ਕਾਂਗਰਸ ਅਤੇ ''ਆਪ'' ਦਾ ਸਾਰਾ ਜ਼ੋਰ ਪੰਜਾਬ ਨੂੰ ਬਦਨਾਮ ਕਰਨ ''ਤੇ ਲੱਗਾ : ਬ੍ਰਹਮਪੁਰਾ

07/25/2016 3:14:01 PM

ਤਰਨਤਾਰਨ (ਰਾਜੂ) — ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ 2017 ''ਚ ਪੰਜਾਬ ''ਚ ਲਗਾਤਾਰ ਤੀਸਰੀ ਵਾਰ ਆਪਣੀ ਸਰਕਾਰ ਬਣਾ ਕੇ ਸੂਬੇ ਦਾ ਵਿਕਾਸ ਤੇ ਲੋਕਾਂ ਦੀ ਸੇਵਾ ਜਾਰੀ ਰੱਖੇਗਾ। ਪੰਜਾਬ ਦੇ ਸਿਆਸੀ ਦ੍ਰਿਸ਼ ''ਤੇ ਇਹ ਤਸਵੀਰ ਬਿਲਕੁਲ ਸਪੱਸ਼ਟ ਹੋ ਗਈ ਹੈ ਕਿ ਜੋ ਵਿਕਾਸ ਦਾ ਏਜੰਡਾ ਅਕਾਲੀ-ਭਾਜਪਾ ਸਰਕਾਰ ਕੋਲ ਹੈ ਉਸਦੇ ਮੁਕਾਬਲੇ ਦੂਸਰੀਆਂ ਪਾਰਟੀਆਂ ਕੋਲ ਸਿਰਫ ਕੂੜ ਦੀ ਰਾਜਨੀਤੀ ਹੈ। ਇਹ ਪ੍ਰਗਟਾਵਾ ਕਰਦਿਆਂ ਹਲਕਾ ਖਡੂਰ ਸਾਹਿਬ ਦੇ ਵਿਧਾਨਕਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਆਪਣੇ ਸਾਢੇ 9 ਸਾਲਾਂ ਦੇ ਕਾਰਜਕਾਲ ਦੌਰਾਨ ਬਾਦਲ ਸਰਕਾਰ ਨੇ ਸੂਬੇ ਦਾ ਜੋ ਰਿਕਾਰਡ ਤੋੜ ਵਿਕਾਸ ਕੀਤਾ ਹੈ ਅਤੇ ਹਰ ਵਰਗ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਹਨ ਉਸ ਬਾਰੇ ਦੂਜੀਆਂ ਪਾਰਟੀਆਂ ਸੁਪਨੇ ਵਿਚ ਵੀ ਨਹੀਂ ਸੋਚ ਸਕਦੀਆਂ। ਵਿਧਾਇਕ ਬ੍ਰਹਮਪੁਰਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇਸ ਸਮੇਂ ਸਾਰਾ ਜ਼ੋਰ ਪੰਜਾਬ ਨੂੰ ਬਦਨਾਮ ਕਰਨ ''ਤੇ ਲੱਗਾ ਹੋਇਆ ਹੈ ਤਾਂ ਜੋ ਕੂੜ ਪ੍ਰਚਾਰ ਕਰਕੇ ਸੱਤਾ ਹਥਿਆ ਸਕਣ।
ਉਨ੍ਹਾਂ ਕਿਹਾ ਕਿ ਕਦੀ ਨਸ਼ਿਆਂ ਦੇ ਨਾਮ ''ਤੇ ਅਤੇ ਕਦੀ ਕੋਈ ਹੋਰ ਦੋਸ਼ ਲਗਾ ਕੇ ਪੂਰੀ ਦੁਨੀਆਂ ''ਚ ਬਹਾਦਰ ਪੰਜਾਬੀ ਕੌਮ ਨੂੰ ਭੰਡਣ ਵਾਲੀਆਂ ਇਹ ਪਾਰਟੀਆਂ ਕਦੀ ਵੀ ਸੱਤਾ ''ਚ ਨਹੀਂ ਆ ਸਕਦੀਆਂ ਕਿਉਂਕਿ ਸੂਬੇ ਦੇ ਲੋਕ ਹੁਣ ਇਨ੍ਹਾਂ ਦੀਆਂ ਚਾਲਾਂ ''ਚ ਆਉਣ ਵਾਲੇ ਨਹੀਂ ਹਨ। ਬ੍ਰਹਮਪੁਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਸੁਆਲ ਕੀਤਾ ਕਿ ਜਦੋਂ 5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਸੀ ਤਾਂ ਉਸ ਵੇਲੇ ਕੈਪਟਨ ਸਾਹਿਬ ਨੇ ਕਿਹੜੀ ਅਜਿਹੀ ਯੋਜਨਾ ਚਲਾਈ ਸੀ ਜਿਸ ਨਾਲ ਲੋਕਾਂ ਦਾ ਭਲਾ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਆਪਣੀ ਸਰਕਾਰ ਵੇਲੇ ਮਹਾਰਾਜੇ ਵਾਂਗ ਵਿਚਰਦੇ ਰਹੇ ਜਦਕਿ ਲੋਕਤੰਤਰੀ ਪ੍ਰਣਾਲੀ ''ਚ ਸੇਵਕ ਬਣ ਕੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਰਜਵਾੜੀਸ਼ਾਹੀ ਨੂੰ ਲੋਕ ਬਿਲਕੁਲ ਪਸੰਦ ਨਹੀਂ ਕਰਦੇ ਹਨ। ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਹਰ ਮੁਹਾਜ ''ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਕੇਜਰੀਵਾਲ ਚੋਣਾਂ ਦਰਮਿਆਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ ਹਨ। ਉਨ੍ਹਾਂ ਕਿਹਾ ਕਿ ਭਾਂਵੇ ਆਮ ਆਦਮੀ ਪਾਰਟੀ ਵੱਲੋਂ ਕੂੜ ਪ੍ਰਚਾਰ ਦਾ ਸਹਾਰਾ ਲੈ ਕੇ ਪੰਜਾਬੀਆਂ ਨੂੰ ਸਬਜ਼ਬਾਗ ਦਿਖਾਏ ਜਾ ਰਹੇ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਲੂੰਬੜ ਚਾਲਾਂ ''ਚ ਆਉਣ ਵਾਲੇ ਨਹੀਂ ਹਨ।

Gurminder Singh

This news is Content Editor Gurminder Singh