ਮਹਿੰਗਾਈ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ

09/24/2017 6:46:32 AM

ਅੰਮ੍ਰਿਤਸਰ,  (ਕਮਲ)-  ਯੂਥ ਕਾਂਗਰਸ ਹਲਕਾ ਉੱਤਰੀ ਦੇ ਪ੍ਰਧਾਨ ਕਰਨ ਪੁਰੀ ਦੀ ਅਗਵਾਈ 'ਚ ਸੈਂਕੜੇ ਨੌਜਵਾਨਾਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਤੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਤੇ ਰੋਸ ਪ੍ਰਦਰਸ਼ਨ ਕੀਤਾ।  ਇਸ ਸਮੇਂ ਕਰਨ ਪੁਰੀ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੇ ਰੇਟ ਹਰ ਦਿਨ ਵੱਧਦੇ ਜਾ ਰਹੇ ਹਨ ਪਰ ਸੱਤਾ 'ਤੇ ਕਾਬਜ਼ ਭਾਜਪਾ 'ਅੱਛੇ ਦਿਨਾਂ' ਦਾ ਸੁਪਨਾ ਦਿਖਾ ਕੇ ਹੁਣ ਲੋਕਾਂ ਦੀ ਸਾਰ ਨਹੀਂ ਲੈ ਰਹੀ। ਭਾਜਪਾ ਆਗੂਆਂ ਨੇ ਕਈ ਵਾਰ ਦੋਸ਼ ਲਾਏ ਕਿ ਕਾਂਗਰਸ ਨੇ 60 ਸਾਲਾਂ 'ਚ ਕੁਝ ਨਹੀਂ ਕੀਤਾ ਪਰ ਭਾਜਪਾ ਦੇ 3 ਸਾਲਾਂ 'ਚ ਪੈਟਰੋਲ ਤੇ ਡੀਜ਼ਲ ਦੇ ਰੇਟਾਂ 'ਚ ਵਾਧਾ, ਆਸਮਾਨ ਛੂੰਹਦੀ ਮਹਿੰਗਾਈ ਤੇ ਬੇਰੋਜ਼ਗਾਰੀ 'ਚ ਖੂਬ ਵਾਧਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਇਹ ਦੱਸੇ ਕਿ ਉਸ ਨੇ ਜਦੋਂ ਬਾਕੀ ਵਸਤਾਂ 'ਤੇ ਜੀ. ਐੱਸ. ਟੀ. ਲਾਗੂ ਕਰ ਦਿੱਤਾ ਹੈ ਤਾਂ ਫਿਰ ਪੈਟਰੋਲ ਤੇ ਡੀਜ਼ਲ ਨੂੰ ਕੰਪਨੀਆਂ ਦੇ ਹਵਾਲੇ ਕਿਉਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਤੇ ਡੀਜ਼ਲ ਨੂੰ ਵੀ ਜੀ. ਐੱਸ. ਟੀ. ਤਹਿਤ ਰੱਖਿਆ ਜਾਵੇ, ਨਹੀਂ ਤਾਂ ਕੇਂਦਰ ਸਰਕਾਰ ਖਿਲਾਫ ਯੂਥ ਕਾਂਗਰਸੀ ਸੜਕਾਂ 'ਤੇ ਉਤਰਨਗੇ।  ਇਸ ਮੌਕੇ ਸ਼ੁਭ ਭੁੱਲਰ, ਗੌਰਵ ਅਰੋੜਾ, ਨਿਤਿਨ ਕਪੂਰ, ਰਾਜਨ ਸ਼ਰਮਾ, ਰਿੰਕੂ ਪਹਿਲਵਾਨ, ਰਾਜੂ ਪਹਿਲਵਾਨ, ਤਰੁਣ ਸ਼ਰਮਾ, ਹੈਪੀ, ਰਾਹੁਲ ਸ਼ਰਮਾ, ਜਤਿੰਦਰਪਾਲ, ਨਿਤਿਨ ਮਹਾਜਨ ਆਦਿ ਮੌਜੂਦ ਸਨ।