ਮਹਿਮਦਪੁਰ ਮੰਡੀ ''ਚ ਧਰਨਾ ਦੇਣ ਲਈ ਮੰਨੇ ਕਿਸਾਨ

09/22/2017 1:33:15 AM

ਪਟਿਆਲਾ, (ਬਲਜਿੰਦਰ, ਜੋਸਨ)- 7 ਕਿਸਾਨ ਯੂਨੀਅਨਾਂ ਦੇ ਧਰਨੇ ਨੂੰ ਲੈ ਕੇ ਅੱਜ ਦਿਨ ਭਰ ਚੱਲੀ ਗਰਮਾ-ਗਰਮੀ ਦੌਰਾਨ ਸ਼ਾਮ ਨੂੰ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਕਿਸਾਨ ਯੂਨੀਅਨ ਦੇ ਵਫਦ ਵਿਚਕਾਰ ਮੀਟਿੰਗ ਹੋਈ। ਇਸ ਤੋਂ ਬਾਅਦ ਕਿਸਾਨ ਆਗੂ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ 2 ਸਾਈਟਾਂ ਵਿਚੋਂ ਸੰਗਰੂਰ ਰੋਡ 'ਤੇ ਸਥਿਤ ਮਹਿਮਦਪੁਰ ਜੱਟਾਂ ਮੰਡੀ ਵਿਚ ਧਰਨਾ ਦੇਣ ਲਈ ਮੰਨ ਗਏ। ਹਾਈ ਕੋਰਟ ਦੇ ਹੁਕਮਾਂ ਮੁਤਾਬਕ ਕਿਸਾਨ ਆਗੂਆਂ ਦਾ ਵਫਦ ਸ਼ਾਮ 4 ਵਜੇ ਡਿਪਟੀ ਕਮਿਸ਼ਨਰ ਦਫਤਰ ਥਾਂ ਦੀ ਮਨਜ਼ੂਰੀ ਲਈ ਪਹੰਚਿਆ, ਜਿਸ ਵਿਚ ਡਾ. ਦਰਸ਼ਨਪਾਲ, ਸੁੱਚਾ ਸਿੰਘ ਅਤੇ ਪ੍ਰੋ. ਬਾਵਾ ਸਿੰਘ ਸ਼ਾਮਲ ਸਨ। ਮੀਟਿੰਗ ਵਿਚ ਕਿਸਾਨ ਆਗੂਆਂ ਨੇ ਆਪਣੇ ਵੱਲੋਂ 3 ਥਾਵਾਂ ਪ੍ਰਸਤਾਵਿਤ ਕੀਤੀਆਂ। ਇਨ੍ਹਾਂ ਵਿਚ ਪੋਲੋ ਗਰਾਊਂਡ, ਨਵੀਂ ਅਨਾਜ ਮੰਡੀ ਪਟਿਆਲਾ ਅਤੇ ਐਨੀਮਲ ਹਸਬੈਂਡਰੀ ਦੀ ਥਾਂ ਵਿਚ ਪੁੱਡਾ ਵੱਲੋਂ ਕੱਟੀ ਸਕੀਮ ਸ਼ਾਮਲ ਸਨ।  ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸ਼ਹਿਰ ਵਿਚ ਕੋਈ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰੋਂ ਬਾਹਰ ਪ੍ਰਸ਼ਾਸਨ ਵੱਲੋਂ 2 ਥਾਵਾਂ ਚੁਣੀਆਂ ਗਈਆਂ ਹਨ। ਇਨ੍ਹਾਂ ਵਿਚ ਇਕ ਸ਼ੇਰਮਾਜਰਾ ਪਿੰਡ ਅਤੇ ਦੂਜੀ ਸੰਗਰੂਰ ਰੋਡ 'ਤੇ ਸਥਿਤ ਮਹਿਮਦਪੁਰ ਜੱਟਾਂ ਮੰਡੀ ਵਿਖੇ ਰੈਲੀ ਤੇ ਧਰਨਾ ਦੇਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਇਸ ਮਤੇ ਨੂੰ ਆਪਣੀ ਸੂਬਾ ਕਮੇਟੀ ਦੇ ਸਾਹਮਣੇ ਰੱਖਿਆ। ਲਗਭਗ ਅੱਧੇ ਘੰਟੇ ਬਾਅਦ ਮੀਡੀਆ ਸਾਹਮਣੇ ਆ ਕੇ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਮਹਿਮਦਪੁਰ ਜੱਟਾਂ ਮੰਡੀ ਵਿਚ ਧਰਨਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਮਹਿਸੂਸ ਕੀਤੀ। 
ਇਸ ਦੌਰਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਸਰਕਾਰ ਵੱਲੋਂ ਜਾਣ-ਬੁੱਝ ਕੇ ਕਿਸਾਨਾਂ ਦੇ ਲੋਕਤੰਤਰੀ ਅਧਿਕਾਰ 'ਤੇ ਹਮਲਾ ਕਰਦੇ ਹੋਏ ਅਦਾਲਤ ਸਾਹਮਣੇ ਮਾਹੌਲ ਨੂੰ ਅਜਿਹਾ ਪੇਸ਼ ਕੀਤਾ, ਜਿਵੇਂ ਉਹ ਆਪਣਾ ਅਧਿਕਾਰ ਨਾ ਮੰਗ ਰਹੇ ਹੋਣ, ਸਗੋਂ ਕੋਈ ਹੁੱਲੜਬਾਜ਼ੀ ਕਰਨ ਲਈ ਆ ਰਹੇ ਹੋਣ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਇਸ ਤਰ੍ਹਾਂ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬਾਅ ਸਕਦੀ। ਇਤਿਹਾਸ ਗਵਾਹ ਹੈ ਕਿ ਜਿੱਥੇ ਕਿਤੇ ਵੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ, ਪੂਰੀ ਤਰ੍ਹਾਂ ਅਨੁਸ਼ਾਸਨ ਵਿਚ ਰਹਿ ਕੇ ਦਿੱਤਾ ਗਿਆ ਹੈ। ਉਨ੍ਹਾਂ ਅਮਰਿੰਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ ਨਾਲ ਇਸ ਤਰ੍ਹਾਂ ਧੋਖਾ ਨਹੀਂ ਕਰ ਸਕਦੇ। ਇਸ ਦਾ ਨਤੀਜਾ ਕਾਂਗਰਸ ਨੂੰ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਸਪੱਸ਼ਟ ਤੌਰ 'ਤੇ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਵੱਲੋਂ ਆਪਣੇ ਐਲਾਨ ਅਨੁਸਾਰ ਪੂਰੇ 5 ਦਿਨ ਮਹਿਮਦਪੁਰ ਮੰਡੀ ਵਿਖੇ ਲਾ-ਮਿਸਾਲ ਇਕੱਠ ਕੀਤਾ ਜਾਵੇਗਾ ਅਤੇ ਗੂੰਗੀ-ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾਵੇਗੀ। ਕਿਸਾਨ ਯੂਨੀਅਨ ਵੱਲੋਂ ਦੇਰ ਸ਼ਾਮ ਮਹਿਮਦਪੁਰ ਮੰਡੀ ਦੀ ਸਫਾਈ ਸ਼ੁਰੂ ਕਰ ਕੇ ਉਥੇ ਧਰਨੇ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।