ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਣੇ 4 ਕਾਬੂ

08/13/2017 7:44:48 AM

ਤਰਨਤਾਰਨ, (ਰਾਜੂ)- ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਥਾਣਾ ਚੋਹਲਾ ਸਾਹਿਬ ਦੇ ਏ. ਐੱਸ. ਆਈ. ਤਰਲੋਚਨ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸਬੰਧ 'ਚ ਧੂੰਦਾ ਪਿੰਡ ਨਜ਼ਦੀਕ ਮੌਜੂਦ ਸਨ ਤਾਂ ਇਸ ਦੌਰਾਨ ਮੋਟਰਸਾਈਕਲ ਸਵਾਰ ਇੰਦਰਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਧੂੰਦਾ ਤੇ ਲਵਦੀਪ ਸਿੰਘ ਉਰਫ ਲਵ ਪੁੱਤਰ ਰਣਜੀਤ ਸਿੰਘ ਵਾਸੀ ਧੂੰਦਾ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਲਵਦੀਪ ਤੋਂ 7 ਗ੍ਰਾਮ ਹੈਰੋਇਨ ਤੇ 100 ਨਸ਼ੀਲੀਆਂ ਗੋਲੀਆਂ ਤੇ ਇੰਦਰਪਾਲ ਤੋਂ ਵੀ 7 ਗ੍ਰਾਮ ਹੈਰੋਇਨ ਤੇ 100 ਨਸ਼ੀਲੇ ਕੈਪਸੂਲ ਬਰਾਮਦ ਹੋਏ। ਫੜੇ ਗਏ ਵਿਅਕਤੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਦਰ ਪੱਟੀ ਦੀ ਪੁਲਸ ਨੇ 120 ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ ਦੇ ਐੱਸ. ਆਈ. ਸੁਖਚੈਨ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਕਿ ਭੱਗੂਪੁਰ ਸੰਗਵਾ ਆਦਿ ਨੂੰ ਜਾਂਦੇ ਸਮੇਂ ਜੁਗਰਾਜ ਸਿੰਘ ਉਰਫ ਜੱਜ ਪੁੱਤਰ ਰਣਜੀਤ ਸਿੰਘ ਵਾਸੀ ਬਰਵਾਲਾ ਹਾਲ ਆਸਲ ਭੱਠਾ ਆਉਂਦਾ ਦਿਖਾਈ ਦਿੱਤਾ, ਜਿਸ ਦੀ ਐੱਸ. ਆਈ. ਨੇ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਤਫਤੀਸ਼ੀ ਅਫ਼ਸਰ ਐੱਸ. ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜੁਗਰਾਜ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਰੀਕੇ ਪੱਤਣ,  (ਲਵਲੀ)-ਥਾਣਾ ਹਰੀਕੇ ਦੀ ਪੁਲਸ ਨੇ ਇਕ ਵਿਅਕਤੀ ਨੂੰ 800 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਥਾਣਾ ਹਰੀਕੇ ਦੀ ਪੁਲਸ ਪਾਰਟੀ ਮਾੜੇ ਅਨਸਰਾਂ ਸਬੰਧੀ ਗਸ਼ਤ ਕਰਦੀ ਹੋਈ ਜੀ. ਟੀ. ਰੋਡ ਅਲੀਪੁਰ ਨਜ਼ਦੀਕ ਪੁੱਜੀ ਤਾਂ ਅਲੀਪੁਰ ਸੜਕ ਵੱਲੋਂ ਇਕ ਪੈਦਲ ਆਉਂਦਾ ਨੌਜਵਾਨ ਦਿਖਾਈ ਦਿੱਤਾ ਜੋ ਕਿ ਪੁਲਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਜਿਸ ਨੂੰ ਏ. ਐੱਸ. ਆਈ. ਹਰਦਿਆਲ ਸਿੰਘ ਨੇ ਸਾਥੀਆਂ ਦੀ ਮਦਦ ਨਾਲ ਫੜ ਕੇ ਜਦੋਂ ਇਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 800 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀ ਦੀ ਪਛਾਣ ਬਲਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਗੰਡੀਵਿੰਡ ਵਜੋਂ ਹੋਈ ਹੈ, ਜਿਸ ਦੇ ਖਿਲਾਫ਼ ਥਾਣਾ ਹਰੀਕੇ ਵਿਖੇ ਕੇਸ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।