ਕੇ ਫਾਹਾ ਲਾਵਾਂਗੇ। ਮਾਨ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਮੁੜ ਉਜਾੜ ਦਿੱਤਾ ਗਿਆ ਹੈ। ਉਨ੍ਹਾਂ ਇਕ ਹੋਰ ਵਿਵਾਦਤ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ’ਚ ਭਗਤ ਸਿੰਘ ਦੀ ਫੋਟੋ ਲਾ ਕੇ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਵਾਲੀ ‘ਆਪ’ ਨੂੰ ਪੁਲਸ ਖ਼ਿਲਾਫ਼ ਹੋਣਾ ਚਾਹੀਦਾ ਹੈ, ਕਿਉਂਕਿ ਭਗਤ ਸਿੰਘ ਨੇ ਇਕ ਅੰਗਰੇਜ਼ ਅਫ਼ਸਰ ਨਾਲ ਮਿਲ ਕੇ ਇਕ ਬੇਕਸੂਰ ਸਿੱਖ ਪੁਲਸ ਵਾਲੇ ਦਾ ਕਤਲ ਕੀਤਾ ਸੀ। ਲਤੀਫਪੁਰਾ ’ਚ ਵੀ ਉਸੇ ਪੁਲਸ ਨੇ ਲੋਕਾਂ ’ਤੇ ਜ਼ੁਲਮ ਕੀਤੇ।

ਇਹ ਵੀ ਪੜ੍ਹੋ : ਪੰਜਾਬ 'ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ, ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਭਗਵੰਤ ਮਾਨ ਨੇ ਆਖੀ ਵੱਡੀ ਗੱਲ

ਮਾਨ ਨੇ ਕਿਹਾ ਕਿ ਉਹ 22 ਦਸੰਬਰ ਨੂੰ ਸੰਸਦ ’ਚ ਲਤੀਫਪੁਰਾ ’ਚ ਗਰੀਬ ਲੋਕਾਂ ਦੇ ਘਰਾਂ ਦੀ ਬਰਬਾਦੀ ਦਾ ਮੁੱਦਾ ਉਠਾਉਣਗੇ ਅਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਜਵਾਬ ਮੰਗਣਗੇ। ਉਨ੍ਹਾਂ ਕਿਹਾ ਕਿ ਅਕਸਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਵੇਖਦੇ ਹਾਂ ਕਿ ਇਸ ਵਾਰ ਉਨ੍ਹਾਂ ਨੂੰ ਸੰਸਦ ’ਚ ਬੋਲਣ ਦਾ ਮੌਕਾ ਮਿਲਦਾ ਹੈ ਜਾਂ ਨਹੀਂ। ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ’ਚ ਇਕ ਵੀ ਸਿੱਖ ਜੱਜ ਨਹੀਂ ਹੈ, ਜੇਕਰ ਕੋਈ ਸਿੱਖ ਜੱਜ ਹੁੰਦਾ ਤਾਂ ਉਹ ਲਤੀਫਪੁਰਾ ’ਚ ਵੱਸਦੇ ਸਿੱਖ ਪਰਿਵਾਰਾਂ ਦਾ ਦਰਦ ਮਹਿਸੂਸ ਕਰਦਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਘਰ ਮੁਹੱਈਆ ਕਰਵਾ ਸਕਦੀ ਹੈ ਤਾਂ ਲਤੀਫਪੁਰਾ ਦੇ ਘਰਾਂ ’ਤੇ ਬੁਲਡੋਜ਼ਰ ਕਿਉਂ ਚਲਾਏ ਗਏ?

ਇਹ ਵੀ ਪੜ੍ਹੋ : ਫਰੀਦਕੋਟ ਵਿਖੇ ਸ਼ੱਕੀ ਹਾਲਾਤ 'ਚ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri