ਕਾਂਗਰਸ ਅਤੇ ਸਿੱਖ ਫਾਰ ਜਸਟਿਸ ਸੰਗਠਨ ਵਿਚਾਲੇ ਆਪਸੀ ਟਕਰਾਅ ਹੋਰ ਵਧਿਆ

09/05/2017 10:34:43 AM

ਜਲੰਧਰ (ਧਵਨ)—ਕਾਂਗਰਸ ਅਤੇ ਸਿੱਖ ਫਾਰ ਜਸਟਿਸ ਸੰਗਠਨ ਵਿਚਾਲੇ ਆਪਸੀ ਟਕਰਾਅ ਹੋਰ ਵਧ ਗਿਆ ਹੈ। ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਨੇ ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਦੇ ਕੈਨੇਡਾ ਦੌਰੇ ਦਾ ਵਿਰੋਧ ਕੀਤਾ ਸੀ। ਹੁਣ ਇਸ ਸੰਗਠਨ ਨੇ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਹੁਲ ਗਾਂਧੀ 11 ਸਤੰਬਰ ਨੂੰ ਯੂਨੀਵਰਸਿਟੀ ਆਫ ਕੈਲੀਫੋਰਨੀਆ (ਬਾਰਕਲੇ) ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਜਾ ਰਹੇ ਹਨ। ਸਿੱਖ ਫਾਰ ਜਸਟਿਸ ਦੇ ਨੇਤਾਵਾਂ  ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਰਾਹੁਲ ਗਾਂਧੀ ਨੂੰ ਦਿੱਤੇ ਸੱਦੇ ਨੂੰ ਵਾਪਿਸ ਲੈਣ ਕਿਉਂਕਿ ਕਾਂਗਰਸ ਨਵੰਬਰ 1984 ਦੇ ਸਿੱਖ ਦੰਗਿਆਂ ਲਈ ਜ਼ਿੰਮੇਵਾਰ ਹੈ। 
ਸਿੱਖ ਫਾਰ ਜਸਟਿਸ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਅਜੇ ਵੀ ਟਕਰਾਅ ਚੱਲ ਰਿਹਾ ਹੈ। ਪਿਛਲੇ ਸਾਲ ਤੋਂ ਇਸ ਸੰਗਠਨ ਨੇ ਕੈਪਟਨ ਦੇ ਦੌਰੇ ਦਾ ਵਿਰੋਧ ਕੀਤਾ ਹੀ ਸੀ ਪਰ ਨਾਲ ਹੀ ਉਸਨੇ ਹੁਣ ਪਿਛਲੇ ਦਿਨੀਂ ਸਿੱਖ ਰਿਫ੍ਰੈਂਡਮ 2020 ਦੇ ਨਾਂ 'ਤੇ ਇਕ ਨਵੀਂ ਮੁਹਿੰਮ ਵਿਦੇਸ਼ਾਂ ਵਿਚ ਛੇੜ ਦਿੱਤੀ, ਜਿਸ ਤੋਂ ਬਾਅਦ ਸੂਬੇ ਦੀ ਪੁਲਸ ਨੇ ਇਸ ਸੰਗਠਨ ਨਾਲ ਜੁੜੇ ਕਈ ਮੈਂਬਰਾਂ ਦੀ ਗ੍ਰਿਫਤਾਰੀ ਲਈ ਨੋਟਿਸ ਵੀ ਜਾਰੀ ਕੀਤੇ।

ਕਾਂਗਰਸ ਸਿੱਖ ਫਾਰ ਜਸਟਿਸ ਨੂੰ ਬੇਨਕਾਬ ਕਰੇਗੀ 
ਸਿੱਖ ਫਾਰ ਜਸਟਿਸ ਨੇ ਰਾਹੁਲ ਗਾਂਧੀ ਦੇ ਦੌਰੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਵੀ ਕਾਂਗਰਸ ਅੰਦਰ ਤਿੱਖੀ ਪ੍ਰਤੀਕਿਰਿਆ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸੰਗਠਨ ਦੀਆਂ ਸਰਗਰਮੀਆਂ ਤੋਂ ਖੁਸ਼ ਨਹੀਂ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸਿੱਖ ਫਾਰ ਜਸਟਿਸ ਨਾਂ ਦੇ ਸੰਗਠਨ ਨੂੰ ਕਾਂਗਰਸੀ ਨੇਤਾਵਾਂ ਦੇ ਦੌਰੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿਚ ਵਸੇ ਸਿੱਖ ਭਾਈਚਾਰੇ ਦਾ ਵੀ ਸਮਰਥਨ ਇਸ ਸੰਗਠਨ ਨੂੰ ਹਾਸਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਪੂਰੀ ਦੁਨੀਆ ਵਿਚ ਵਸੇ ਲੋਕ ਪੰਜਾਬ 'ਚ ਅਮਨ ਅਤੇ ਸ਼ਾਂਤੀ ਚਾਹੁੰਦੇ ਹਨ। ਪਹਿਲਾਂ ਹੀ ਪੰਜਾਬ ਨੇ ਕਾਫੀ ਸੰਤਾਪ ਸਹਿਣ ਕੀਤਾ ਹੈ। ਦੂਜੇ ਪਾਸੇ ਇਸ ਸੰਗਠਨ ਨੇ ਕਿਹਾ ਹੈ ਕਿ ਰਾਹੁਲ ਉਸ ਕਾਂਗਰਸ ਪਾਰਟੀ ਨਾਲ ਜੁੜਿਆ ਹੈ, ਜਿਸ ਨੇ ਸਿੱਖਾਂ 'ਤੇ ਹੁਣ ਤਕ ਜ਼ਿਆਦਤੀਆਂ ਕੀਤੀਆਂ ਹਨ। ਇਸ ਲਈ ਉਨ੍ਹਾਂ ਨੂੰ ਅਮਰੀਕਾ ਸੱਦਣ ਦੇ ਫੈਸਲੇ 'ਤੇ ਯੂਨੀਵਰਸਿਟੀ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ। ਇਸ ਸੰਗਠਨ ਨੇ ਤਾਂ ਇਸ ਸੰਬੰਧ ਵਿਚ ਯੂਨੀਵਰਸਿਟੀ ਨੂੰ ਇਕ ਪੱਤਰ ਵੀ ਲਿਖ ਦਿੱਤਾ ਹੈ। ਦੂਜੇ ਪਾਸੇ ਕਾਂਗਰਸੀ ਖੇਤਰਾਂ ਨੇ ਦੱਸਿਆ ਕਿ ਸਿੱਖ ਫਾਰ ਜਸਟਿਸ ਵਲੋਂ ਰਾਹੁਲ ਦੇ ਦੌਰੇ ਦਾ ਵਿਰੋਧ ਕਰਨ ਦੇ ਬਾਵਜੂਦ ਰਾਹੁਲ ਆਪਣੇ ਪ੍ਰੋਗਰਾਮ 'ਤੇ ਕਾਇਮ ਹੈ।