'ਗੁਰਬਾਣੀ ਪ੍ਰਸਾਰਣ' ਦਾ 11 ਸਾਲਾਂ ਤੋਂ ਚੱਲ ਰਿਹਾ ਸਮਝੌਤਾ ਜੁਲਾਈ 'ਚ ਹੋਵੇਗਾ ਖ਼ਤਮ!

05/22/2023 6:43:26 PM

ਲੁਧਿਆਣਾ (ਮੁੱਲਾਂਪੁਰੀ) : ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਇਕ ਪ੍ਰਾਈਵੇਟ ਚੈਨਲ ਕੰਪਨੀ ਵੱਲੋਂ ਕੀਤੇ ਜਾ ਰਹੇ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਪਿਛਲੇ 11 ਸਾਲਾਂ ਤੋਂ ਆਪਣੀ ਮਨੋਪਲੀ ਬਣਾ ਕੇ ਚੱਲ ਰਹੇ ਚੈਨਲ ਬਾਰੇ ਪਿਛਲੇ ਸਮੇਂ ਤੋਂ ਸਿੱਖ ਸੰਗਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬਿਆਨ ਦਿੱਤਾ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਖ਼ੁਦ ਚਲਾਵੇ ਪਰ ਮਾਮਲਾ ਹਰ ਵਾਰ ਟਲਦਾ ਰਿਹਾ। ਪਰ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਅਤੇ ਆਧੁਨਿਕ ਟੈਕਨਾਲਜੀ ਯੰਤਰ ਲਗਾ ਕੇ ਸੰਸਾਰ ਭਰ ਵਿਚ ਵਸਦੇ ਸਿੱਖ ਧਰਮ ਦੇ ਲੋਕਾਂ ਨੂੰ ਸਾਰੇ ਚੈਨਲਾਂ ’ਤੇ ਗੁਰਬਾਣੀ ਪ੍ਰਸਾਰਣ ਦੀ ਗੱਲ ਆਖਣ ’ਤੇ ਅੱਜ ਜਦੋਂ ਸ਼੍ਰੋਮਣੀ ਕਮੇਟੀ ਦੇ ਜ. ਸਕੱਤਰ ਗੁਰਚਰਨ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ ਪਰ ਸਿੱਖ ਕੌਮ ਤੇ ਸ਼੍ਰੋਮਣੀ ਕਮੇਟੀ ਹਰ ਕਾਰਜ ਕਰਨ ਦੇ ਸਮਰੱਥ ਹੈ। ਫਿਰ ਵੀ 11 ਸਾਲਾਂ ਤੋਂ ਜੋ ਇਕਰਾਰਨਾਮਾ ਮੌਜੂਦਾ ਚੈਨਲ ਦਾ ਚੱਲਦਾ ਆ ਰਿਹਾ ਹੈ, ਉਹ ਆਉਂਦੀ ਜੁਲਾਈ ਮਹੀਨੇ ਖ਼ਤਮ ਹੋਣ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਸਿਰਫਿਰੇ ਆਸ਼ਿਕ ਦਾ ਕਾਰਾ! ਅਣਬਣ ਤੋਂ ਬਾਅਦ ਵਿਆਹੁਤਾ ਪ੍ਰੇਮਿਕਾ ਨੂੰ ਦਿੱਤੀ ਦਰਦਨਾਕ ਮੌਤ

ਸਿੱਖ ਸੰਗਤ ਗੁਰਬਾਣੀ ਦੇ ਪ੍ਰਸਾਰਣ ਸੰਬਧੀ ਜੋ ਸ਼੍ਰੋਮਣੀ ਕਮੇਟੀ ਨੂੰ ਹੁਕਮ ਦੇਵੇਗੀ, ਉਸ ’ਤੇ ਅਸੀਂ ਫੁੱਲ ਚੜ੍ਹਾਵਾਂਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੌਜੂਦਾ ਚੈਨਲ ਸ਼੍ਰੋਮਣੀ ਕਮੇਟੀ ਨੂੰ ਕੀ ਦਿੰਦਾ ਹੈ ਤਾਂ ਉਨ੍ਹਾਂ ਦੱਸਿਆ ਕਿ ਹਰ ਵਰ੍ਹੇ ਇਕ ਕਰੋੜ ਰੁਪਏ ਅਤੇ ਲਗਭਗ 100 ਦੇ ਕਰੀਬ ਦਰਬਾਰ ਸਾਹਿਬ ਤੋਂ ਲਾਈਵ ਪ੍ਰੋਗਰਾਮ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਆਪਣਾ ਚੈਨਲ ਕਿਉਂ ਨਹੀਂ ਚਲਾਉਂਦੇ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਇਸ ਸਬੰਧੀ ਫ਼ੈਸਲਾ ਹੋ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਮੇਂ ਤੋਂ ਸਿੱਖ ਵਿਦਵਾਨ, ਬੁੱਧੀਜੀਵੀ, ਜਥੇਦਾਰ ਤੇ ਹੋਰ ਆਗੂ ਇਕ ਚੈਨਲ ਵੱਲੋਂ ਕੀਤੇ ਮਨੋਪਲੀ ਬਣਾ ਕੇ ਪ੍ਰਸਾਰਿਤ ਕਰਨ ’ਤੇ ਉਸ ਦੀ ਨੁਕਤਾਚੀਨੀ ਕਰਦੇ ਆ ਰਹੇ ਹਨ ਪਰ 11 ਸਾਲਾਂ ਦਾ ਇਕਰਾਰਨਾਮਾ ਖ਼ਤਮ ਹੋਣ ਕਰਕੇ ਇਸ ਦੇ ਪ੍ਰਸਾਰਿਤ ਕਰਤਾ ਨੂੰ ਬਦਲਣਾ ਮੁਸ਼ਕਲ ਸੀ ਪਰ ਹੁਣ ਜੁਲਾਈ ਮਹੀਨੇ ਵਿਚ ਨਵੇਂ ਸਿਰਿਓਂ ਸਿੱਖ ਕੌਮ, ਸ਼੍ਰੋਮਣੀ ਕਮੇਟੀ ਜਾਂ ਭਗਵੰਤ ਮਾਨ ਸਰਕਾਰ ਕੀ ਫ਼ੈਸਲਾ ਲੈਂਦੀ ਹੈ, ਇਹ ਅਜੇ ਸਮੇਂ ਦੇ ਗਰਭ ਵਿਚ ਹੈ।

ਇਹ ਵੀ ਪੜ੍ਹੋ- ਮੱਖੂ 'ਚ ਵੱਡੀ ਵਾਰਦਾਤ, ਦਰਗਾਹ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲੱਥਪੱਥ ਮਿਲੀ ਲਾਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto