ਨਗਰ ਕੌਂਸਲ ਕਰਮਚਾਰੀਆਂ ਵਲੋਂ ਵਾਟਰ ਪਾਈਪ ਲਾਈਨਾਂ ਦੀ ਚੈਕਿੰਗ ਜਾਰੀ

11/17/2017 4:24:33 AM

ਕਪੂਰਥਲਾ, (ਗੁਰਵਿੰਦਰ ਕੌਰ)- ਕਪੂਰਥਲਾ ਦੇ ਪਿੰਡ ਮਨਸੂਰਵਾਲ ਦੋਨਾ 'ਚ ਪਿਛਲੇ ਕਾਫੀ ਦਿਨਾਂ ਤੋਂ ਚਲ ਰਹੇ ਪੀਲੀਆ ਦੇ ਕਹਿਰ ਨੂੰ ਲੈ ਕੇ ਸਿਹਤ ਵਿਭਾਗ ਤੇ ਨਗਰ ਕੌਂਸਲ ਕਪੂਰਥਲਾ ਦੀਆਂ ਟੀਮਾਂ ਵਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਦੂਸ਼ਿਤ ਪਾਣੀ ਦੇ ਕਾਰਨਾਂ ਸਬੰਧੀ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਪੂਰੀ ਵਾਟਰ ਪਾਈਪ ਲਾਈਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਨਗਰ ਕੌਂਸਲ ਕਪੂਰਥਲਾ ਦੇ ਕਾਰਜਸਾਧਕ ਅਧਿਕਾਰੀ ਕੁਲਭੂਸ਼ਣ ਗੋਇਲ ਤੇ ਐੱਸ. ਓ. ਤਰਲੋਚਨ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਟੀਮ ਵਲੋਂ ਮਨਸੂਰਵਾਲ ਦੀਆਂ ਵਾਟਰ ਪਾਈਪ ਲਾਈਨਾਂ ਨੂੰ ਚੈਕ ਕੀਤਾ ਗਿਆ, ਜਿਸ ਦੌਰਾਨ ਪਾਇਆ ਗਿਆ ਕਿ ਕੁਝ ਘਰਾਂ ਦੀਆਂ ਵਾਟਰ ਸਪਲਾਈ ਦੀਆਂ ਪਾਈਪਾਂ ਸੀਵਰੇਜ ਦੀਆਂ ਹੋਦੀਆਂ 'ਚੋਂ ਹੋ ਕੇ ਲੰਘਦੀਆਂ ਹਨ, ਜਿਸ ਸਬੰਧੀ ਟੀਮ ਵਲੋਂ ਤੁਰੰਤ ਇਨ੍ਹਾਂ ਘਰਾਂ ਨੂੰ ਵਾਟਰ ਡਿਸਕੁਨੈਕਟ ਕਰਨ ਲਈ ਕਿਹਾ ਗਿਆ ਤੇ ਉਨ੍ਹਾਂ ਨੂੰ ਰੀ-ਕੁਨੈਕਸ਼ਨ ਕਰਵਾਉਣ ਲਈ ਨਗਰ ਕੌਂਸਲ ਵਲੋਂ ਇਕ ਦਿਨ ਦਾ ਸਮਾਂ ਦਿੱਤਾ ਗਿਆ ਪਰ ਨਗਰ ਕੌਂਸਲ ਦੀ ਟੀਮ ਵਲੋਂ ਅਜੇ ਤੱਕ ਮਨਸੂਰਵਾਲ ਮੇਨ ਲੀਕੇਜ ਟਰੇਸ ਨਹੀਂ ਹੋ ਸਕੀ ਹੈ, ਜਿਸ ਕਾਰਨ ਕੱਲ ਨੂੰ ਵੀ ਵਾਟਰ ਪਾਈਪ ਲਾਈਨਾਂ ਚੈਕ ਕਰਨ ਦਾ ਕੰਮ ਜਾਰੀ ਰਹੇਗਾ। 
ਇਸ ਸਬੰਧੀ ਈ. ਓ. ਕੁਲਭੂਸ਼ਣ ਗੋਇਲ ਤੇ ਐੱਸ. ਓ. ਤਰਲੋਚਨ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਮਨਸੂਰਵਾਲ ਦੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਸਾਫ-ਸੁਥਰਾ ਪੀਣ ਵਾਲਾ ਪਾਣੀ 4 ਟੈਂਕਰਾਂ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਅੱਜ ਪਾਣੀ ਦੀ ਸਪਲਾਈ ਨੂੰ ਵੀ ਛੱਡਿਆ ਗਿਆ ਹੈ ਤਾਂ ਜੋ ਇਥੋਂ ਦੇ ਨਿਵਾਸੀ ਇਸ ਪਾਣੀ ਨੂੰ ਨਹਾਉਣ, ਕੱਪੜੇ ਧੋਣ ਤੇ ਹੋਰ ਕੰਮਾਂ-ਕਾਰਾਂ ਲਈ ਵਰਤ ਸਕਣ। ਉਨ੍ਹਾਂ ਦੱਸਿਆ ਕਿ ਇਥੋਂ ਦੇ ਨਿਵਾਸੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਸਿਰਫ ਟੈਂਕਰ ਰਾਹੀਂ ਜੋ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਉਸ ਨੂੰ ਹੀ ਵਰਤਣ ਤੇ ਜੇਕਰ ਕਿਸੇ ਨੇ ਟੈਂਕਰ ਦੇ ਪਾਣੀ ਤੋਂ ਇਲਾਵਾ ਵਾਟਰ ਸਪਲਾਈ ਵਾਲਾ ਪਾਣੀ ਪੀਣ ਲਈ ਵਰਤਣਾ ਹੈ ਤਾਂ ਉਸ ਨੂੰ ਉਬਾਲ ਕੇ ਤੇ ਸਿਹਤ ਵਿਭਾਗ ਵਲੋਂ ਵੰਡੀਆਂ ਗਈਆਂ ਕਲੋਰੀਨ ਦੀਆਂ ਗੋਲੀਆਂ ਪਾ ਕੇ ਹੀ ਵਰਤਿਆ ਜਾਵੇ। ਇਸ ਮੌਕੇ ਸਿਹਤ ਵਿਭਾਗ ਵੱਲੋਂ ਡਾ. ਸ਼ੋਭਨਾ ਬਾਂਸਲ ਦੀ ਅਗਵਾਈ 'ਚ ਟੀਮ ਵਲੋਂ ਇਥੋਂ ਦੇ ਨਿਵਾਸੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ।