ਆਖਿਰਕਾਰ ਕਿਸਦੇ ਆਸ਼ੀਰਵਾਦ ਨਾਲ ਜਲਾਲਾਬਾਦ ''ਚ ਚੱਲ ਰਿਹਾ ਹੈ ਰੇਤ ਨਿਕਾਸੀ ਦਾ ਕੰਮ!

03/26/2017 5:40:16 PM

ਜਲਾਲਾਬਾਦ (ਸੇਤੀਆ) : ਸੱਤਾ ਪਰਿਵਰਤਨ ਤੋਂ ਬਾਅਦ ਜਲਾਲਾਬਾਦ ਵਿਧਾਨ ਸਭਾ ਹਲਕੇ ਅੰਦਰ ਮੁਨਾਫੇ ਵਾਲੇ ਕੰਮਾਂ ਨੂੰ ਲੈ ਕੇ ਕਾਂਗਰਸੀਆਂ ਵਿਚਾਲੇ ਆਪਸੀ ਉਲਝਣ ਵੱਧਦੀ ਜਾ ਰਹੀ ਹੈ ਕਿਉਂਕਿ ਜਲਾਲਾਬਾਦ ਵਿਚ ਕਾਂਗਰਸ ਦੀ ਗੁੱਟਬਾਜ਼ੀ ਦੇ ਚਲਦਿਆਂ ਜਿੱਥੇ ਟਰੱਕ ਯੂਨੀਅਨ ਦੇ ਕਾਰਜਭਾਰ ਸੰਭਾਲਣ ਨੂੰ ਲੈ ਕੇ ਖਿੱਚੋਤਾਨ ਹੈ, ਉਥੇ ਹੀ ਦੂਜੇ ਪਾਸੇ ਰੇਤ ਨਿਕਾਸੀ ਦਾ ਕੰਮ ਵੀ ਜ਼ੋਰ ਫੜ੍ਹਦਾ ਜਾ ਰਿਹਾ ਹੈ ਪਰ ਆਖਿਰਕਾਰ ਇਹ ਕੰਮ ਕਿਨ੍ਹਾਂ ਲੋਕਾਂ ਦੇ ਆਸ਼ੀਰਵਾਦ ਨਾਲ ਚੱਲ ਰਿਹਾ ਹੈ। ਇਸ ''ਤੇ ਵੀ ਪ੍ਰਸ਼ਨ ਉੱਠਣ ਲੱਗ ਪਏ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ਸੰਭਾਲਣ ਤੋਂ ਪਹਿਲਾਂ ਸੂਬੇ ਦੀ ਜਨਤਾ ਨਾਲ ਵਾਅਦੇ ਕੀਤੇ ਸਨ ਕਿ ਰੇਤ ਮਾਫੀਆ ਨੂੰ ਪੂਰੀ ਤਰ੍ਹਾਂ ਸਮਾਪਤ ਕਰਨ ਅਤੇ ਵਪਾਰੀ ਵਰਗ ਨੂੰ ਪ੍ਰੇਸ਼ਾਨੀਆਂ ਨੂੰ ਦੂਰ ਕਰਨਾ ਅਹਿਮ ਮੁੱਦਾ ਹੋਵੇਗਾ ਪਰ ਹੁਣ ਸੱਤਾ ਬਦਲੀ ਹੈ। ਜਿਹੜੇ ਕੰਮ ਅਕਾਲੀ ਦਲ ਦੇ ਸਮੇਂ ਚੱਲ ਰਹੇ ਸਨ ਉਹੀ ਕਾਂਗਰਸ ਵਿਚ ਵੀ ਚੱਲ ਰਹੇ ਹਨ।
ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਦੇ ਹੁਕਮਾਂ ''ਤੇ ਮਾਈਨਿੰਗ ਅਧਿਕਾਰੀਆਂ ਨੇ ਕੁੱਝ ਦਿਨ ਪਹਿਲਾਂ ਪਿੰਡ ਸੁਖੇਰਾ ਬੋਦਲਾ, ਢੰਡੀਆ ਅਤੇ ਘੁਬਾਇਆ ਅਤੇ ਹੋਰਨਾਂ ਪਿੰਡਾਂ ਵਿਚ ਕਾਰਵਾਈ ਕਰਦੇ ਹੋਏ 5 ਲੋਕਾਂ ਖਿਲਾਫ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਕੀਤਾ ਸੀ ਅਤੇ ਇਕ ਜੇ. ਸੀ. ਬੀ. ਮਸ਼ੀਨ ਅਤੇ ਦੋ ਟਰੈਕਟਰ ਟ੍ਰਾਲੀਆਂ ਨੂੰ ਵੀ ਕਬਜ਼ੇ ਵਿਚ ਲਿਆ ਸੀ। ਇਹ ਜੇ. ਸੀ. ਬੀ. ਮਸ਼ੀਨ ਘੁਬਾਇਆ ਚੌਕੀ ਵਿੱਚ ਖੜ੍ਹੀ ਹੈ ਪਰ ਪੁਲਸ ਅਜੇ ਤੱਕ ਮਾਲਕ ਦਾ ਪਤਾ ਨਹੀਂ ਲਗਾ ਸਕੀ ਜਦਕਿ ਜੇ. ਸੀ. ਬੀ. ਮਸ਼ੀਨ ''ਤੇ ਮੌਜੂਦ ਨੰਬਰ ਤੋਂ ਹੀ ਮਾਲਕ ਦਾ ਪਤਾ ਲਗਾਇਆ ਜਾ ਸਕਦਾ ਹੈ।
ਸਵਾਲ ਇਹ ਵੀ ਉੱਠਦਾ ਹੈ ਕਿ ਆਖਿਰਕਾਰ ਰੇਤ ਦੀ ਨਾਜਾਇਜ਼ ਨਿਕਾਸੀ ਦਾ ਕੰਮ ਕਿੰਨ੍ਹਾਂ ਲੋਕਾਂ ਦੇ ਆਸ਼ੀਰਵਾਦ ਨਾਲ ਚੱਲ ਰਿਹਾ ਹੈ ਅਤੇ ਜੇਕਰ ਕੁੱਝ ਕਾਰਵਾਈ ਹੋਈ ਹੈ ਤਾਂ ਉਸ ਵਿਚ ਵੀ ਗੁੱਟਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਸੂਤਰਾਂ ਅਨੁਸਾਰ ਕੁੱਝ ਲੋਕ ਲੁਧਿਆਣਾ ਤੋਂ ਹੀ ਬੈਠ ਕੇ ਰੇਤ ਦਾ ਕੰਮ ਚਲਾ ਰਹੇ ਹਨ ਅਤੇ ਜਿਸ ਦਿਨ ਇਹ ਕਾਰਵਾਈ ਹੋਈ ਉਸ ਦਿਨ ਜਲਾਲਾਬਾਦ ਨਾਲ ਸੰਬੰਧਤ ਇੱਕ ਸਿਆਸੀ ਆਗੂ ਦੇ ਰਿਸ਼ਤੇਦਾਰ ਦੀ ਮਸ਼ੀਨ ਮੌਜੂਦ ਸੀ ਜਦਕਿ ਦੂਜੀ ਪਾਰਟੀ ''ਚ ਕੋਈ ਵੀ ਮੌਕੇ ''ਤੇ ਨਹੀਂ ਮਿਲਿਆ। ਹੋ ਸਕਦਾ ਹੈ ਕਿ ਇਸ਼ਾਰਿਆਂ ਇਸ਼ਾਰਿਆਂ ਵਿਚ ਇਸ ਦੀ ਸੂਚਨਾ ਪਹੁੰਚ ਗਈ ਹੋਵੇ।ਇਸ ਸੰਬੰਧੀ ਜਦ ਥਾਣਾ ਸਦਰ ਦੇ ਮੁਖੀ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਜੇ. ਸੀ. ਬੀ. ਮਸ਼ੀਨ ਦੇ ਮਾਲਕ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਣਪਛਾਤੇ ਵਿਅਕਤੀਆਂ ''ਤੇ ਮਾਮਲਾ ਦਰਜ ਹੈ ਪਰ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਆਖਿਰਕਾਰ ਪੁਲਸ ਜੇ. ਸੀ. ਬੀ. ਦੇ ਮਾਲਕ ਦਾ ਪਤਾ ਕਿਉਂ ਨਹੀਂ ਲਗਾਉਣਾ ਚਾਹੁੰਦੀ ਹੈ।

Gurminder Singh

This news is Content Editor Gurminder Singh