ਗੁੱਸੇ ’ਚ ਆਏ ਕਾਂਗਰਸੀਆਂ ਨੇ ਸਕੂਟਰ ਨੂੰ ਵੀ ਲਾਈ ਅੱਗ

06/08/2018 4:07:34 AM

ਬਟਾਲਾ,   (ਬੇਰੀ, ਮਠਾਰੂ, ਸੈਂਡੀ)–  ਪੰਜਾਬ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖਡ਼ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਦੇ ਇਕੱਠ ਵੱਲੋਂ ਅੱਜ ਬਟਾਲਾ ਸ਼ਹਿਰ ਵਿਖੇ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਅਸ਼ਵਨੀ ਸੇਖਡ਼ੀ, ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ, ਅਭਿਨਵ ਸੇਖਡ਼ੀ, ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ ਸਮੇਤ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ।  ਸਭ ਤੋਂ ਪਹਿਲਾਂ ਸੁਨੀਲ ਜਾਖਡ਼ ਨੇ ਸੇਖਡ਼ੀ ਹਾਊਸ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਸਮਰਥਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ। ਉਪਰੰਤ ਜਾਖਡ਼, ਅਸ਼ਵਨੀ ਸੇਖਡ਼ੀ, ਵਿਧਾਇਕ ਪਾਹਡ਼ਾ ਸਮੇਤ ਸਾਰੇ ਆਗੂਆਂ ਅਤੇ ਹਾਜ਼ਰ ਲੋਕਾਂ ਨੇ ਪੈਦਲ ਮਾਰਚ ਰਾਹੀਂ ਅਤੇ ਰਿਕਸ਼ੇ ਅਤੇ ਰੇਹੜੀਆਂ ’ਤੇ ਸਵਾਰ ਹੋ ਕੇ ਤੇਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਮੋਦੀ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ। ਇਹ ਰੋਸ ਮਾਰਚ ਸੇਖਡ਼ੀ ਹਾਊਸ ਤੋਂ ਸ਼ੁਰੂ ਹੋ ਕੇ ਵਾਲਮੀਕਿ ਚੌਕ, ਜੱਸਾ ਸਿੰਘ ਰਾਮਗਡ਼੍ਹੀਆ ਹਾਲ, ਸਿਨੇਮਾ ਰੋਡ, ਸਿਟੀ ਰੋਡ ਵੱਲ ਦੀ ਹੁੰਦਾ ਹੋਇਆ ਗਾਂਧੀ ਚੌਕ ਵਿਖੇ ਆ ਕੇ ਸਮਾਪਤ ਹੋਇਆ।

ਇਸ ਮੌਕੇ ਕਾਂਗਰਸੀ ਕਾਰਕੁਨਾਂ ਵੱਲੋਂ ਤੇਲ ਦੀਆਂ ਵਧੀਆਂ ਕੀਮਤਾਂ ਦੇ ਰੋਸ ਵਜੋਂ ਮੋਦੀ ਸਰਕਾਰ ਦਾ ਪੁਤਲਾ ਫੂਕਣ ਦੇ ਨਾਲ-ਨਾਲ ਕਾਂਗਰਸੀਆਂ ਨੇ ਗੁੱਸੇ ਵਿਚ ਆਉਂਦਿਆਂ ਸਕੂਟਰ ਨੂੰ ਵੀ ਸ਼ਰੇਆਮ ਅੱਗ ਲਗਾ ਕੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਜਾਖਡ਼ ਨੇ ਕਿਹਾ ਕਿ ਮੋਦੀ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਲੋਕ ਉੱਠ ਖਡ਼੍ਹੇ ਹੋਏ ਹਨ ਅਤੇ ਲੋਕ ਹੁਣ ਜ਼ਿਆਦਾ ਸਮਾਂ ਮੋਦੀ ਦੇ ਤੁਗਲਕੀ ਫ਼ੁਰਮਾਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਇਨੀਆਂ ਜ਼ਿਆਦਾ ਵੱਧ ਗਈਆਂ ਹਨ ਕਿ ਇਹ ਆਮ ਆਦਮੀ ਦੀ ਪਹੁੰਚ ਤੋਂ ਹੀ ਦੂਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਛੇ ਦਿਨਾਂ ਦੇ ਸੁਪਨੇ ਦਿਖਾ ਕੇ ਸੱਤਾ ਹਾਸਲ ਕਰਨ ਵਾਲੇ ਨਰਿੰਦਰ ਮੋਦੀ ਨੇ ਲੋਕਾਂ ਨੂੰ ਅੱਤ ਭੈਡ਼ੇ ਦਿਨਾਂ ਵਿਚ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੈ ਅਤੇ ਇਨ੍ਹਾਂ ਦੇ ਸਾਰੇ ਚੋਣ ਵਾਅਦੇ ਜੁਮਲੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਦੇਸ਼ ਭਰ ਦੇ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਤੇ ਦੇਸ਼ ਦੇ ਲੋਕ 2019 ਦੀਆਂ ਚੋਣਾਂ ਵਿੱਚ ਭਾਜਪਾ ਦੀ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ। 

ਇਕ ਸੁਆਲ ਦੇ ਜੁਆਬ ਵਿਚ ਸ੍ਰੀ ਜਾਖਡ਼ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਵਲੋਂ ਆਮ ਆਦਮੀ ਪਾਰਟੀ ਨਾਲ ਕੋਈ ਚੋਣ ਗਠਜੋਡ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਦਾ ਅਾਧਾਰ ਵੀ ਹੁਣ ਖਤਮ ਹੋ ਗਿਆ ਹੈ, ਜਿਸਦੀ ਗਵਾਹੀ ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਨਤੀਜੇ ਭਰਦੇ ਹਨ। ਇਸ ਮੌਕੇ ਸਾਬਕਾ ਮੰਤਰੀ ਅਸ਼ਵਨੀ ਸੇਖਡ਼ੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਰਾਜ ਵਿਚ ਮਹਿੰਗਾਈ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਗਈ ਹੈ, ਇਹੀ ਕਾਰਨ ਹੈ ਕਿ ਲੋਕ ਅੱਜ ਅੱਕ ਕੇ ਸਰਕਾਰ ਵਿਰੁੱਧ ਸਡ਼ਕਾਂ ’ਤੇ ਆ ਗਏ ਹਨ।

 ਇਸ ਦੌਰਾਨ ਸਾਂਸਦ ਸੁਨੀਲ ਜਾਖਡ਼, ਸਕੱਤਰ ਆਲ ਇੰਡੀਆ ਕਾਂਗਰਸ ਕਮੇਟੀ ਅਸ਼ਵਨੀ ਸੇਖਡ਼ੀ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ ਵਲੋਂ  ਜਿਥੇ ਰਿਕਸ਼ਾ ’ਤੇ ਸਵਾਰ ਹੋ ਕੇ ਮੋਦੀ ਸਰਕਾਰ ਵਿਰੁੱਧ ਆਪਣਾ ਗੁੱਸਾ ਕੱਢਿਆ, ਉਥੇ ਨਾਲ ਹੀ ਸਿਟੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੇਠ ਕਸਤੂਰੀ ਲਾਲ ਨੇ ਸਾਥੀਆਂ ਸਮੇਤ ਟਾਂਗੇ ’ਤੇ ਸਵਾਰ ਹੋ ਕੇ ਮੋਦੀ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟਾਇਆ ਤੇ ਵਧੀਆਂ ਤੇਲ ਕੀਮਤਾਂ ਦੀ ਨਿਖੇਧੀ ਕੀਤੀ। ਅੰਤ ਵਿਚ ਅਸ਼ਵਨੀ ਸੇਖਡ਼ੀ ਨੇ ਵੱਡੀ ਗਿਣਤੀ ਵਿਚ ਰੋਸ ਮੁਜ਼ਾਹਰ ਵਿੱਚ ਪਹੁੰਚੇ ਬਟਾਲਾ ਹਲਕੇ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਵਿੰਦਰ ਸਿੰਘ ਭਾਗੋਵਾਲੀਆ ਰਿਟਾਇਡ ਡੀ. ਪੀ. ਆਰ. ਓ.,  ਸੀਨੀਅਰ ਕਾਂਗਰਸੀ ਆਗੂ ਅਸ਼ੋਕ ਲੂਥਰਾ,  ਅਜੇ ਮਹਾਜਨ ਸਕੱਤਰ ਪ੍ਰਦੇਸ਼ ਕਾਂਗਰਸ, ਰਮੇਸ਼ ਵਰਮਾ ਜ਼ਿਲਾ ਮੀਤ ਪ੍ਰਧਾਨ, ਰਵਿੰਦਰ ਸੋਨੀ, ਐਡਵੋਕੇਟ ਬਿਕਰਮਜੀਤ ਸਿੰਘ ਜੱਗਾ ਕੌਂਸਲਰ, ਕਾ. ਰਮੇਸ਼ ਸ਼ਰਮਾ ਸਿਆਸੀ ਸਕੱਤਰ ਸੇਖਡ਼ੀ, ਰਮਨ ਨਈਅਰ ਜ਼ਿਲਾ ਪ੍ਰਧਾਨ, ਜ਼ਿਲਾ ਦਿਹਾਤੀ ਪ੍ਰਧਾਨ ਤਰਸੇਮ ਸਿੰਘ ਢਿਲੋਂ, ਜ਼ਿਲਾ ਚੇਅਰਮੈਨ ਕਾਂਗਰਸ ਸੇਵਾ ਦਲ ਨਰੇਸ਼ ਕਪੂਰ, ਸਾਬਕਾ ਕੌਂਸਲਰ ਹਰਿੰਦਰ ਸਿੰਘ, ਸਾਬਕਾ ਕੌਂਸਲਰ ਰੋਸ਼ਨ ਸਿੰਘ, ਜੱਜ ਵੋਹਰਾ, ਹਰਮਿੰਦਰ ਸਿੰਘ ਆਦਿ ਸਮੇਤ ਸੈਂਕਡ਼ਿਆਂ ਦੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਸ਼ਾਮਲ ਹੋਏ।