ਨਸ਼ੀਲੀਆਂ ਗੋਲੀਆਂ ਤੇ ਸ਼ੀਸ਼ੀਆਂ ਸਣੇ 2 ਕਾਬੂ

07/24/2017 6:26:00 AM

ਸਿੱਧਵਾਂ ਬੇਟ, (ਚਾਹਲ)- ਜ਼ਿਲਾ ਪੁਲਸ ਮੁਖੀ ਸੁਰਜੀਤ ਸਿੰਘ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਸ ਚੌਕੀ ਭੂੰਦੜੀ ਅਤੇ ਪੁਲਸ ਚੌਕੀ ਗਾਲਿਬ ਕਲਾਂ ਨੇ 2 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੀਆਂ ਸ਼ੀਸ਼ੀਆਂ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਭੂੰਦੜੀ ਦੇ ਇੰਚਾਰਜ ਰਾਜਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਕੁਲਗਹਿਣਾ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ। ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 10 ਨਸ਼ੀਲੀਆਂ ਸ਼ੀਸ਼ੀਆਂ ਮਾਰਕਾ ਰੈਕਸਕੌਫ ਅਤੇ 10 ਪੱਤੇ ਨਸ਼ੀਲੇ ਕੈਪਸ਼ੂਲ ਬਰਾਮਦ ਹੋਏ। ਕਥਿਤ ਦੋਸ਼ੀ ਦੀ ਪਛਾਣ ਸੁਖਚੈਨ ਸਿੰਘ ਉਰਫ ਚੰਨੂ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਖੁਰਸੈਦਪੁਰਾ ਵਜੋਂ ਹੋਈ ਹੈ। ਚੌਕੀ ਇੰਚਾਰਜ ਅਨੁਸਾਰ ਕਥਿਤ ਦੋਸ਼ੀ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਸਮੱਗਲਿੰਗ ਦਾ ਧੰਦਾ ਕਰਦਾ ਆ ਰਿਹਾ ਹੈ, ਜਿਸ 'ਤੇ ਪਹਿਲਾਂ ਵੀ ਨਸ਼ਾ ਵੇਚਣ ਦੇ ਦੋਸ਼ ਤਹਿਤ 3 ਮੁਕੱਦਮੇ ਦਰਜ ਹੋ ਚੁੱਕੇ ਹਨ। ਪੁਲਸ ਨੇ ਕਥਿਤ ਦੋਸ਼ੀ ਨੂੰ ਅਗਲੇਰੀ ਪੁੱਛਗਿੱਛ ਲਈ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।  ਦੂਜੇ ਮਾਮਲੇ ਵਿਚ ਪੁਲਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਸਈਅਦ ਸ਼ਕੀਲ ਨੇ ਗਸ਼ਤ ਦੌਰਾਨ ਮਨਜਿੰਦਰ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਕੋਟਕਪੂਰਾ ਨੂੰ ਪਿੰਡ ਅਮਰਗੜ੍ਹ ਕਲੇਰ ਨੇੜਿਓਂ 42 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰਕੇ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।