ਜਾਖੜ ਤੇ ਆਸ਼ਾ ਕੁਮਾਰੀ ਦੀ ਮੀਟਿੰਗ 'ਚ ਹੰਗਾਮਾ, ਆਪਸ 'ਚ ਭਿੜੇ ਕਾਂਗਰਸੀ

07/08/2018 11:16:44 AM

ਮਾਨਸਾ (ਅਮਰਜੀਤ) — ਕਾਂਗਰਸੀ ਵਰਕਰਾਂ ਦੇ ਗਿਲੇ-ਸ਼ਿਕਵੇ ਸੁਣਨ ਅਤੇ ਦੂਰ ਕਰਨ ਲਈ ਮਾਨਸਾ 'ਚ ਰੱਖੀ ਗਈ ਬੈਠਕ ਉਸ ਸਮੇਂ ਅਖਾੜਾ ਬਣ ਗਈ ਜਦੋਂ ਪ੍ਰਦੇਸ਼ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਦੀ ਹਾਜ਼ਰੀ 'ਚ ਕਾਂਗਰਸੀ ਆਪਸ 'ਚ ਭਿੜ ਗਏ। ਦੱਸਣਯੋਗ ਹੈ ਕਿ ਮੀਟਿੰਗ ਮਾਨਸਾ ਜ਼ਿਲੇ ਦੇ ਭੀਖੀ ਕਸਬੇ ਵਿਚ ਹੋ ਰਹੀ ਸੀ ਕਿ ਕਾਂਗਰਸ ਦੇ ਦੋ ਧਿਰ ਆਪਸ 'ਚ ਭਿੜ ਗਏ ਅਤੇ ਇਕ-ਦੂਜੇ ਨਾਲ ਮਿਹਣੋ-ਮਿਹਣੀ ਹੋ ਗਏ। ਬੈਠਕ 'ਚ ਮੌਜੂਦ ਸੀਨੀਅਰ ਨੇਤਾਵਾਂ ਨੇ ਇਕ-ਦੂਜੇ ਖਿਲਾਫ ਜੰਮ ਕੇ ਭੜਾਸ ਕੱਢੀ। ਸਾਬਕਾ ਵਿਧਾਇਕ ਮੰਗਤ ਰਾਏ ਬੰਸਲ ਨੇ ਮਾਨਸਾ ਦੇ ਕਾਂਗਰਸ ਪ੍ਰਧਾਨ 'ਤੇ ਗੁੰਡਾਗਰਦੀ ਦੇ ਦੋਸ਼ ਲਗਾਏ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਇਕ ਕਾਂਗਰਸੀ ਆਗੂ ਦੀ ਮਹਿਲਾ ਆਗੂ ਨਾਲ ਝੜਪ ਹੋ ਗਈ ਸੀ ਪਰ ਮਾਨਸਾ ਦੇ ਪਾਰਟੀ ਪ੍ਰਧਾਨ ਇਸ ਤੋਂ ਮੁਕਰਦੇ ਹੋਏ ਦਿਖਾਈ ਦਿੱਤੇ।
ਮਾਹੌਲ ਨੂੰ ਤਣਾਅਪੂਰਨ ਹੁੰਦਾ ਦੇਖ ਕੇ ਸੁਨੀਲ ਜਾਖੜ ਨੇ ਨੇਤਾਵਾਂ ਨੂੰ ਸ਼ਾਂਤ ਕਰਵਾਇਆ ਅਤੇ ਉਨ੍ਹਾਂ ਨੂੰ ਧੜੇਬੰਦੀ ਤੋਂ ਉੱਤੇ ਉੱਠ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਪਰ ਇਸ ਮੀਟਿੰਗ 'ਚ ਹੋਏ ਹੱਲੇ ਨੇ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ 'ਚ ਚੱਲ ਰਹੀ ਧੜੇਬੰਦੀ ਨੂੰ ਸਾਰਿਆਂ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਆਉਣ ਵਾਲੀਆਂ ਚੋਣਾਂ 'ਚ ਆਪਸੀ ਗੁੱਟਬਾਜ਼ੀ ਨੂੰ ਕਿਵੇਂ ਖਤਮ ਕਰਦੀ ਹੈ।