ਕਾਂਗਰਸ ਪਾਰਟੀ ਉਮੀਦਵਾਰ ਦੀ ਯੋਗਤਾ ਦੇ ਆਧਾਰ ''ਤੇ ਟਿਕਟਾਂ ਦੀ ਕਰੇਗੀ ਵੰਡ : ਸੁਖਜਿੰਦਰ

11/18/2017 5:43:53 AM

ਅੰਮ੍ਰਿਤਸਰ,   (ਵਾਲੀਆ)-  ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਨ੍ਹਾਂ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਦਾ ਪੰਜਾਬ 'ਚੋਂ ਰਾਜਨੀਤਕ ਤੌਰ 'ਤੇ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ ਤੇ ਕਾਂਗਰਸ ਪਾਰਟੀ ਦੀ ਬੜੀ ਵੱਡੀ ਜਿੱਤ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਗੁਰਦਾਸਪੁਰ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਿਵਾ ਕੇ ਸਿੱਧ ਕਰ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਖੁਸ਼ ਹਨ। ਸੁਖਜਿੰਦਰ ਔਜਲਾ ਨੇ ਕਿਹਾ ਕਿ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਦੇ ਵਰਕਰ ਪੂਰੀ ਤਰ੍ਹਾਂ ਤਿਆਰ ਹਨ ਅਤੇ ਉਨ੍ਹਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਕਾਂਗਰਸੀ ਵਰਕਰ ਬੂਥ ਪੱਧਰ 'ਤੇ ਇਨ੍ਹਾਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ।
ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਉਮੀਦਵਾਰ ਦੀਆਂ ਯੋਗਤਾਵਾਂ, ਪਾਰਟੀ ਪ੍ਰਤੀ ਸੇਵਾਵਾਂ, ਵਫਾਦਾਰੀ ਅਤੇ ਪਾਰਟੀ ਪ੍ਰਤੀ ਕੀਤੇ ਕੰਮ, ਇਲਾਕੇ 'ਚ ਵੱਕਾਰ, ਉਮੀਦਵਾਰ ਦਾ ਪਿਛੋਕੜ ਤੇ ਸਮਾਜ ਸੇਵੀ ਭਾਵਨਾ ਆਦਿ ਨੂੰ ਦੇਖ ਕੇ ਹੀ ਟਿਕਟਾਂ ਦੀ ਵੰਡ ਕਰੇਗੀ। ਇਸ ਮੌਕੇ ਹਲਕਾ ਪੱਛਮੀ ਦੇ ਸੀਨੀਅਰ ਆਗੂ ਪਿੰ੍ਰਸ ਗੁੰਮਟਾਲਾ ਵੀ ਹਾਜ਼ਰ ਸਨ।