ਗੋਲੀ ਲੱਗਣ ਨਾਲ ਕਾਂਸਟੇਬਲ ਦੀ ਮੌਤ

01/13/2018 7:32:35 AM

ਅੰਮ੍ਰਿਤਸਰ, (ਸੰਜੀਵ)- ਅੱਜ ਸਵੇਰੇ ਇੰਡੋ-ਤਿੱਬਤਨ ਬਾਰਡਰ ਪੁਲਸ ਦੇ ਕਾਂਸਟੇਬਲ ਵੀਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਘਟਨਾ ਉਸ ਸਮੇਂ ਹੋਈ ਜਦੋਂ ਵੀਰ ਸਿੰਘ ਆਪਣੀ ਰਾਈਫਲ ਸਾਫ਼ ਕਰ ਰਿਹਾ ਸੀ ਅਤੇ ਅਚਾਨਕ ਗੋਲੀ ਚੱਲ ਗਈ ਜੋ ਉਸ ਦੇ ਨੱਕ 'ਚੋਂ ਹੁੰਦੀ ਹੋਈ ਸਿਰ ਨੂੰ ਚੀਰਦੀ ਹੋਈ ਬਾਹਰ ਨਿਕਲ ਗਈ। ਖੂਨ ਨਾਲ ਲਿਬੜਿਆ ਵੀਰ ਸਿੰਘ ਮੌਕੇ 'ਤੇ ਹੀ ਡਿੱਗ ਗਿਆ ਅਤੇ ਦਮ ਤੋੜ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੁਲਤਾਨਵਿੰਡ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਪੁਲਸ ਬਲ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਦੌਰਾਨ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।  
ਕੀ ਕਹਿਣਾ ਹੈ ਪੁਲਸ ਦਾ? : ਥਾਣਾ ਸੁਲਤਾਨਵਿੰਡ ਦੇ ਇੰਚਾਰਜ ਇੰਸਪੈਕਟਰ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਕਾਂਸਟੇਬਲ ਵੀਰ ਸਿੰਘ ਮੂਲ ਰੂਪ 'ਚ ਝਾਂਸੀ ਦਾ ਰਹਿਣ ਵਾਲਾ ਸੀ ਜੋ ਨਿਊ ਅੰਮ੍ਰਿਤਸਰ ਸਥਿਤ ਆਈ. ਟੀ. ਬੀ. ਪੀ. ਦੀ 52 ਬਟਾਲੀਅਨ ਦੇ ਹੈੱਡਕੁਆਰਟਰ ਵਿਚ ਗਾਰਡ ਦੇ ਅਹੁਦੇ 'ਤੇ ਤਾਇਨਾਤ ਸੀ। ਅੱਜ ਸਵੇਰੇ ਉਹ ਆਪਣੇ ਸਾਥੀ ਕਰਮਚਾਰੀ  ਨਾਲ ਰਾਈਫਲ ਸਾਫ਼ ਕਰ ਰਿਹਾ ਸੀ ਅਤੇ ਉਸ ਨੇ ਉਸ ਨੂੰ ਚਾਹ ਲਿਆਉਣ ਲਈ ਭੇਜਿਆ ਜਿਵੇਂ ਹੀ ਉਸ ਦਾ ਸਾਥੀ ਕਰਮਚਾਰੀ ਚਾਹ ਲੈਣ ਲਈ ਮੁੜਿਆ ਤਾਂ ਅਚਾਨਕ ਉਸ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਮੁੜ ਕੇ ਵੇਖਿਆ ਤਾਂ ਵੀਰ ਸਿੰਘ ਖੂਨ ਨਾਲ ਲਿਬੜਿਆ ਡਿੱਗਿਆ ਹੋਇਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ।