ਸਰਵੇ ਦੇ ਆਧਾਰ ’ਤੇ ਹੀ ਪੰਜਾਬ ’ਚ ਵਿਧਾਨ ਸਭਾ ਟਿਕਟਾਂ ਵੰਡੇਗੀ ਕਾਂਗਰਸ

12/14/2021 11:08:36 PM

ਗੋਕੁਲ ਬੁਟੇਲ ਬੋਲੇ,‘ਭਾਜਪਾ ’ਚ ਸਿਰਫ ਮੋਦੀ ਨਾਂ ਦਾ ਗੁਣਗਾਣ, ਕਾਂਗਰਸ ’ਚ ਸਾਰਿਆਂ ਨੂੰ ਮਾਨ-ਸਨਮਾਨ

ਕਾਂਗਰਸ ਨੇ ਸਾਰਿਆਂ ਨੂੰ ਮਾਨ-ਸਨਮਾਨ ਦਿੱਤਾ ਹੈ। ਭਾਜਪਾ ’ਚ ਸਿਰਫ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਦਾ ਗੁਣਗਾਣ ਹੁੰਦਾ ਹੈ। ਜੇ ਕਹੀਏ ਤਾਂ ਹਰਿਆਣਾ ’ਚ ਭਾਜਪਾ ਸੀ. ਐੱਮ. ਖੱਟੜ ਦੇ ਨਾਂ ’ਤੇ ਚੋਣ ਨਹੀਂ ਲੜੇਗੀ, ਇਸੇ ਤਰ੍ਹਾਂ ਹਿਮਾਚਲ ’ਚ ਵੀ ਜੈਰਾਮ ਠਾਕੁਰ ਅਤੇ ਉੱਤਰਾਖੰਡ ’ਚ ਪੁਸ਼ਕਰ ਸਿੰਘ ਧਾਮੀ ਨਹੀਂ, ਸਿਰਫ ਮੋਦੀ ਦੇ ਨਾਂ ’ਤੇ ਚੋਣਾਂ ਲੜੀਆਂ ਜਾਣਗੀਆਂ। ਕਾਂਗਰਸ ’ਚ ਪਾਰਟੀ ਨੌਜਵਾਨਾਂ ਦੇ ਨਾਲ ਹੀ ਨਵੇਂ ਚਿਹਰਿਆਂ ਨੂੰ ਅੱਗੇ ਲਿਆ ਰਹੀ ਹੈ। ਪੰਜਾਬ ’ਚ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆ ਕੇ ਸੰਦੇਸ਼ ਦਿੱਤਾ ਹੈ ਜਦਕਿ ਭਾਜਪਾ ’ਚ ਉਭਰਦੇ ਨੇਤਾ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਮਿਸ਼ਨ ਰਿਪੀਟ ਦੇ ਸੁਪਨੇ ਨੂੰ ਪੂਰਾ ਕਰਨ ਲਈ ਚੋਣ ਰਣਨੀਤੀ ਅਤੇ ਰੋਡ ਮੈਪ ਤਿਆਰ ਕਰਨ ’ਚ ਲੱਗੇ ਚੋਣ ਕੰਟ੍ਰੋਲ ਰੂਮ ਦੇ ਇੰਚਾਰਜ ਗੋਕੁਲ ਬੁਟੇਲ ਨੇ ਸਾਡੇ ਪੰਕਜ ਰਾਕਟਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ। ਕਾਂਗਰਸ ਹਾਈ ਕਮਾਨ ਨੇ ਇਕ ਆਮ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਹੈ। ਇਸ ਨਾਲ ਪਾਰਟੀ ਵਰਕਰਾਂ ਦਾ ਮਨੋਬਲ ਵਧਿਆ ਹੈ।

ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ
ਕਿਸਾਨ ਅੰਦੋਲਨ ਖਤਮ ਹੋਣ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਗੋਕੁਲ ਬੁਟੇਲ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਅੱਗੇ ਕੇਂਦਰ ਦੀ ਤਾਨਾਸ਼ਾਹ ਸਰਕਾਰ ਨੂੰ ਝੁਕਣਾ ਹੀ ਪਿਆ। ਕਾਗਰਸ ਵੀ ਇਹੀ ਮੰਗ ਕਰ ਰਹੀ ਸੀ। ਸਰਕਾਰ ਨੇ ਦੇਰ ਨਾਲ ਫੈਸਲਾ ਕੀਤਾ। ਇਹ ਕਿਸਾਨ ਅੰਦੋਲਨ ਦੀ ਜਿੱਤ ਹੈ, ਉਨ੍ਹਾਂ 700 ਕਿਸਾਨਾਂ ਦੀ ਜਿੱਤ ਹੈ, ਜਿਨ੍ਹਾਂ ਨੇ ਸੰਘਰਸ਼ ’ਚ ਆਪਣੀਆਂ ਜਾਨਾਂ ਦਿੱਤੀਆਂ।

ਉੱਪ ਚੋਣ ਨਤੀਜਿਆਂ ਨੇ ਸੁੱਤੀ ਹੋਈ ਸਰਕਾਰ ਨੂੰ ਜਗਾਇਆ
ਹਿਮਾਚਲ ਉੱਪ ਚੋਣ ’ਚ ਕਾਂਗਰਸ ਦੀ ਜਿੱਤ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਗੋਕੁਲ ਬੁਟੇਲ ਨੇ ਕਿਹਾ ਕਿ ਸੂਬੇ ’ਚ ਪਾਰਟੀ ਨੇ 4 ਸੀਟਾਂ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਨਾਲ ਪੂਰੇ ਦੇਸ਼ ’ਚ ਤਾਨਾਸ਼ਾਹ ਸਰਕਾਰ ਵਿਰੁੱਧ ਇਕ ਮੈਸੇਜ ਗਿਆ ਹੈ। ਵਰਕਰਾਂ ’ਚ ਵੀ ਜੋਸ਼ ਪੈਦਾ ਹੋਇਆ ਹੈ। ਜਿਹੜੀ ਸਰਕਾਰ ਵਧਦੀ ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਮੁੱਦੇ ’ਤੇ ਸੁੱਤੀ ਪਈ ਸੀ, ਉਸ ਨੂੰ ਜਗਾਉਣ ਦਾ ਕੰਮ ਉੱਪ ਚੋਣਾਂ ਦੇ ਨਤੀਜਿਆਂ ਨੇ ਕੀਤਾ ਹੈ।

ਨਸ਼ਾਖੋਰੀ ਚਿੰਤਾ ਦਾ ਵਿਸ਼ਾ, ਬਾਰਡਰਾਂ ’ਤੇ ਚੈਕਿੰਗ ਵਧਾਈ ਜਾਵੇ
ਪੰਜਾਬ ਤੋਂ ਹਿਮਾਚਲ ’ਚ ਨਸ਼ੇ ਦੀ ਸਮੱਗਲਿੰਗ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਗੋਕੁਲ ਬੁਟੇਲ ਨੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਕੁਝ ਸਾਲਾਂ ’ਚ ਹਿਮਾਚਲ ’ਚ ਗੁਆਂਢੀ ਸੂਬਿਆਂ ਤੋਂ ਸਮੱਗਲਿੰਗ ਵਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਬੀਤੀਆਂ ਚੋਣਾਂ ’ਚ ਨਸ਼ਾ ਇਕ ਵੱਡਾ ਮੁੱਦਾ ਸੀ। ਇਸ ਦਿਸ਼ਾ ’ਚ ਕੰਮ ਹੋਇਆ। ਪੰਜਾਬ ’ਚ ਪਿਛਲੀਆਂ ਸਰਕਾਰਾਂ ਨੇ ਨਸ਼ਾਖੋਰੀ ਨੂੰ ਬੜਾਵਾ ਦੇਣ ਦਾ ਕੰਮ ਕੀਤਾ, ਜਿਸ ਨਾਲ ਹਾਲਾਤ ਕਾਫੀ ਵਿਗੜ ਗਏ ਸਨ। ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹਿਮਾਚਲ ਸਰਕਾਰ ਨੂੰ ਵੀ ਚਾਹੀਦਾ ਕਿ ਬਾਰਡਰ ’ਤੇ ਚੈਕਿੰਗ ਵਧਾਏ। ਸਮਾਂ ਰਹਿੰਦੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ।

ਗੋਕੁਲ ਬੁਟੇਲ ਦਾ ਪਰਿਚੈ
ਗੋਕੁਲ ਬੁਟੇਲ ਪਿਛਲੀ ਕਾਂਗਰਸ ਸਰਕਾਰ ’ਚ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਆਈ. ਟੀ. ਸਲਾਹਕਾਰ ਦੇ ਰੂਪ ’ਚ ਕੰਮ ਕਰ ਚੁੱਕੇ ਹਨ ਅਤੇ ਪਾਲਮਪੁਰ ਦੇ ਬੁਟੇਲ ਪਰਿਵਾਰ ਨਾਲ ਸਬੰਧਤ ਹਨ। ਗੋਕੁਲ ਬੁਟੇਲ ਅਮਰੀਕਾ ਤੋਂ ਏਅਰੋਸਪੇਸ ਇੰਜੀਨੀਅਰ ਅਤੇ ਪਾਇਲਟ ਹਨ ਅਤੇ ਅਮਰੀਕੀ ਸਰਕਾਰ ਨਾਲ ਵੀ ਕੰਮ ਕਰ ਚੁੱਕੇ ਹਨ। ਆਸਾਮ ਅਤੇ ਰਾਜਸਥਾਨ ਚੋਣਾਂ ਦੇ ਨਾਲ ਹੀ ਲੋਕ ਸਭਾ ਚੋਣਾਂ ’ਚ ਇਲੈਕਸ਼ਨ ਕੰਟ੍ਰੋਲ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਗੋਕੁਲ ਮੌਜੂਦਾ ਸਮੇਂ ’ਚ ਏ. ਆਈ. ਸੀ. ਸੀ. ਦੇ ਸਹਿ-ਸਕੱਤਰ ਅਤੇ ਪੰਜਾਬ ਇਲੈਕਸ਼ਨ ਕੰਟ੍ਰੋਲ ਰੂਮ ਦੇ ਇੰਚਾਰਜ ਹਨ।

ਵਿਚਾਰਾਂ ਦੇ ਮਤਭੇਦ ਹਨ, ਸਿੱਧੂ ਵੀ ਇਹ ਕਹਿੰਦੇ ਹਨ ਕਿ ਛੇਤੀ ਐਕਸ਼ਨ ਹੋਵੇ
ਪੰਜਾਬ ’ਚ ਸੱਤਾ-ਸੰਗਠਨ ਵਿਚਾਲੇ ਜਾਰੀ ਵਿਰੋਧ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਬੁਟੇਲ ਨੇ ਕਿਹਾ ਕਿ ਸਿਰਫ ਅਤੇ ਸਿਰਫ ਵਿਚਾਰਾਂ ਦੇ ਮਤਭੇਦ ਹਨ। ਸਿੱਧੂ ਵੀ ਇਹ ਕਹਿੰਦੇ ਹਨ ਕਿ ਛੇਤੀ ਐਕਸ਼ਨ ਹੋਵੇ। ਸੰਗਠਨ ਵੱਲੋਂ ਉਨ੍ਹਾਂ ਦੀ ਮਣਸ਼ਾ ਸਾਫ ਹੈ, ਸਵਾਲ ਨਹੀਂ ਚੁੱਕੇ ਹਨ। ਗੋਕੁਲ ਬੁਟੇਲ ਤੋਂ ਜਦ ਪੁੱਛਿਆ ਗਿਆ ਕਿ ਪੰਜਾਬ ’ਚ ਮੁੱਖ ਮੰਤਰੀ ਦਾ ਚਿਹਰਾ ਬਦਲਿਆ ਗਿਆ ਹੈ, ਕੁਝ ਹੋਰ ਚਿਹਰਿਆਂ ’ਤੇ ਵੀ ਸਵਾਲ ਉਠ ਰਹੇ ਹਨ, ਅਜਿਹੇ ’ਚ ਕੀ ਚੋਣ ਟਿਕਟਾਂ ’ਚ ਬਦਲਾਅ ਹੋ ਸਕਦਾ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਇਸ ਵਾਰ ਸਰਵੇ ਦੇ ਆਧਾਰ ’ਤੇ ਹੀ ਟਿਕਟਾਂ ਤੈਅ ਹੋਣਗੀਆਂ। ਸੰਗਠਨ ਨਾਲ ਜੁੜੇ ਮਜ਼ਬੂਤ ਚਿਹਰਿਆਂ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇਗਾ। ਕਾਂਗਰਸ ’ਚ ਰਾਸ਼ਟਰੀ ਪੱਧਰ ਤੋਂ ਲੈ ਕੇ ਸੂਬਾ ਪੱਧਰ ’ਤੇ ਲੀਡਰਸ਼ਿਪ ਨੂੰ ਲੈ ਕੇ ਚੱਲੀ ਖਿੱਚੋਤਾਨ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਬੁਟੇਲ ਨੇ ਕਿਹਾ ਕਿ ਕਾਂਗਰਸ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧ ਰਹੀ ਹੈ। ਕੋਵਿਡ-19 ਦੇ ਕਾਰਣ ਪਾਰਟੀ ਦੀਆਂ ਸੰਗਠਨ ਚੋਣਾਂ ਸਮੇਂ ’ਤੇ ਨਹੀਂ ਹੋ ਸਕੀਆਂ। ਸ਼ੈਡਿਊਲ ਵੀ ਜਾਰੀ ਹੋਇਆ ਹੈ। ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ’ਚ ਸੰਗਠਨ ਅੱਗੇ ਵਧ ਰਿਹਾ ਹੈ।

Anuradha

This news is Content Editor Anuradha