ਕੈਬਨਿਟ ''ਚ ਅੱਤਵਾਦੀ ਪਾਲ ਰਹੀ ਕਾਂਗਰਸ : ਹਰਪਾਲ ਚੀਮਾ

03/07/2020 8:55:25 PM

ਚੰਡੀਗੜ੍ਹ,(ਸ਼ਰਮਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ 'ਤੇ ਕੈਬਨਿਟ 'ਚ ਅੱਤਵਾਦੀ ਪਾਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਤੋਂ ਉਪਰ ਨਹੀਂ ਹਨ। ਉਨ੍ਹਾਂ (ਕੈਪਟਨ) ਵਲੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕਲੀਨ ਚਿਟ ਦੇਣ ਨਾਲ ਆਸ਼ੂ ਦਾ ਪਿਛੋਕੜ ਪਾਕ-ਸਾਫ਼ ਨਹੀਂ ਹੋ ਜਾਂਦਾ। 'ਆਪ' ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਚੀਮਾ ਨੇ ਕਿਹਾ ਕਿ ਜੇਕਰ ਕਾਂਗਰਸ ਥੋੜ੍ਹੀ ਬਹੁਤ ਵੀ ਸੰਵੇਦਨਸ਼ੀਲ ਹੁੰਦੀ ਤਾਂ ਆਸ਼ੂ ਨੂੰ ਤੁਰੰਤ ਮੰਤਰੀ ਮੰਡਲ 'ਚੋਂ ਬਰਖ਼ਾਸਤ ਕਰਦੀ ਅਤੇ ਇਕ ਜ਼ਿੰਮੇਵਾਰ ਵਿਅਕਤੀ ਵਜੋਂ ਆਸ਼ੂ ਨੂੰ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਆਖਦੀ ਪਰ ਗਾਂਧੀ ਪਰਿਵਾਰ ਦੀ ਸਿੱਧੀ ਮਿਹਰਬਾਨੀ ਕਰਕੇ ਪਹਿਲਾਂ ਵਿਧਾਇਕ ਅਤੇ ਫਿਰ ਮੰਤਰੀ ਦੇ ਅਹੁਦੇ ਤੱਕ ਪੁੱਜੇ ਭਾਰਤ ਭੂਸ਼ਣ ਆਸ਼ੂ ਨੂੰ ਇੰਨੇ ਗੰਭੀਰ ਦੋਸ਼ਾਂ ਦੇ ਬਾਵਜੂਦ ਮੰਤਰੀ ਬਣਾਉਣ 'ਚ ਕੈਪਟਨ ਅਮਰਿੰਦਰ ਨੇ ਇਕ ਮਿੰਟ ਵੀ ਨਹੀਂ ਲਾਇਆ। ਇਹ ਸਭ ਗਾਂਧੀ ਪਰਿਵਾਰ ਦੇ ਦਬਾਅ ਅਤੇ ਪ੍ਰਭਾਵ ਦਾ ਨਤੀਜਾ ਹੈ।

ਚੀਮਾ ਨੇ ਕਿਹਾ ਕਿ ਗਾਂਧੀ ਪਰਿਵਾਰ, ਕੈਪਟਨ ਅਤੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਗੁੜ ਮੰਡੀ ਬੰਬ ਧਮਾਕੇ ਦੇ ਪੀੜਤ ਪਰਿਵਾਰ ਸਮੇਤ ਉਨ੍ਹਾਂ 3 ਔਰਤਾਂ ਦੇ ਪਰਿਵਾਰਾਂ ਨੂੰ ਕਿਹੜੇ ਮੂੰਹ ਨਾਲ ਸਫ਼ਾਈਆਂ ਦੇਣਗੇ, ਜਿਨ੍ਹਾਂ ਨੂੰ ਉਜਾੜਨ 'ਚ ਆਸ਼ੂ ਦੀ ਸਿੱਧੀ ਭੂਮਿਕਾ ਰਹੀ ਹੈ। ਚੀਮਾ ਨੇ ਕਿਹਾ ਕਿ ਇਹ ਕੋਈ ਹੋਰ ਨਹੀਂ ਸਗੋਂ ਇਕਬਾਲੀਆ ਬਿਆਨਾਂ 'ਚ ਆਸ਼ੂ ਖ਼ੁਦ ਆਪਣੇ ਮੂੰਹੋਂ ਮੰਨੇ ਹਨ। ਚੀਮਾ ਨੇ ਕਿਹਾ ਕਿ ਕਾਨੂੰਨ ਦੇ ਰਾਜ 'ਚ ਅਜਿਹਾ ਕਦੇ ਨਹੀਂ ਹੋ ਸਕਦਾ ਕਿ ਮਿਲੀਭੁਗਤ ਨਾਲ 3 ਗੰਭੀਰ ਕੇਸਾਂ ਨੂੰ ਨਿਪਟਾਏ ਵਗੈਰ ਹੀ ਦਬਾ ਦਿੱਤਾ ਗਿਆ ਹੋਵੇ। ਇਸ ਸਬੰਧੀ ਆਮ ਆਦਮੀ ਪਾਰਟੀ ਦਾ ਵਫ਼ਦ ਛੇਤੀ ਹੀ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਕੇ ਆਸ਼ੂ ਦੀ ਮੰਤਰੀ ਮੰਡਲ 'ਚੋਂ ਛੁੱਟੀ ਕਰਨ ਅਤੇ ਉਸ ਦੇ ਕੇਸ ਮੁੜ ਖੋਲ੍ਹਣ ਦੀ ਮੰਗ ਕਰੇਗਾ।