ਸਤਲੁਜ ਦਰਿਆ ਤੋਂ ਹੈਰੋਇਨ ਲਿਆ ਕੇ ਵੇਚਣ ਵਾਲੇ 3 ਕਾਬੂ

Wednesday, Oct 11, 2017 - 06:55 AM (IST)

ਜਲੰਧਰ, (ਪ੍ਰੀਤ)- ਸੀ. ਆਈ. ਏ. ਸਟਾਫ-2 ਜਲੰਧਰ ਦਿਹਾਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਦੇ 5 ਮੋਟਰਸਾਈਕਲ ਅਤੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-2 ਦੇ ਇੰਸਪੈਕਟਰ ਸ਼ਿਵ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਮਹਿਤਪੁਰ ਇਲਾਕੇ 'ਚ ਕੁਝ ਲੋਕ ਸਰਗਰਮ ਹਨ, ਜੋ ਕਿ ਚੋਰੀ ਦੇ ਵਾਹਨਾਂ ਦੇ ਨਾਲ-ਨਾਲ ਹੈਰੋਇਨ ਸਮੱਗਲਿੰਗ ਦਾ ਵੀ ਧੰਦਾ ਕਰਦੇ ਹਨ। ਸੂਚਨਾ ਮਿਲਦਿਆਂ ਹੀ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ, ਡੀ. ਐੱਸ. ਪੀ. ਸੁਰਿੰਦਰ ਮੋਹਨ ਵੱਲੋਂ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ 'ਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਏ. ਐੱਸ. ਆਈ. ਪੰਕਜ ਕੁਮਾਰ ਦੇ ਟੀਮ ਨੇ ਨਾਕਾਬੰਦੀ ਦੌਰਾਨ ਜਸਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੰਘੋਵਾਲ ਮਹਿਤਪੁਰ, ਏ. ਐੱਸ. ਆਈ. ਮੰਗਲ ਸਿੰਘ ਨੇ ਕੱਕਾ ਸਿੰਘ ਪੁੱਤਰ ਰਾਮ ਸਿੰਘ ਵਾਸੀ ਗੌਂਸੋਵਾਲ ਟਿੱਬਾ, ਮਹਿਤਪੁਰ ਅਤੇ ਏ. ਐੱਸ. ਆਈ. ਹਰਜੀਤ ਸਿੰਘ ਦੀ ਟੀਮ ਨੇ ਭੁਲੱਥ ਮੌੜ, ਕਰਤਾਰਪੁਰ ਤੋਂ ਮਨਿੰਦਰ ਸਿੰਘ ਉਰਫ ਮੰਨਾ ਪੁੱਤਰ ਅਵਤਾਰ ਸਿੰਘ ਵਾਸੀ ਸ਼ਾਹਪੁਰ, ਮਹਿਤਪੁਰ ਨੂੰ ਗ੍ਰਿਫਤਾਰ ਕੀਤਾ। 
ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ ਗ੍ਰਿਫਤਾਰ ਮੁਲਜ਼ਮਾਂ ਤੋਂ ਚੋਰੀ ਦੇ 5 ਮੋਟਰਸਾਈਕਲ ਤੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮ ਕੱਕਾ ਸਿੰਘ 'ਤੇ ਸ਼ਰਾਬ ਤੇ ਹੈਰੋਇਨ ਸਮੱਗਲਿੰਗ ਅਤੇ ਚੋਰੀ ਦੇ ਕਰੀਬ 11 ਕੇਸ ਦਰਜ ਹਨ। ਜਦਕਿ ਹੋਰ ਮੁਲਜ਼ਮਾਂ 'ਤੇ ਵੀ ਕੇਸ ਦਰਜ ਹਨ। ਤਿੰਨੇ ਮੁਲਜ਼ਮ ਸਤਲੁਜ ਦਰਿਆ ਸਾਈਡ ਤੋਂ ਇਕ ਰਾਜੂ ਨਾਂ ਦੇ ਸਮੱਗਲਰ ਤੋਂ ਹੈਰੋਇਨ ਖਰੀਦ ਕੇ ਵੇਚਦੇ ਸਨ। ਉਹ ਰਾਜੂ ਤੋਂ ਕਰੀਬ 2200 ਰੁਪਏ ਪ੍ਰਤੀ ਗ੍ਰਾਮ ਹੈਰੋਇਨ ਲੈ ਕੇ 3000 ਰੁਪਏ ਪ੍ਰਤੀ ਗ੍ਰਾਮ ਤੱਕ ਵੇਚਦੇ ਸਨ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਗਿਆ ਹੈ। 


Related News