ਪੰਜਾਬੀ ਕਲਾਕਾਰਾਂ ਲਈ ਵਿਵਾਦਪੂਰਨ ਰਿਹਾ 2022, ਮਨਕੀਰਤ ਤੋਂ ਦਿਲਜੀਤ ਤੱਕ ਇਹ ਸਿਤਾਰੇ ਘਿਰੇ ਵੱਡੇ ਵਿਵਾਦਾਂ 'ਚ

12/18/2022 10:38:32 AM

ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਹੀ ਹੈ। ਪੰਜਾਬੀ ਫ਼ਿਲਮਾਂ ਤੇ ਗੀਤਾਂ ਦਾ ਪੂਰੀ ਦੁਨੀਆ 'ਚ ਜ਼ਬਰਦਸਤ ਕਰੇਜ਼ ਹੈ। ਹੁਣ ਜਦੋਂ ਕਿ ਸਾਲ 2022 ਆਪਣੇ ਅੰਤਿਮ ਪੜਾਅ ਵਧ ਵਧ ਰਿਹਾ ਤਾਂ ਅਸੀਂ ਤੁਹਾਨੂੰ ਉਨ੍ਹਾਂ ਘਟਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। ਸਾਲ 2022 ਪੰਜਾਬੀ ਇੰਡਸਟਰੀ ਲਈ ਮਿਲਿਆ ਜੁਲਿਆ ਰਿਹਾ। ਇੰਡਸਟਰੀ ਦੀ ਝੋਲੀ ਕਈ ਪ੍ਰਾਪਤੀਆਂ ਆਈਆਂ ਅਤੇ ਕਈ ਵੱਡੇ ਵਿਵਾਦ ਵੀ ਸਾਹਮਣੇ ਆਏ। ਆਓ ਜਾਣਦੇ ਹਾਂ ਉਨ੍ਹਾਂ ਕਲਾਕਾਰਾਂ ਬਾਰੇ, ਜਿਨ੍ਹਾਂ ਦਾ ਇਸ ਸਾਲ ਵਿਵਾਦਾਂ ਨਾਲ ਡੂੰਘਾ ਨਾਤਾ ਰਿਹਾ ਹੈ :-

ਮਨਕੀਰਤ ਔਲਖ : ਮਨਕੀਰਤ ਔਲਖ ਸਾਲ 2022 ਦੀਆਂ ਸਭ ਤੋਂ ਵਿਵਾਦਤ ਸ਼ਖਸੀਅਤਾਂ 'ਚੋਂ ਇੱਕ ਰਿਹਾ ਹੈ। ਜਦੋਂ ਤੋਂ ਮਰਹੂਮ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ, ਉਦੋਂ ਤੋਂ ਹੀ ਮਨਕੀਰਤ ਔਲਖ ਸ਼ੱਕ ਦੇ ਘੇਰੇ 'ਚ ਆਇਆ ਪਰ ਪੰਜਾਬ ਪੁਲਸ ਦੀ ਜਾਂਚ 'ਚ ਮਨਕੀਰਤ ਔਲਖ ਬੇਗੁਨਾਹ ਪਾਇਆ ਗਿਆ। ਇਸ ਤੋਂ ਬਾਅਦ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ ਮਨਕੀਰਤ ਔਲਖ ਕੈਨੇਡਾ ਚਲਾ ਗਿਆ ਸੀ। ਇਸ ਗੱਲ 'ਤੇ ਵੀ ਕਾਫ਼ੀ ਵਿਵਾਦ ਹੋਇਆ ਸੀ। ਹਾਲਾਂਕਿ ਹੁਣ ਮਨਕੀਰਤ ਆਪਣੇ ਨੰਨ੍ਹੇ ਪੁੱਤਰ ਨਾਲ ਪੰਜਾਬ 'ਚ ਹੈ।

ਜੈਨੀ ਜੌਹਲ : ਪੰਜਾਬੀ ਗਾਇਕਾ ਜੈਨੀ ਜੌਹਲ ਆਪਣੇ ਗੀਤ 'ਲੈਟਰ ਟੂ ਸੀਐਮ' ਤੋਂ ਬਾਅਦ ਚਰਚਾ 'ਚ ਆਈ। ਇਸ ਗੀਤ 'ਚ ਜੈਨੀ ਜੌਹਲ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੱਸਦੀ ਨਜ਼ਰ ਆਈ ਸੀ। ਇਸ ਦੇ ਨਾਲ-ਨਾਲ ਉਸ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਵੀ ਕੀਤੀ ਸੀ। ਇਸ ਗੀਤ 'ਤੇ ਖੂਬ ਵਿਵਾਦ ਹੋਇਆ ਸੀ। ਰੌਲੇ ਤੋਂ ਬਾਅਦ ਪੰਜਾਬ ਸਰਕਾਰ ਦੀ ਸ਼ਿਕਾਇਤ 'ਤੇ ਇਸ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।

ਪਰਮੀਸ਼ ਵਰਮਾ : ਪੰਜਾਬੀ ਗਾਇਕ ਪਰਮੀਸ਼ ਵਰਮਾ ਲਈ ਸਾਲ 2022 ਮਿਲਿਆ ਜੁਲਿਆ ਰਿਹਾ। ਇੱਕ ਪਾਸੇ ਜਿੱਥੇ ਗਾਇਕ ਦੇ ਘਰ ਧੀ ਦੇ ਰੂਪ 'ਚ ਖੁਸ਼ੀਆਂ ਆਈਆਂ। ਉਥੇ ਹੀ ਪਰਮੀਸ਼ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ। ਪਰਮੀਸ਼ ਵਰਮਾ ਨੂੰ ਸ਼ੈਰੀ ਮਾਨ ਨੇ ਸ਼ਰਾਬ ਦੇ ਨਸ਼ੇ 'ਚ ਲਾਈਵ ਹੋ ਕੇ ਗੰਦੀਆਂ ਗਾਲਾਂ ਕੱਢੀਆਂ ਸਨ। ਇਸ ਤੋਂ ਬਾਅਦ ਪਰਮੀਸ਼ ਵੀ ਚੁੱਪ ਨਹੀਂ ਰਿਹਾ। ਉਸ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸ਼ੈਰੀ ਮਾਨ ਨੂੰ ਸ਼ਰੇਆਮ ਗਧਾ ਕਿਹਾ ਸੀ। ਇਹੀ ਨਹੀਂ ਪਰਮੀਸ਼ ਵਰਮਾ ਦਾ ਬੀ ਪਰਾਕ ਨਾਲ ਵੀ ਵਿਵਾਦ ਹੋਇਆ ਸੀ। ਬੀ ਪਰਾਕ ਨੇ ਪਰਮੀਸ਼ ਨੂੰ 'ਪੈੱਨ ਡਰਾਈਵ ਆਰਟਿਸਟ' ਕਿਹਾ ਤਾਂ ਪਰਮੀਸ਼ ਵਰਮਾ ਨੇ ਵੀ ਸੋਸ਼ਲ ਮੀਡੀਆ 'ਤੇ ਇਸ ਦਾ ਕਰਾਰਾ ਜਵਾਬ ਦਿੱਤਾ। 

ਸ਼ੈਰੀ ਮਾਨ : ਪੰਜਾਬੀ ਗਾਇਕ ਸ਼ੈਰੀ ਮਾਨ ਲਈ ਇਹ ਸਾਲ ਕੁੱਝ ਜ਼ਿਆਦਾ ਠੀਕ ਨਹੀਂ ਰਿਹਾ। ਗਾਇਕ ਨੇ ਸ਼ਰਾਬ ਦੇ ਨਸ਼ੇ 'ਚ ਪਰਮੀਸ਼ ਵਰਮਾ ਨੂੰ ਗੰਦੀਆਂ ਗਾਲਾਂ ਕੱਢੀਆਂ। ਉਸ ਤੋਂ ਬਾਅਦ ਤੋਂ ਹੀ ਸ਼ੈਰੀ ਨਫ਼ਰਤ ਕਰਨ ਵਾਲਿਆਂ (ਟਰੋਲਰਾਂ) ਦੇ ਨਿਸ਼ਾਨੇ 'ਤੇ ਆ ਗਿਆ। ਸੋਸ਼ਲ ਮੀਡੀਆ 'ਤੇ ਉਸ ਨੂੰ ਕਾਫ਼ੀ ਟਰੋਲ ਕੀਤਾ ਗਿਆ। ਇਹੀ ਨਹੀਂ ਗਾਇਕ ਨੂੰ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਤੋਂ ਵੀ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਇਸ ਤੋਂ ਬਾਅਦ ਸ਼ੈਰੀ ਮਾਨ ਨੂੰ ਪਰਮੀਸ਼ ਵਰਮਾ ਤੋਂ ਮੁਆਫ਼ੀ ਮੰਗਣੀ ਪਈ। 

ਦਿਲਜੀਤ ਦੋਸਾਂਝ : ਦਿਲਜੀਤ ਦੋਸਾਂਝ ਇੰਨੀਂ ਭਾਰਤ 'ਚ ਹੈ। ਗਾਇਕ ਹਾਲ ਹੀ 'ਚ ਆਪਣੇ ਮੁੰਬਈ ਕੰਸਰਟ ਲਈ ਭਾਰਤ ਪਰਤਿਆ। ਭਾਰਤ ਆਉਂਦੇ ਹੀ ਦਿਲਜੀਤ ਸੁਰਖੀਆਂ 'ਚ ਆ ਗਿਆ। ਇੱਕ ਇੰਟਰਵਿਊ ਦੌਰਾਨ ਦਿਲਜੀਤ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਸਰਕਾਰ ਦੀ ਨਾਲਾਇਕੀ ਦੱਸਿਆ ਸੀ। ਇਸ ਬਿਆਨ ਤੋਂ ਬਾਅਦ ਪੰਜਾਬ 'ਚ ਸਿਆਸਤ ਭਖ ਗਈ ਸੀ। ਕਈ ਸਿਆਸਤਦਾਨ ਦਿਲਜੀਤ ਦੋਸਾਂਝ ਦੇ ਬਿਆਨ ਦਾ ਖੁੱਲ੍ਹ ਕੇ ਸਮਰਥਨ ਕਰਦੇ ਨਜ਼ਰ ਆਏ ਸਨ।

ਸਤਿੰਦਰ ਸਰਤਾਜ : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਤਿੰਦਰ ਸਰਤਾਜ ਦਾ ਖੂਬ ਨਾਂ ਹੈ ਪਰ ਕਲਾਕਾਰ ਉਸ ਸਮੇਂ ਵਿਵਾਦਾਂ 'ਚ ਆ ਗਿਆ ਜਦੋਂ ਉਨ੍ਹਾਂ ਵੱਲੋਂ ਆਪਣੇ ਇੱਕ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ। ਅਸਲ 'ਚ ਸਤਿੰਦਰ ਸਰਤਾਜ ਇੱਕ ਵਿਆਹ ਪਾਰਟੀ 'ਚ ਪਰਫਾਰਮ ਕਰਨ ਲਈ ਪਹੁੰਚੇ ਸਨ। ਕਲਾਕਾਰ ਵੱਲੋਂ ਸ਼ੇਅਰ ਕੀਤੀ ਵੀਡੀਓ 'ਚ ਸਤਿੰਦਰ ਸਰਤਾਜ ਦੀ ਪਰਫਾਰਮੈਂਸ 'ਤੇ ਮੀਂਹ ਵਾਂਗ ਪੈਸੇ ਬਰਸਾਏ ਜਾ ਰਹੇ ਸੀ। ਗਾਇਕ ਜਿਸ ਸਟੇਜ 'ਤੇ ਗਾ ਰਹੇ ਸੀ ਉਹ ਨੋਟਾਂ ਨਾਲ ਭਰਿਆ ਹੋਇਆ ਸੀ। ਇਸ ਵੀਡੀਓ ਨੂੰ ਦੇਖ ਲੋਕ ਇੰਤਰਾਜ਼ ਕੀਤਾ ਅਤੇ ਕਿਹਾ ਇਸ ਤਰ੍ਹਾਂ ਪੈਸਾ ਉਡਾਉਣਾ ਕਿੰਨਾ ਸਹੀ। ਇੱਕ ਯੂਜ਼ਰ ਨੇ ਲਿਖਿਆ, 'ਕੌਣ ਕਹਿੰਦਾ ਹੈ ਕਿ ਦੇਸ਼ 'ਚ ਗਰੀਬੀ ਹੈ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੂੰ ਪੈਸੇ ਦੇਣ ਲੱਗਿਆਂ ਲੋਕਾਂ ਨੂੰ ਮੌਤ ਪੈ ਜਾਂਦੀ ਹੈ, ਇੱਥੇ ਕਿਵੇਂ ਪੈਸਾ ਲੁਟਾ ਰਹੇ ਨੇ।' ਇਸ ਕਾਰਨ ਗਾਇਕ ਵੀ ਖੂਬ ਟਰੋਲ ਹੋਏ ਸਨ।

ਜੈਸਮੀਨ ਸੈਂਡਲਾਸ : ਸੰਗੀਤ ਜਗਤ 'ਚ 'ਗੁਲਾਬੀ ਕੁਈਨ' ਦੇ ਨਾਂ ਨਾਲ ਜਾਣੀ ਜਾਂਦੀ ਜੈਸਮੀਨ ਸੈਂਡਲਾਸ ਹਾਲ ਹੀ 'ਚ ਪੰਜਾਬ ਆਈ ਸੀ। ਇਸ ਦੌਰਾਨ ਗਾਇਕਾ ਵਿਵਾਦਾਂ 'ਚ ਘਿਰੀ ਰਹੀ। ਜੈਸਮੀਨ ਨੇ ਪੰਜਾਬ ਆ ਕੇ ਆਪਣਾ ਗੀਤ 'ਜੀ ਜਿਹਾ ਕਰਦਾ' ਰਿਲੀਜ਼ ਕੀਤਾ ਸੀ। ਇਸ 'ਚ ਗਾਇਕਾ ਦੀ ਬੋਲਡ ਲੁੱਕ ਦੇਖਣ ਨੂੰ ਮਿਲੀ ਸੀ। ਇਸ ਤੋਂ ਬਾਅਦ ਹੀ ਉਹ ਨਫ਼ਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਈ ਸੀ। ਉਸ ਨੂੰ ਸੋਸ਼ਲ ਮੀਡੀਆ 'ਤੇ ਬੁਰੀ ਟਰੋਲ ਕੀਤਾ ਗਿਆ ਸੀ।

ਗੁਰਦਾਸ ਮਾਨ : ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਇਸ ਸਾਲ ਆਪਣਾ ਗੀਤ 'ਗੱਲ ਸੁਣੋ ਪੰਜਾਬੀ ਦੋਸਤੋ' ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਗੁਰਦਾਸ ਮਾਨ ਕਾਫ਼ੀ ਵਿਵਾਦਾਂ 'ਚ ਆ ਗਏ ਸਨ। ਇਹੀ ਨਹੀਂ ਗਾਇਕ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਕੁਝ ਝੱਲਣਾ ਪਿਆ। ਇਹ ਇਸ ਕਰਕੇ ਹੋਇਆ ਕਿਉਂਕਿ ਸਾਲ 2019 'ਚ ਗੁਰਦਾਸ ਮਾਨ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ। ਇਹ ਮਾਮਲਾ ਸਾਲ 2019 ਦਾ ਹੈ, ਜਦੋਂ ਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ 'ਤੇ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਸਨ। ਉਨ੍ਹਾਂ ਨੇ ਆਪਣੀ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਦੇਸ਼ 'ਚ ਇੱਕ ਭਾਸ਼ਾ ਹੀ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਿਰੋਧ ਹੋਇਆ ਸੀ। 

ਕਰਤਾਰ ਚੀਮਾ : ਪੰਜਾਬੀ ਅਦਾਕਾਰ ਕਰਤਾਰ ਚੀਮਾ ਵੀ ਇਸ ਸਾਲ ਵਿਵਾਦਾਂ 'ਚ ਰਹੇ। ਦਰਅਸਲ, ਅਦਾਕਾਰ 'ਤੇ NSUI ਦੇ ਪ੍ਰਧਾਨ ਅਕਸ਼ੈ ਕੁਮਾਰ ਨੇ ਕਥਿਤ ਪੈਸੇ ਦੇ ਵਿਵਾਦ ਲਈ ਗੈਂਗਸਟਰ ਗੋਲਡੀ ਬਰਾੜ ਰਾਹੀਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਸੀ। ਅਕਸ਼ੈ ਦਾ ਦੋਸ਼ ਸੀ ਕਿ ਕਰਤਾਰ ਚੀਮਾ ਨੇ ਫ਼ਿਲਮ ਬਣਾਉਣ ਲਈ ਉਸ ਤੋਂ ਲੱਖਾਂ ਰੁਪਏ ਲਏ ਸਨ ਪਰ ਜਦੋਂ ਵੀ ਪੈਸੇ ਵਾਪਸ ਮੰਗੇ ਜਾਂਦੇ ਸਨ ਤਾਂ ਉਹ ਗੈਂਗਸਟਰਾਂ ਨੂੰ ਬੁਲਾ ਲੈਂਦਾ ਸੀ। ਇਸ ਦੇ ਚੱਲਦੇ ਅੰਮ੍ਰਿਤਸਰ ਦੀ ਸਿਵਲ ਲਾਈਨ ਪੁਲਸ ਨੇ ਕਲਾਕਾਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਗਾਇਕ ਕਾਕਾ : ਪੰਜਾਬੀ ਗਾਇਕ ਕਾਕਾ ਵੀ ਇਸ ਸਾਲ ਵਿਵਾਦਾਂ 'ਚ ਰਿਹਾ ਸੀ। ਦਰਅਸਲ ਕਾਕਾ ਨੇ ਹਿਸਾਰ ਕੰਸਰਟ ਦੌਰਾਨ ਕਾਫ਼ੀ ਹੰਗਾਮਾ ਹੋਇਆ ਸੀ। ਕੁੱਝ ਸ਼ਰਾਰਤੀ ਅਨਸਾਰਾਂ ਨੇ ਸਟੇਜ 'ਤੇ ਚੜ੍ਹ ਕੇ ਤੋੜ ਭੰਨ੍ਹ ਕੀਤੀ ਸੀ।

ਗੁਰਪ੍ਰੀਤ ਘੁੱਗੀ : ਪੰਜਾਬੀ ਫ਼ਿਲਮ 'ਦਾਸਤਾਨ-ਏ-ਸਰਹਿੰਦ' ਦੇ ਚੱਲਦੇ ਅਦਾਕਾਰ ਗੁਰਪ੍ਰੀਤ ਘੁੱਗੀ ਸੁਰਖੀਆਂ 'ਚ ਰਹੇ। ਦਰਅਸਲ, ਉਨ੍ਹਾਂ ਦੀ ਇਹ ਫ਼ਿਲਮ ਸਿੱਖ ਭਾਈਚਾਰੇ ਦੇ ਵਿਚਾਰਾਂ ਦੇ ਉਲਟ ਦੱਸੀ ਗਈ, ਜੋ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੁਖਾਉਂਦੀ ਹੈ। ਇਹ ਉਹ ਕਲਾਕਾਰ ਹਨ ਜੋ ਕਿਸੀ ਨਾ ਕਿਸੀ ਵਜ੍ਹਾ ਦੇ ਚੱਲਦੇ ਚਰਚਾ 'ਚ ਰਹੇ। 

ਜਸਬੀਰ ਜੱਸੀ : ਗਾਇਕ ਜਸਬੀਰ ਜੱਸੀ ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ ਪਰ ਕਈ ਵਾਰ ਜਸਬੀਰ ਜੱਸੀ ਨੂੰ ਉਨ੍ਹਾਂ ਦੀ ਬੇਬਾਕੀ ਦੀ ਕੀਮਤ ਵੀ ਚੁਕਾਉਣੀ ਪਈ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਸਬੀਰ ਜੱਸੀ ਨੇ ਵਿਵਾਦਤ ਬਿਆਨ ਦਿੱਤਾ ਸੀ ਕਿ ਉਹ ਆਪਣੇ ਗੀਤਾਂ 'ਚ ਕਦੇ ਵੀ ਗੰਨ ਕਲਚਰ ਨੂੰ ਪ੍ਰਮੋਟ ਨਹੀਂ ਕਰਨਗੇ, ਭਾਵੇਂ ਉਨ੍ਹਾਂ ਦੇ ਗੀਤ ਬਿਲਬੋਰਡ 'ਚ ਸ਼ਾਮਲ ਹੋਣ ਜਾਂ ਨਾ ਹੋਣ। ਜੱਸੀ ਦੇ ਇਸ ਬਿਆਨ 'ਤੇ ਕਾਫ਼ੀ ਵਿਵਾਦ ਹੋਇਆ ਸੀ। ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਹੋਣਾ ਪਿਆ ਸੀ।

sunita

This news is Content Editor sunita