177 ਗ੍ਰਾਮ ਨਸ਼ੀਲੇ ਪਾਊਡਰ ਸਣੇ ਔਰਤ ਸਮੇਤ 4 ਕਾਬੂ

Tuesday, Jun 20, 2017 - 01:57 AM (IST)

ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਵੱਲੋਂ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਦੇ ਹੁਕਮਾਂ 'ਤੇ ਨਸ਼ਿਆਂ ਦੇ ਸੌਦਾਗਰਾਂ ਦੀ ਫੜੋ-ਫੜੀ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਪੁਲਸ ਨੇ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ ਕਾਬੂ ਕੀਤਾ ਹੈ। 
ਥਾਣਾ ਗੜ੍ਹਦੀਵਾਲਾ ਦੀ ਪੁਲਸ ਨੇ ਏ. ਐੱਸ. ਆਈ. ਪਰਮਿੰਦਰ ਸਿੰਘ ਦੀ ਅਗਵਾਈ 'ਚ ਥਾਣਾ ਚੋਹਕਾਂ ਕੋਲ ਇਕ ਔਰਤ ਮਧੂ ਬਾਲਾ ਪਤਨੀ ਨੀਲਕੰਠ ਵਾਸੀ ਡਗਾਣਾ ਖੁਰਦ ਥਾਣਾ ਬੁੱਲ੍ਹੋਵਾਲ ਹਾਲ ਵਾਸੀ ਪਿੰਡ ਧੁੱਗਾ ਕਲਾਂ ਦੇ ਕਬਜ਼ੇ ਵਿਚੋਂ 52 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਨੇ ਮਧੂ ਬਾਲਾ ਖਿਲਾਫ਼ ਨਸ਼ਾ ਵਿਰੋਧੀ ਐਕਟ ਦੀ ਧਾਰਾ 22-61-85 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 
ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸਬ-ਇੰਸਪੈਕਟਰ ਜੀਵਨ ਕੁਮਾਰ ਦੀ ਅਗਵਾਈ 'ਚ ਬੱਸੀ ਜਾਨਾ 'ਚ ਬੀ. ਡੀ. ਪੀ. ਓ. ਦਫ਼ਤਰ ਕੋਲ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਮਹਿੰਦਰ ਪਾਲ ਵਾਸੀ ਪਿੰਡ ਰਾਏਪੁਰ ਥਾਣਾ ਬੁੱਲ੍ਹੋਵਾਲ ਦੇ ਕਬਜ਼ੇ ਵਿਚੋਂ 49 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਨੇ ਦੋਸ਼ੀ ਖਿਲਾਫ਼ ਨਸ਼ਾ ਵਿਰੋਧੀ ਐਕਟ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। 
ਇਸੇ ਤਰ੍ਹਾਂ ਸੀ. ਆਈ. ਏ. ਸਟਾਫ਼ ਦਸੂਹਾ ਦੇ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ ਨੇ ਡੋਹਰ ਮੋੜ ਮੇਨ ਰੋਡ ਤਲਵਾੜਾ 'ਚ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਨੰ. ਪੀ ਬੀ 21-ਏ-3544 ਦੀ ਚੈਕਿੰਗ ਦੌਰਾਨ ਚਾਲਕ ਰਾਮ ਲੁਭਾਇਆ ਥਾਮਸ ਪੁੱਤਰ ਰਾਮ ਸਰੂਪ ਵਾਸੀ ਸੁਭਾਸ਼ ਨਗਰ ਤਲਵਾੜਾ ਦੇ ਕਬਜ਼ੇ ਵਿਚੋਂ 25 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। 
ਥਾਣਾ ਦਸੂਹਾ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਦੀ ਅਗਵਾਈ 'ਚ ਇਕ ਪੁਲਸ ਟੀਮ ਨੇ ਜੀ. ਟੀ. ਰੋਡ 'ਤੇ ਰਾਵਾਂ ਮੋੜ ਕੋਲ ਇਕ ਮੋਟਰਸਾਈਕਲ ਨੰ. ਪੀ ਬੀ 07-ਏ ਟੀ-4375 ਦੀ ਤਲਾਸ਼ੀ ਦੌਰਾਨ ਚਾਲਕ ਹਰਜਿੰਦਰ ਸਿੰਘ ਉਰਫ ਹੈਪੀ ਪੁੱਤਰ ਸਾਧੂ ਰਾਮ ਵਾਸੀ ਹਰਸੀ ਪਿੰਡ ਥਾਣਾ ਟਾਂਡਾ ਦੇ ਕਬਜ਼ੇ 'ਚੋਂ 60 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਵੱਲੋਂ ਸਾਰੇ ਗ੍ਰਿਫ਼ਤਾਰ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News